ਖੰਨਾ ਬਲਾਕ ਸੰਮਤੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੁਲਤਵੀ, ਆਮ ਆਦਮੀ ਪਾਰਟੀ ਕੋਰਮ ਪੂਰਾ ਨਹੀਂ ਕਰ ਸਕੀ, ਕਾਂਗਰਸ ਅਤੇ ਅਕਾਲੀ ਦਲ ਨੇ ਕੀਤਾ ਬਾਈਕਾਟ
ਪੰਚਾਇਤ ਮੰਤਰੀ ਦੇ ਹਲਕੇ 'ਚ 'ਆਪ' ਨਹੀਂ ਜੁਟਾ ਸਕੀ ਬਹੁਮਤ; ਕਾਂਗਰਸ ਤੇ ਅਕਾਲੀ ਦਲ ਨੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ
Ravinder Singh
ਖੰਨਾ: 5 ਮਾਰਚ 2026 - ਪੰਜਾਬ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਹਲਕਾ ਖੰਨਾ ਵਿਖੇ ਬਲਾਕ ਸੰਮਤੀ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਅੱਜ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਇਹ ਚੋਣ ਪੰਜਾਬ ਦੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਹਲਕਾ ਖੰਨਾ ਵਿੱਚ ਹੋਣੀ ਸੀ, ਪਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਮੈਂਬਰਾਂ ਵੱਲੋਂ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਕਾਰਨ ਚੋਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਬਲਾਕ ਸੰਮਤੀ ਦੇ ਕੁੱਲ 16 ਮੈਂਬਰਾਂ ਵਿੱਚੋਂ ਕਾਂਗਰਸ ਦੇ ਪੰਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਜੇਤੂ ਮੈਂਬਰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 6 ਜੇਤੂ ਮੈਂਬਰ ਹੀ ਚੋਣ ਲਈ ਮੌਕੇ ‘ਤੇ ਪਹੁੰਚੇ। ਦੋ ਤਿਹਾਈ ਕੋਰਮ ਪੂਰਾ ਨਾ ਹੋਣ ਕਰਕੇ ਖੰਨਾ ਦੀ ਐਸਡੀਐਮ ਸਵਾਤੀ ਟਿਵਾਣਾ ਵੱਲੋਂ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਇਸ ਮੌਕੇ ਬੀਡੀਪੀਓ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਫੋਰਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਉਣ ਦਾ ਵੀ ਕਾਂਗਰਸ ਅਤੇ ਅਕਾਲੀ ਦਲ ਨੇ ਵਿਰੋਧ ਕੀਤਾ।
ਕਾਂਗਰਸ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਸੱਤਾ ਧਾਰੀ ਆਮ ਆਦਮੀ ਪਾਰਟੀ ‘ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕਰਕੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸੀ ਸੰਭਾਵਨਾ ਦੇ ਮੱਦੇਨਜ਼ਰ ਹੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਬਲਾਕ ਸੰਮਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇ ਅਤੇ ਇਸਦੀ ਪੂਰੀ ਵੀਡੀਓਗ੍ਰਾਫੀ ਕਰਵਾਈ ਜਾਵੇ।
ਫਿਲਹਾਲ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਮੁਲਤਵੀ ਹੋ ਗਈ ਹੈ ਅਤੇ ਹੁਣ ਅਗਲੀ ਤਾਰੀਖ ਦਾ ਐਲਾਨ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਖੰਨਾ ਦੀ ਸਿਆਸਤ ਵਿੱਚ ਕਾਫੀ ਚਰਚਾ ਅਤੇ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ।
Click to Follow Babushahi Facebook Page →