ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ‘ਦਾਖ਼ਲਾ ਜਾਗਰੂਕਤਾ ਮੁਹਿੰਮ–2026’ ਦਾ ਆਗਾਜ਼
ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ 2026: ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਦਾਖਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਰਹਿਨੁਮਾਈ ਹੇਠ ‘ਦਾਖ਼ਲਾ ਜਾਗਰੂਕਤਾ ਮੁਹਿੰਮ–2026’ ਦੀ ਸ਼ੁਰੂਆਤ ਜ਼ਿਲ੍ਹੇ ਵਿੱਚ ਕੀਤੀ ਗਈ ਹੈ ।
ਇਸ ਮੁਹਿੰਮ ਦਾ ਆਗਾਜ਼ ਸ਼ਹੀਦ ਮੇਜਰ ਰਵੀਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ), ਮਾਲ ਰੋਡ ਬਠਿੰਡਾ ਤੋਂ ਕੀਤਾ ਗਿਆ, ਜਿੱਥੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਦਾਖ਼ਲਾ ਜਾਗਰੂਕਤਾ ਮੋਬਾਇਲ ਵੈਨ ਦੇ ਸੁਆਗਤ ਅਤੇ ਰਵਾਨਗੀ ਲਈ ਸੁਚੱਜੇ ਪ੍ਰਬੰਧ ਕੀਤੇ ਗਏ ।
ਇਸ ਦੌਰਾਨ ਮੁੱਖ ਮੰਤਰੀ ਖੇਤਰੀ ਦਫ਼ਤਰ ਦੇ ਫ਼ੀਲਡ ