1-1 ਕਰਕੇ ਹੋ ਗਏ ਪੂਰੇ 16- ਨਿਊਜ਼ੀਲੈਂਡ ਦੀ ਪਹਿਲੀ ਆਨ ਲਾਈਨ ਪੰਜਾਬੀ ਅਖਬਾਰ ‘ਪੰਜਾਬੀ ਹੈਰਲਡ’ 17 ਵੇਂ ਸਾਲ ਦੇ ਸਫ਼ਰ ’ਤੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 14 ਮਾਰਚ 2026: ਸਿਆਣੇ ਕਹਿੰਦੇ ਹਨ ਕਿ ਇਹ ਗੱਲ ਜ਼ਿਆਦਾ ਮਹੱਤਵਪੂਰਨ ਨਹੀਂ ਕਿ ਤੁਸੀਂ ਕਿੰਨੀ ਤੇਜ਼ ਦੌੜੇ ਹੋ, ਸਗੋਂ ਇਹ ਗੱਲ ਜ਼ਿਆਦਾ ਮਹੱਤਵ ਰੱਖਦੀ ਹੈ ਕਿ ਤੁਸੀਂ ਅਜੇ ਰੁਕੇ ਨਹੀਂ। ਇਕ ਚੀਨੀ ਕਹਾਵਤ ਹੈ: ‘‘ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿੰਨੀ ਹੌਲੀ ਚੱਲ ਰਹੇ ਹੋ, ਬਸ ਸ਼ਰਤ ਇਹ ਹੈ ਕਿ ਤੁਸੀਂ ਰੁਕੋ ਨਾ’’। (It does not matter how slowly you go, as long as you do not stop.)
ਇਕ ਹੋਰ ਵਿਦਵਾਨ ਅਨੁਸਾਰ: ‘‘ਬਸ ਚੱਲਦੇ ਰਹੋ, ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਦੂਰ ਤੱਕ ਪਹੁੰਚ ਸਕਦੇ ਹੋ’’। (Just keep going. You never know how far you can go.)
ਅੱਜ ਆਪਣੇ ਪਾਠਕਾਂ ਨਾਲ ਇਸ ਗੱਲ ਦੀ ਖੁਸ਼ੀ ਸਾਂਝੀ ਕਰ ਰਿਹਾ ਹਾਂ ਕਿ ਲਗਪਗ 16 ਸਾਲ ਪਹਿਲਾਂ, 14 ਮਾਰਚ 2010 ਨੂੰ ਨਿਊਜ਼ੀਲੈਂਡ ਦੀ ਪਹਿਲੀ ਆਨਲਾਈਨ ਅਖ਼ਬਾਰ ‘ਪੰਜਾਬੀ ਹੈਰਲਡ’ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ 16 ਸਾਲ ਪੂਰੇ ਹੋਣ ’ਤੇ ਇਹ ਅਦਾਰਾ ਆਪਣੇ ‘ਸਵੀਟ ਸਿਕਸਟੀਨ’ (Sweet Sixteen) ਪੜਾਅ ਨੂੰ ਪਾਰ ਕਰ ਗਿਆ ਹੈ।
