ਕੱਚੀਆਂ ਜਮੀਨਾਂ ਵਾਲੇ ਬਾਰਡਰ ਪੱਟੀ ਦੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ- MLA ਸਵਨਾ
ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਕਿਸਾਨਾਂ ਲਈ ਲਿਆ ਸ਼ਲਾਘਾਯੋਗ ਫੈਸਲਾ
ਫਾਜ਼ਿਲਕਾ 23 ਫਰਵਰੀ 2026-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਕੱਚੀਆਂ ਜਮੀਨਾਂ (ਸਰਕਾਰੀ ਜਮੀਨਾਂ) ਵਾਲੇ ਬਾਰਡਰ ਪੱਟੀ ਦੇ ਕਿਸਾਨਾਂ ਲਈ ਰਾਹਤ ਦਿੱਤੀ ਗਈ ਹੈ। ਕੈਬਨਿਟ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਕੱਚੀਆਂ ਜਮੀਨਾਂ (ਸਰਕਾਰੀ ਜਮੀਨਾਂ) 'ਤੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਕਰਕੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਇਹ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕ ਉਹ ਪਿਛਲੇ ਦਿਨੀ ਵੀ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਅਫਸਰਾਂ ਨਾਲ ਇਸ ਮੁੱਦੇ 'ਤੇ ਮੀਟਿੰਗ ਕਰਕੇ ਆਏ ਸਨ ਤੇ ਬਾਰਡਰ ਪੱਟੀ ਦੇ ਕਿਸਾਨਾਂ ਦੀ ਇਸ ਸਮੱਸਿਆ ਬਾਰੇ ਜਾਣੂੰ ਕਰਵਾ ਕੇ ਆਏ ਸਨ । ਉਨ੍ਹਾਂ ਕਿਹਾ ਕਿ ਇਨ੍ਹਾਂ ਕੱਚੀਆਂ ਜਮੀਨਾਂ ਵਾਲੇ ਕਿਸਾਨਾਂ ਲਈ ਇਕੋ-ਇਕ ਆਮਦਨ ਦਾ ਸਹਾਰਾ ਹੈ ਜਿਸ ਨਾਲ ਉਹ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਉਹ ਜਿਥੇ ਆਮਦਨ ਤੋਂ ਵਾਂਝੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਮੁਆਵਜਾ ਵੀ ਨਹੀਂ ਮਿਲਦਾ ਸੀ।
ਪੰਜਾਬ ਸਰਕਾਰ ਦੇ ਇਸੇ ਇਤਿਹਾਸਕ ਤੇ ਬਹੁਤ ਵੱਡੇ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਆਵਜਾ ਮਿਲਣ ਨਾਲ ਕਿਸਾਨਾ ਨੂੰ ਉਨ੍ਹਾਂ ਦੀ ਖਰਾਬ ਹੋਈ ਫਸਲ ਦੇ ਨੁਕਸਾਨ ਦੀ ਭਰਪਾਈ ਹੋਵੇਗੀ ਤੇ ਉਹ ਆਪਣਾ ਜੀਵਨ ਤੇ ਰੋਜਮਰਾ ਦੀਆਂ ਜਰੁਰੀ ਵਸਤਾਂ ਦੀ ਪੂਰਤੀ ਬਿਨ੍ਹਾਂ ਕਿਸੇ ਖਜਲ-ਖੁਆਰੀ ਦੇ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਰਾਹਤ ਭਰਿਆ ਉਪਰਾਲਾ ਹੈ। ਉਨ੍ਹਾਂ ਕਿਹਾ ਕ ਉਹ ਕਿਸਾਨਾ ਦੇ ਹਿੱਤਾ ਲਈ ਲਗਾਤਾਰ ਮੰਤਰੀ ਸਾਹਿਬਾਨਾਂ ਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਰਹਿੰਦੇ ਹਨ ਤਾਂ ਜੋ ਬਾਰਡਰ ਪੱਟੀ ਦੇ ਕਿਸਾਨ ਖੁਸ਼ਹਾਲ ਤੇ ਆਬਾਦ ਹੋਣ। ਉਨ੍ਹਾਂ ਪਿਛਲੇ ਸਾਲ ਦੇ ਹੜਾਂ ਦੀ ਮਾਰ ਹੇਠ ਆਉਣ ਵਾਲੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੀ ਭਰਪਾਈ ਜਲਦ ਕਰਵਾਉਣ ਦਾ ਵਿਸ਼ਵਾਸ਼ ਦਵਾਇਆ।
Click to Follow Babushahi Facebook Page →