ਵਿਧਾਇਕ ਕੁਲਵੰਤ ਸਿੰਘ ਵੱਲੋਂ 40 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਜਲ ਘਰ’ ਲੋਕਾਂ ਨੂੰ ਸਮਰਪਿਤ
ਪਾਣੀ ਦੀ ਸਹੀ ਵਰਤੋਂ ਨੂੰ ਲੈ ਕੇ ਲੋਕ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋਏ ਹਨ: ਕੁਲਵੰਤ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਜਨਵਰੀ:
ਅੱਜ ‘ਜਲ ਅਰਪਣ ਦਿਵਸ’ ਦੇ ਸ਼ੁਭ ਅਵਸਰ ‘ਤੇ ਪਿੰਡ ਤੜੌਲੀ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਨਵੇਂ ‘ਜਲ ਘਰ’ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਰਕੇ, ਇਸਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਜਲ ਸਪਲਾਈ ਯੋਜਨਾ ਪੰਜਾਬ ਸਰਕਾਰ ਵੱਲੋਂ ‘ਜਲ ਜੀਵਨ ਮਿਸ਼ਨ’ ਅਤੇ ‘15ਵੇਂ ਵਿੱਤ ਕਮਿਸ਼ਨ’ ਅਧੀਨ ਮੁਕੰਮਲ ਕੀਤੀ ਗਈ ਹੈ। ਯੋਜਨਾ ਤਹਿਤ ਪਿੰਡ ਵਿੱਚ 650 ਫੁੱਟ ਡੂੰਘਾ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ, ਜਦਕਿ 26.65 ਲੱਖ ਰੁਪਏ ਦੀ ਲਾਗਤ ਨਾਲ 25 ਹਜ਼ਾਰ ਲੀਟਰ ਸਮਰੱਥਾ ਵਾਲੀ ਉੱਚੀ ਪਾਣੀ ਦੀ ਟੈਂਕੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਹਰ ਹਿੱਸੇ ਤੱਕ ਨਿਰਵਿਘਨ ਪਾਣੀ ਸਪਲਾਈ ਯਕੀਨੀ ਬਣਾਉਣ ਲਈ ਲਗਭਗ 2 ਕਿਲੋਮੀਟਰ ਨਵੀਂ ਪਾਈਪ ਲਾਈਨ ਵੀ ਵਿਛਾਈ ਗਈ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਜਲ ਸਪਲਾਈ ਸਕੀਮ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਿੰਡ ਦੀ ਗ੍ਰਾਮ ਪੰਚਾਇਤ ਦੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਨਜਾਇਜ਼ ਵਰਤੋਂ ਤੋਂ ਬਚਿਆ ਜਾਵੇ ਅਤੇ ਜ਼ਰੂਰਤ ਮੁਤਾਬਕ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਵਰਤੋਂ ਤੋਂ ਬਾਅਦ ਟੂਟੀ ਸਮੇਂ ਸਿਰ ਬੰਦ ਕਰ ਦਿੱਤੀ ਜਾਵੇ ਤਾਂ ਪਾਣੀ ਦੀ ਬਰਬਾਦੀ ਰੋਕੀ ਜਾ ਸਕਦੀ ਹੈ, ਪਰ ਜੇ ਹਜ਼ਾਰਾਂ ਲੋਕ ਟੂਟੀਆਂ ਖੁੱਲੀਆਂ ਛੱਡਣਗੇ ਤਾਂ ਵੱਡੇ ਪੱਧਰ ‘ਤੇ ਪਾਣੀ ਦੀ ਵੇਸਟੇਜ ਹੋਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸਾਫ਼ ਅਤੇ ਨਿਰਵਿਘਨ ਪਾਣੀ ਮੁਹੱਈਆ ਕਰਵਾਉਣ ਲਈ ਡੂੰਘਾ ਟਿਊਬਵੈੱਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਸਿਰਫ਼ ਫਿਲਟਰ ਵਾਲਾ ਪਾਣੀ ਹੀ ਸਾਫ਼ ਹੁੰਦਾ ਹੈ, ਜਦਕਿ ਸਰਕਾਰੀ ਪੱਧਰ ‘ਤੇ ਦਿੱਤਾ ਜਾਣ ਵਾਲਾ ਪਾਣੀ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪੀਣਯੋਗ ਹੁੰਦਾ ਹੈ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਚਿਰਕਾਲੀ ਮੰਗਾਂ ਦਾ ਸਥਾਈ ਹੱਲ ਕਰ ਰਹੀ ਹੈ ਅਤੇ ਨਾਲ ਹੀ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿੱਚ ਟਿਊਬਵੈੱਲ ਅਤੇ ਪਾਣੀ ਦੀ ਟੈਂਕੀ ਸਬੰਧੀ ਮੰਗਾਂ ਲਗਾਤਾਰ ਆ ਰਹੀਆਂ ਸਨ, ਜਿਸ ਲਈ ਪਹਿਲਾਂ ਹੀ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਪੂਰਾ ਖਾਕਾ ਤਿਆਰ ਕਰਵਾ ਲਿਆ ਗਿਆ ਸੀ ਅਤੇ ਅੱਜ ਇਸਦਾ ਨਤੀਜਾ ਲੋਕਾਂ ਸਾਹਮਣੇ ਹੈ। ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਜਲ ਸਪਲਾਈ ਪ੍ਰੋਜੈਕਟ ਦੀ ਸਾਂਭ-ਸੰਭਾਲ ਪੂਰੀ ਜ਼ਿੰਮੇਵਾਰੀ ਨਾਲ ਕੀਤੀ ਜਾਵੇ ਅਤੇ ਲੋਕਾਂ ਨੂੰ ਪਾਣੀ ਦੇ ਸਹੀ ਇਸਤੇਮਾਲ ਬਾਰੇ ਲਗਾਤਾਰ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਇੰਜੀਨੀਅਰ ਅਨਿਲ ਕੁਮਾਰ (ਐੱਸ.ਈ.), ਇੰਜੀਨੀਅਰ ਰਮਨਪ੍ਰੀਤ ਸਿੰਘ (ਐਕਸੀਅਨ), ਇੰਜੀਨੀਅਰ ਪਰਮਵੀਰ ਸਿੰਘ (ਐੱਸ.ਡੀ.ਈ.), ਪਰਥ ਸਾਰਥੀ (ਕੰਸਲਟੈਂਟ, ਜੀ.ਓ.ਆਈ.), ਚੰਚਲ ਕੁਮਾਰ (ਟੀਮ ਲੀਡਰ), ਕੌਂਸਲਰ ਗੁਰਮੀਤ ਕੌਰ, ਬਲਾਕ ਪ੍ਰਧਾਨ ਸਰਬਜੀਤ ਸਿੰਘ, ਸਰਪੰਚ ਹਰਪਾਲ ਸਿੰਘ (ਤੜੌਲੀ), ਮਲਕੀਤ ਸਿੰਘ, ਸਰਪੰਚ ਰਾਜਿੰਦਰ ਰਾਜੂ (ਬੜਮਾਜਰਾ), ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਨੇਹਾ ਬਜਾਜ (ਬਲਾਕ ਕੋਆਰਡੀਨੇਟਰ, ਮਹਿਲਾ ਵਿੰਗ), ਹਰਮੇਸ਼ ਸਿੰਘ, ਸੁਖਚੈਨ ਸਿੰਘ, ਜਸਪਾਲ ਸਿੰਘ, ਇਕਬਾਲ ਸਿੰਘ (ਸਰਪੰਚ ਜੁਝਾਰ ਨਗਰ), ਹਰਮੇਸ਼ ਸਿੰਘ ਕੁੰਭੜਾ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਗੁਰਵਿੰਦਰ ਸਿੰਘ ਪਿੰਕੀ, ਸੁਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ।