ਖੰਨਾ ਰੈਲੀ: ਸੁਖਬੀਰ ਸਿੰਘ ਬਾਦਲ ਦਾ ਐਲਾਨ, "ਅਕਾਲੀ ਸਰਕਾਰ ਬਣਦਿਆਂ ਹੀ ਖੰਨਾ ਅਤੇ ਜਗਰਾਓਂ ਬਣਨਗੇ ਨਵੇਂ ਜ਼ਿਲ੍ਹੇ"
ਰਵਿੰਦਰ ਸਿੰਘ
ਖੰਨਾ: 10 ਮਾਰਚ, 2026
ਖੰਨਾ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਸੱਤਾ ਵਿੱਚ ਆਉਣ 'ਤੇ ਕਈ ਵੱਡੇ ਐਲਾਨ ਕੀਤੇ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਖੰਨਾ ਅਤੇ ਜਗਰਾਓਂ ਨੂੰ ਨਵੇਂ ਜ਼ਿਲ੍ਹੇ ਬਣਾਇਆ ਜਾਵੇਗਾ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਤੇ ਵੈਟਨਰੀ ਕਾਲਜ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਬਜ਼ੁਰਗਾਂ ਲਈ 3100 ਰੁਪਏ ਪੈਨਸ਼ਨ ਦੇਣ ਦਾ ਵੀ ਵਾਅਦਾ ਕੀਤਾ।
ਸਰਕਾਰ 'ਤੇ ਤਿੱਖੇ ਨਿਸ਼ਾਨੇ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਦਲ ਦੀ 11 ਮੈਂਬਰੀ ਕਮੇਟੀ ਬਾਰੇ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ, "ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹਾਂ ਕਿ ਅਗਲੇ ਚਾਰ ਮਹੀਨਿਆਂ ਵਿੱਚ ਭਗਵੰਤ ਮਾਨ ਨੂੰ (ਆਪਣੀ ਪਾਰਟੀ ਲਈ) 11 ਬੰਦੇ ਵੀ ਨਹੀਂ ਮਿਲਣੇ।" ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਿਰਫ਼ ਨਾਮ ਦੇ ਮੁੱਖ ਮੰਤਰੀ ਹਨ ਅਤੇ ਪੰਜਾਬ ਦੇ ਸਾਰੇ ਅਹਿਮ ਫੈਸਲੇ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਜਰੀਵਾਲ ਇੱਕ ਉਦਯੋਗ ਮੰਤਰੀ ਰਾਹੀਂ ਹਰ ਮਹੀਨੇ 200 ਕਰੋੜ ਰੁਪਏ ਇਕੱਠੇ ਕਰਵਾ ਰਹੇ ਹਨ ਅਤੇ ਵਪਾਰੀਆਂ ਤੋਂ ਜਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ।
ਆੜ੍ਹਤੀਆਂ ਦੇ ਹੱਕ ਵਿੱਚ ਆਵਾਜ਼
ਸੁਖਬੀਰ ਬਾਦਲ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਆੜ੍ਹਤ ਢਾਈ ਫੀਸਦੀ ਸੀ, ਪਰ ਹੁਣ ਇਸ ਨੂੰ ਘਟਾ ਕੇ ਡੇਢ ਫੀਸਦੀ ਕਰ ਦਿੱਤਾ ਗਿਆ ਹੈ, ਜੋ ਕਿ ਆੜ੍ਹਤੀਆਂ ਨਾਲ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਆੜ੍ਹਤੀਆਂ ਨੂੰ EPF ਦੇ ਦਾਇਰੇ ਵਿੱਚ ਲਿਆਉਣ ਦੇ ਫੈਸਲੇ ਦਾ ਵੀ ਸਖ਼ਤ ਵਿਰੋਧ ਕੀਤਾ।
ਰਾਹੁਲ ਗਾਂਧੀ 'ਤੇ ਸਿਆਸੀ ਹਮਲਾ
ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਲਈ ਜੋ ਦਰਦ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਵਿੱਚ ਸੀ, ਉਹ ਰਾਹੁਲ ਗਾਂਧੀ ਜਾਂ ਦਿੱਲੀ ਦੇ ਨੇਤਾਵਾਂ ਵਿੱਚ ਕਦੇ ਨਹੀਂ ਹੋ ਸਕਦਾ। ਰੈਲੀ ਦੌਰਾਨ ਉਨ੍ਹਾਂ ਖੰਨਾ ਹਲਕੇ ਤੋਂ ਯਾਦਵਿੰਦਰ ਸਿੰਘ ਯਾਦੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਬਣਨ 'ਤੇ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
Click to Follow Babushahi Facebook Page →