ਲੋਕ ਸਭਾ: ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜੀਐਮਸੀਐੱਚ-32 ਵਿੱਚ ਕਰਿਟਿਕਲ ਕੇਅਰ ਸੰਕਟ ਦਾ ਮਸਲਾ ਚੁੱਕਿਆ
ਜੀਐਮਸੀਐੱਚ-32 ਵਿੱਚ ਵੈਂਟੀਲੇਟਰਾਂ ਦਾ ਕੰਮ ਨਾ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ: ਤਿਵਾੜੀ
ਪ੍ਰਮੋਦ ਭਾਰਤੀ
ਚੰਡੀਗੜ੍ਹ, 23 ਮਾਰਚ,2026
ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਸੈਕਟਰ-32, ਚੰਡੀਗੜ੍ਹ ਵਿੱਚ ਕਰਿਟਿਕਲ ਕੇਅਰ ਸਹੂਲਤਾਂ ਦੀ ਹਾਲਤ ਬਾਰੇ ਗੰਭੀਰ ਚਿੰਤਾ ਜਤਾਈ ਹੈ। ਤਿਵਾੜੀ ਨੇ ਅਨਸਟਾਰਡ ਪ੍ਰਸ਼ਨ ਨੰਬਰ 4830 ਰਾਹੀਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਤੋਂ ਪੁੱਛਿਆ ਹੈ ਕਿ ਕੀ ਸਰਕਾਰ ਦੇ ਧਿਆਨ ਵਿੱਚ ਇਹ ਰਿਪੋਰਟਾਂ ਆਈਆਂ ਹਨ ਕਿ ਕੋਵਿਡ-19 ਮਹਾਮਾਰੀ ਦੌਰਾਨ ਮੁਹੱਈਆ ਕਰਵਾਏ ਗਏ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਇਸ ਵੇਲੇ ਕੰਮ ਕਰ ਰਹੇ ਹਨ, ਜਿਸ ਨਾਲ ਕਰਿਟਿਕਲ ਕੇਅਰ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।
ਤਿਵਾੜੀ ਨੇ ਜੀਐਮਸੀਐਚ ਨੂੰ ਮੁਹੱਈਆ ਕਰਵਾਏ ਗਏ ਕੁੱਲ ਵੈਂਟੀਲੇਟਰਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮੌਜੂਦਾ ਕਾਰਗਰ ਹਾਲਤ ਬਾਰੇ ਵੇਰਵੇ ਮੰਗੇ ਹਨ। ਸੰਸਦ ਮੈਂਬਰ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਮੁਰੰਮਤ ਅਤੇ ਸਪੇਅਰ ਪਾਰਟਸ ਦੀਆਂ ਸਮੱਸਿਆਵਾਂ ਕਾਰਨ ਵੈਂਟੀਲੇਟਰ ਗੈਰ-ਕਾਰਗਰ ਪਏ ਹਨ। ਉਨ੍ਹਾਂ ਨੇ ਜੀਐਮਸੀਐਚ-32 ਦੇ ਟ੍ਰਾਮਾ ਸੈਂਟਰ ਵਿੱਚ ਵੈਂਟੀਲੇਟਰਾਂ ਦੀ ਘਾਟ, ਤਕਨੀਕੀ ਕਰਮਚਾਰੀਆਂ ਅਤੇ ਸਿਖਲਾਈ ਪ੍ਰਾਪਤ ਸਟਾਫ ਦੀ ਘਾਟ, ਅਤੇ ਨਰਸਿੰਗ ਤੇ ਪੈਰਾ-ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਵੀ ਸਵਾਲ ਉਠਾਏ ਹਨ। ਇਸਦੇ ਨਾਲ ਹੀ, ਉਨ੍ਹਾਂ ਨੇ ਕਰਿਟਿਕਲ ਕੇਅਰ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਦਮਾਂ ਬਾਰੇ ਵੀ ਜਾਣਕਾਰੀ ਮੰਗੀ ਹੈ।
ਇਸ ਸਵਾਲ ਦਾ ਜਵਾਬ ਦਿੰਦਿਆਂ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਮੰਨਿਆ ਹੈ ਕਿ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਜੀਐਮਸੀਐਚ ਨੂੰ ਕੁੱਲ 99 ਵੈਂਟੀਲੇਟਰ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਇਨ੍ਹਾਂ ਵਿੱਚੋਂ ਇਸ ਵੇਲੇ ਕੇਵਲ 35 ਹੀ ਕਾਰਗਰ ਹਨ। ਜਦਕਿ ਜੀਐਮਸੀਐਚ ਦੇ ਟ੍ਰਾਮਾ ਸੈਂਟਰ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਗਿਣਤੀ ਕਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਆਈਸੀਯੂ ਉਪਕਰਨਾਂ ਲਈ ਕੰਪ੍ਰੀਹੈਂਸਿਵ ਐਨੂਅਲ ਮੈਨਟੇਨਸ ਕੋਂਟਰੈਕਟ (ਸੀਏਐਮਸੀ) ਲਾਗੂ ਹੈ, ਜਿਸ ਨਾਲ ਮੁਰੰਮਤ ਅਤੇ ਸੰਭਾਲ ਲਈ ਪ੍ਰਬੰਧ ਮੌਜੂਦ ਹਨ।
ਮਸਲੇ ਸਬੰਧੀ ਮੰਤਰੀ ਦੇ ਜਵਾਬ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ, ਤਿਵਾੜੀ ਨੇ ਕਿਹਾ ਕਿ ਸਥਿਤੀ ਕਾਫ਼ੀ ਚਿੰਤਾਜਨਕ ਹੈ, ਕਿਉਂਕਿ ਲਗਭਗ ਦੋ-ਤਿਹਾਈ ਵੈਂਟੀਲੇਟਰ ਗੈਰ-ਕਾਰਗਰ ਪਏ ਹਨ ਅਤੇ ਮੰਤਰੀ ਦਾ ਜਵਾਬ ਇਨ੍ਹਾਂ ਨੂੰ ਮੁੜ ਕਾਰਗਰ ਬਣਾਉਣ ਲਈ ਕੋਈ ਸਪਸ਼ਟ ਰੋਡਮੈਪ ਨਹੀਂ ਦਿੰਦਾ। ਇਹ ਕਹਿਣਾ ਕਿ ਮੁਰੰਮਤ ਲਈ ਕਰਾਰ ਮੌਜੂਦ ਹਨ, ਇਹ ਨਹੀਂ ਸਮਝਾਉਂਦਾ ਕਿ 64 ਵੈਂਟੀਲੇਟਰ ਅਜੇ ਵੀ ਕਿਉਂ ਚਾਲੂ ਨਹੀਂ ਹਨ।
ਚੰਡੀਗੜ੍ਹ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਮੰਤਰੀ ਵੱਲੋਂ ਟ੍ਰਾਮਾ ਸੈਂਟਰ ਵਿੱਚ ਡਾਕਟਰਾਂ ਅਤੇ ਨਰਸਿੰਗ ਸਟਾਫ ਦੀ ਲੋੜੀਂਦੀ ਉਪਲਬਧਤਾ ਬਾਰੇ ਦਿੱਤਾ ਗਿਆ ਬਿਆਨ, ਉਨ੍ਹਾਂ ਵੱਲੋਂ ਉਠਾਏ ਗਏ ਤਕਨੀਕੀ ਕਰਮਚਾਰੀਆਂ ਅਤੇ ਪੈਰਾ-ਮੈਡੀਕਲ ਸਟਾਫ ਦੀ ਘਾਟ ਵਾਲੇ ਮੁੱਦਿਆਂ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਜਵਾਬ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਵੈਂਟੀਲੇਟਰ ਟੈਕਨੀਸ਼ੀਅਨਾਂ ਜਾਂ ਸਪੇਅਰ ਪਾਰਟਸ ਦੀ ਘਾਟ ਹੈ ਜਾਂ ਨਹੀਂ।
ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਥਿਤੀ ਜ਼ਮੀਨੀ ਪੱਧਰ ‘ਤੇ ਕਰਿਟਿਕਲ ਕੇਅਰ ਸੇਵਾਵਾਂ ‘ਤੇ ਪੈ ਰਹੇ ਦਬਾਅ ਅਤੇ ਸਰਕਾਰ ਦੀ ਅਧਿਕਾਰਿਕ ਸਥਿਤੀ ਵਿਚਕਾਰ ਅੰਤਰ ਨੂੰ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ। ਖਾਸ ਤੌਰ ਤੇ ਜਦੋਂ ਵੈਂਟੀਲੇਟਰ ਇੰਟੈਂਸਿਵ ਕੇਅਰ ਦਾ ਅਹਿਮ ਹਿੱਸਾ ਹਨ, ਤਦ 99 ਵਿੱਚੋਂ ਸਿਰਫ਼ 35 ਦਾ ਕਾਰਗਰ ਹੋਣਾ ਭਵਿੱਖ ਦੀਆਂ ਐਮਰਜੈਂਸੀ ਸਥਿਤੀਆਂ ਲਈ ਤਿਆਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।
ਤਿਵਾੜੀ ਨੇ ਕਿਹਾ ਕਿ ਇਸ ਮਹੱਤਵਪੂਰਨ ਮਾਮਲੇ ‘ਤੇ ਮੇਰੀ ਦਖ਼ਲਅੰਦਾਜ਼ੀ ਨਾਲ ਚੰਡੀਗੜ੍ਹ ਦੇ ਪ੍ਰਮੁੱਖ ਸਰਕਾਰੀ ਹਸਪਤਾਲ ਵਿੱਚ ਇਕ ਗੰਭੀਰ ਸਮੱਸਿਆ ਸਾਹਮਣੇ ਆਈ ਹੈ ਕਿ ਮਹਾਮਾਰੀ ਦੌਰਾਨ ਦਿੱਤੇ ਗਏ ਢਾਂਚੇ ਅਤੇ ਉਸਦੀ ਮੌਜੂਦਾ ਵਰਤੋਂ ਯੋਗਤਾ ਵਿਚਾਲੇ ਭਾਰੀ ਅੰਤਰ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦਾ ਜਵਾਬ ਗਿਣਤੀਆਂ ਨੂੰ ਤਾਂ ਮੰਨਦਾ ਹੈ, ਪਰ ਸੁਧਾਰਕ ਕਦਮਾਂ ਬਾਰੇ ਕੋਈ ਸਪਸ਼ਟਤਾ ਨਹੀਂ ਦਿੰਦਾ ਹੈ। ਤਿਵਾੜੀ ਨੇ ਕਿਹਾ ਕਿ ਜੀਐਮਸੀਐਚ ਦੀਆਂ ਕਰਿਟਿਕਲ ਕੇਅਰ ਸਹੂਲਤਾਂ ‘ਤੇ ਨਿਰਭਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੈਰ-ਕਾਰਗਰ ਵੈਂਟੀਲੇਟਰ ਕਦੋਂ ਤੱਕ ਠੀਕ ਕੀਤੇ ਜਾਣਗੇ ਅਤੇ ਕੀ ਸਟਾਫ ਦੀ ਘਾਟ ਸਮੇਂ ਸਿਰ ਦੂਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡੇ ਦਫ਼ਤਰ ਨੂੰ ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਵੈਂਟੀਲੇਟਰ ਦੀ ਸਹੂਲਤ ਦਿਵਾਉਣ ਲਈ ਹਰ ਰੋਜ਼ ਔਸਤਨ ਪੰਜ ਬੇਨਤੀਆਂ ਮਿਲਦੀਆਂ ਹਨ। ਇਹ ਆਪਣੇ ਆਪ ਵਿੱਚ ਸਮੱਸਿਆ ਦੀ ਗੰਭੀਰਤਾ ਦਰਸਾਉਂਦਾ ਹੈ। ਜੇਕਰ ਪ੍ਰਣਾਲੀ ਢੰਗ ਨਾਲ ਕੰਮ ਕਰ ਰਹੀ ਹੁੰਦੀ ਅਤੇ ਲੋੜੀਂਦੇ ਕਾਰਗਰ ਵੈਂਟੀਲੇਟਰ ਉਪਲਬਧ ਹੁੰਦੇ, ਤਾਂ ਲੋਕਾਂ ਨੂੰ ਵੈਂਟੀਲੇਟਰ ਵਰਗੀ ਜ਼ਰੂਰੀ ਕਰਿਟਿਕਲ ਕੇਅਰ ਸਹੂਲਤ ਲਈ ਸੰਸਦ ਮੈਂਬਰ ਤੱਕ ਕਿਉਂ ਪਹੁੰਚਣਾ ਪੈਂਦਾ?
Click to Follow Babushahi Facebook Page →