ਸੂਬਾਈ ਕਨਵੈਨਸ਼ਨ ਮੌਕੇ ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਤਬਦੀਲੀ ਲਈ ਸਰਗਰਮ ਹੋਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2026 :ਲੋਕ ਮੋਰਚਾ ਪੰਜਾਬ ਨੇ ਆਪਣੀ ਸੁਬਾਈ ਜਥੇਬੰਦਕ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਸਿਰੇ ਚਾੜ੍ਹਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਂਝੇ ਨੀਤੀ ਹੱਲੇ ਖਿਲਾਫ ਸਾਂਝੇ ਸੰਘਰਸ਼ ਉਸਾਰਦੇ ਹੋਏ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਦੇ ਰਾਹ ਉੱਤੇ ਅੱਗੇ ਵਧਣ ਕਿਉਂਕਿ ਇਸ ਬੁਨਿਆਦੀ ਤਬਦੀਲੀ ਰਾਹੀਂ ਹੀ ਖਰੇ ਲੋਕ ਪੱਖੀ ਰਾਜ ਦੀ ਸਿਰਜਣਾ ਹੋ ਸਕਦੀ ਹੈ।ਇਸ ਕਨਵੈਨਸ਼ਨ ਦੀ ਸ਼ੁਰੂਆਤ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਰਾਹੀਂ ਕੀਤੀ ਗਈ। ਸ਼੍ਰੀਮਤੀ ਹਰਬੰਸ ਕੌਰ, ਬਲਕਰਨ ਸਿੰਘ ਅਤੇ ਗੁਰਦੀਪ ਸਿੰਘ ਦੇ ਪ੍ਰਧਾਨਗੀ ਮੰਡਲ ਵੱਲੋਂ ਕਨਵੈਨਸ਼ਨ ਦੀ ਕਾਰਵਾਈ ਚਲਾਈ ਗਈ।
ਮੋਰਚੇ ਦੇ ਸਕੱਤਰ ਜਗਮੇਲ ਸਿੰਘ ਨੇ ਕਨਵੈਨਸ਼ਨ ਅੱਗੇ ਰਿਪੋਰਟ ਪੇਸ਼ ਕੀਤੀ।ਸੂਬਾ ਕਮੇਟੀ ਮੈਂਬਰ ਸ਼ੀਰੀਂ ਵੱਲੋਂ ਮੌਜੂਦਾ ਦੌਰ ਦੀਆਂ ਕੌਮੀ,ਕੌਮਾਂਤਰੀ ਅਤੇ ਸੂਬਾਈ ਹਾਲਤਾਂ ਬਾਰੇ ਰਿਪੋਰਟ ਉੱਤੇ ਚਰਚਾ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਹਾਜ਼ਰ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਰਿਪੋਰਟ ਤੇ ਚਰਚਾ ਵਿੱਚ ਇਹ ਉਭਰ ਕੇ ਆਇਆ ਕਿ ਲੋਕਾਂ ਉੱਪਰ ਤਿੱਖੇ ਹੋਏ ਆਰਥਿਕ ਅਤੇ ਫਿਰਕੂ ਫਾਸ਼ੀ ਹੱਲੇ ਦੇ ਟਾਕਰੇ ਲਈ ਸਮੂਹ ਕਿਰਤੀ ਲੋਕਾਂ ਦਾ ਸਾਂਝਾ ਮੋਰਚਾ ਜਰੂਰੀ ਹੈ।ਇਸ ਸਮੇਂ ਲੋਕਾਂ ਦੇ ਫੌਰੀ ਸੰਘਰਸ਼ਾਂ ਅੰਦਰ ਨੀਤੀ ਮੁੱਦਿਆਂ ਦੀ ਪਛਾਣ ਗੂੜ੍ਹੀ ਕਰਨ, ਵੱਖ-ਵੱਖ ਤਬਕਿਆਂ ਦੇ ਸੰਘਰਸ਼ਾਂ ਨੂੰ ਨੀਤੀ ਕਦਮਾਂ ਖਿਲਾਫ ਸਾਂਝੇ,ਜ਼ੋਰਦਾਰ ਸੰਘਰਸ਼ ਵਿੱਚ ਬਦਲਣ ਅਤੇ ਇਹਨਾਂ ਇੱਕਜੁੱਟ ਸੰਘਰਸ਼ਾਂ ਨੂੰ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਵੱਲ ਸੇਧਿਤ ਕਰਨ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਅੱਜ ਦੇ ਬਚਾਅ ਮੁਖੀ ਸੰਘਰਸ਼ਾਂ ਨੂੰ ਬਦਲਾਅ ਮੁਖੀ ਸੰਘਰਸ਼ਾਂ ਵਿੱਚ ਪਲਟ ਕੇ ਹੀ ਲੋਕਾਂ ਦੀ ਅਸਲੀ ਜਮਹੂਰੀਅਤ ਹਾਸਲ ਕਰਨ ਵੱਲ ਵਧਿਆ ਜਾ ਸਕਦਾ ਹੈ। ਇਸ ਮੰਤਵ ਦੇ ਲਈ ਭਗਤ ਸਿੰਘ ਦੀ ਇਨਕਲਾਬੀ ਸਿਆਸਤ ਸਮਝਣ ਅਤੇ ਉਭਾਰਨ ਦੀ ਲੋੜ ਹੈ।
ਭਰਵੀਂ ਵਿਚਾਰ ਚਰਚਾ ਉਪਰੰਤ ਕਨਵੈਨਸ਼ਨ ਵੱਲੋਂ ਰਿਪੋਰਟ ਨੂੰ ਪਾਸ ਕੀਤਾ ਗਿਆ ਅਤੇ ਅਗਲੇ ਸਮੇਂ ਦੇ ਕਾਰਜ ਉਲੀਕੇ ਗਏ। ਸੂਬਾਈ ਖਜਾਨਚੀ ਸੁਖਵਿੰਦਰ ਸਿੰਘ ਵੱਲੋਂ ਫੰਡ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਇਰਾਨ ਉੱਪਰ ਇਜਰਾਇਲ ਅਤੇ ਅਮਰੀਕਾ ਦੇ ਧੱਕੜ ਹਮਲੇ ਅਤੇ ਭਾਰਤ ਅਮਰੀਕਾ ਵਪਾਰਕ ਸੰਧੀ ਖਿਲਾਫ ਦੋ ਮਤੇ ਵੀ ਪਾਸ ਕੀਤੇ ਗਏ। ਕਮਲ, ਨਨਪਾਲ ਅਤੇ ਬਿੰਦਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।
Click to Follow Babushahi Facebook Page →