ਅਦਾਰੇ ਦਾ ਨਾਮ ਰੱਖਣ ਵੇਲੇ ‘ਪੰਜਾਬੀ’ ਦਾ ਅਰਥ ਪੰਜਾਬੀ ਬੋਲੀ (ਭਾਸ਼ਾ) ਅਤੇ ਪੰਜਾਬੀਅਤ ਨਾਲ ਜੋੜਿਆ ਗਿਆ ਸੀ, ਜਦਕਿ ਅੰਗਰੇਜ਼ੀ ਸ਼ਬਦ ‘ਹੈਰਲਡ’ (8erald) ਦੇ ਅਰਥ ‘ਸੰਦੇਸ਼ਵਾਹਕ’, ‘ਸੂਚਨਾ ਦੇਣ ਵਾਲਾ’, ‘ਏਲਚੀ’ ਅਤੇ ‘ਅਗਰਦੂਤ’ ਵਜੋਂ ਲਏ ਗਏ ਸਨ। ਮੈਂ ਆਪਣੀ ਬੁੱਧੀ ਅਤੇ ਹਿੰਮਤ ਅਨੁਸਾਰ ਇਸ ਨਾਮ ਨਾਲ ਇਨਸਾਫ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਇਸ ਅਖ਼ਬਾਰ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਹੋਇਆ ਸੀ। ਉਸ ਸਮੇਂ ਗੁਰਦੁਆਰਾ ਸਾਹਿਬ ਦੀ 5ਵੀਂ ਸਾਲਗਿਰਾ ਮੌਕੇ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਅਤੇ ਸਵ. ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲਿਆਂ ਨੇ ਸੰਗਤ ਦੀ ਹਾਜ਼ਰੀ ਵਿੱਚ ਲੈਪਟਾਪ ਦਾ ਬਟਨ ਦਬਾ ਕੇ ਇਸ ਨੂੰ ਵੈੱਬ ਦੀ ਦੁਨੀਆ ਵਿੱਚ ਪੇਸ਼ ਕੀਤਾ ਸੀ। ਉਪਰੰਤ, ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਤਤਕਾਲੀ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਵੀ ਇਸ ਨੂੰ ਰਿਲੀਜ਼ ਕਰਨ ਦੀ ਰਸਮ ਨਿਭਾਈ ਗਈ।
ਅਦਾਰੇ ਵੱਲੋਂ 2013 ਅਤੇ 2018 ਵਿੱਚ ਇਸ ਦਾ ਪ੍ਰਿੰਟ ਐਡੀਸ਼ਨ (ਛਾਪਿਆ ਰੂਪ) ਵੀ ਸ਼ੁਰੂ ਕੀਤਾ ਗਿਆ ਸੀ, ਪਰ ਲਾਗਤ ਅਤੇ ਇਸ਼ਤਿਹਾਰਾਂ ਦਾ ਸੰਤੁਲਨ ਸਹੀ ਨਾ ਹੋਣ ਕਾਰਨ ਉਸ ਨੂੰ ਨਿਰੰਤਰ ਜਾਰੀ ਰੱਖਣਾ ਸੰਭਵ ਨਹੀਂ ਹੋ ਸਕਿਆ।
ਉਦੋਂ ਤੋਂ ਲੈ ਕੇ ਹੁਣ ਤੱਕ ਸਮੂਹ ਪਾਠਕਾਂ ਦੇ ਬੇਅੰਤ ਪਿਆਰ ਅਤੇ ਸਹਿਯੋਗ ਸਦਕਾ 16 ਸਾਲਾਂ ਦਾ ਯਾਦਗਾਰੀ ਸਫ਼ਰ ਪੂਰਾ ਕਰਕੇ ਅੱਜ 17ਵਾਂ ਸਾਲ ਸ਼ੁਰੂ ਹੋ ਗਿਆ ਹੈ। ਬਸ, ਆਪਣੀਆਂ ਅਸੀਸਾਂ ਬਣਾਈ ਰੱਖਣਾ ਤਾਂ ਕਿ ਜੀਵਨ ਦੀਆਂ ਰੁਝੇਵਿਆਂ ਭਰੀਆਂ ਘੜੀਆਂ ਵਿੱਚੋਂ ਸਮਾਂ ਕੱਢ ਕੇ ਪੰਜਾਬੀ ਬੋਲੀ ਅਤੇ ਪਾਠਕਾਂ ਦੀ ਸੇਵਾ ਹਿਤ ਇਸ ਸਫ਼ਰ ਨੂੰ ਜਾਰੀ ਰੱਖ ਸਕਾਂ।
Click to Follow Babushahi Facebook Page →