ਪਾਲਤੂ ਕੁੱਤੇ ਦੇ ਕੱਟਣ ਕਾਰਨ ਫਿਰੋਜ਼ਪੁਰ ਦੇ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ 'ਚ ਪਸਰਿਆ ਮਾਤਮ
ਫਿਰੋਜ਼ਪੁਰ, 14 ਮਾਰਚ: ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਸਾਬੂ ਆਣਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ 22 ਸਾਲਾ ਨੌਜਵਾਨ ਮਹਿਕਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਦੀ ਆਪਣੇ ਹੀ ਪਾਲਤੂ ਕੁੱਤੇ ਦੇ ਕੱਟਣ ਤੋਂ ਬਾਅਦ ਹੋਏ ਹਲਕਾਅ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਜਨਵਰੀ ਮਹੀਨੇ ਵਿੱਚ ਮਹਿਕਦੀਪ ਨੂੰ ਉਸ ਦੇ ਪਾਲਤੂ ਕੁੱਤੇ ਨੇ ਕੱਟ ਲਿਆ ਸੀ, ਜਿਸ ਤੋਂ ਬਾਅਦ ਬੀਤੇ ਕੁਝ ਦਿਨਾਂ ਤੋਂ ਉਸ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀ ਅਤੇ ਉਹ ਅਜੀਬ ਹਰਕਤਾਂ ਕਰਨ ਲੱਗ ਪਿਆ ਸੀ।
ਪੀੜਤ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਅਸਾਧਾਰਨ ਵਿਵਹਾਰ ਕਰ ਰਿਹਾ ਸੀ, ਜਿਸ ਕਾਰਨ ਉਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਬੀਤੇ ਦਿਨ ਜਦੋਂ ਮਹਿਕਦੀਪ ਆਪਣੀ ਦਵਾਈ ਲੈਣ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਿਆ ਤਾਂ ਅਚਾਨਕ ਹਲਕਾਅ ਦਾ ਅਸਰ ਬਹੁਤ ਜ਼ਿਆਦਾ ਵੱਧ ਗਿਆ। ਇਸ ਦੌਰਾਨ ਨੌਜਵਾਨ ਨੇ ਬੇਕਾਬੂ ਹੁੰਦਿਆਂ ਆਪਣੀ ਕਾਰ ਅਤੇ ਹਸਪਤਾਲ ਦੇ ਸਾਮਾਨ ਦੀ ਭੰਨਤੋੜ ਵੀ ਕੀਤੀ। ਡਾਕਟਰਾਂ ਨੇ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ, ਪਰ ਬਦਕਿਸਮਤੀ ਨਾਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਬੇਵਕਤੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Click to Follow Babushahi Facebook Page →