ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ ਅਤੇ ਚੰਗਾ ਝਾੜ ਲੈਣ ਸਬੰਧੀ ਪਿੰਡ ਸਕਰੌਦੀ 'ਚ ਕਿਸਾਨ ਗੋਸ਼ਟੀ
ਦਲਜੀਤ ਕੌਰ
ਭਵਾਨੀਗੜ੍ਹ, 9 ਫਰਵਰੀ, 2026: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਮੌਜੂਦਾ ਕਣਕ ਨੂੰ ਵਧੇਰੇ ਗਰਮੀ ਤੋਂ ਬਚਾਅ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ, ਭੂਮੀ ਸਿਹਤ ਸੁਧਾਰ ਸਬੰਧੀ ਨੁਕਤੇ ਆਦਿ ਤੇ ਪਿੰਡ ਸਕਰੌਦੀ ਵਿਖੇ ਕਿਸਾਨ ਗੋਸ਼ਟੀ ਲਗਾਈ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫ਼ਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਹਨਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫ਼ਸਲ ਲਈ ਹਾਨੀਕਾਰਕ ਹੋ ਸਕਦੀ ਹੈ, ਇਸ ਨੂੰ ਗਰਮੀ ਦਾ ਤਣਾਅ ਜਾਂ ਹੀਟ ਸਟਰੈੱਸ ਕਹਿੰਦੇ ਹਨ। ਵੱਧ ਗਰਮੀ ਕਰਕੇ ਦਾਣੇ ਭਰਨ ਸਮੇਂ ਕਣਕ ਪਹਿਲਾਂ ਪੱਕ ਜਾਂਦੀ ਹੈ ਅਤੇ ਦਾਣੇ ਮਾਜੂ ਰਹਿ ਜਾਂਦੇ ਹਨ ਅਤੇ ਸੋਕੇ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ। ਇਸ ਤਣਾਅ ਉੱਪਰ ਕਾਬੂ ਪਾਉਣ ਲਈ ਪੋਟਾਸ਼ ਤੱਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪੀ.ਏ.ਯੂ. ਲੁਧਿਆਣਾ ਦੁਆਰਾ ਕਣਕ ਦੀ ਫ਼ਸਲ ਨੂੰ ਅਖੀਰਲੇ ਗਰਮੀ ਦੇ ਤਣਾਅ ਤੋਂ ਬਚਾਉਣ ਲਈ ਦਾਣੇ ਭਰਨ ਸਮੇਂ ਅਤੇ ਵੱਧ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ (4 ਕਿੱਲੋ 13:0:45 ਨੂੰ 200 ਲਿਟਰ ਪਾਣੀ ਵਿੱਚ) ਦੇ ਦੋ ਛਿੜਕਾਅ ਪਹਿਲਾਂ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਛਿੜਕਾਵਾਂ ਨਾਲ ਦਾਣਿਆਂ ਦੇ ਵਜ਼ਨ ਅਤੇ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਵੱਧਣ ਨਾਲ ਕਣਕ ਦੇ ਝਾੜ ਵਿੱਚ ਵਾਧਾ ਹੁੰਦਾ ਹੈ।
ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਹੋਰ ਬਾਰੇ ਕਿਸਾਨਾਂ ਨੂੰ ਦੱਸਿਆ। ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।
ਗੋਸ਼ਟੀ ਤੋਂ ਬਾਅਦ, ਸ. ਬੇਅੰਤ ਸਿੰਘ ਅਤੇ ਹੋਰ ਕਿਸਾਨਾਂ ਦੇ ਕਣਕ ਅਤੇ ਮਨਜਿੰਦਰ ਸਿੰਘ ਦੇ ਪਿਆਜ਼ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਿਲਾਂ ਦੇ ਹੱਲ ਵੀ ਦੱਸੇ ਗਏ।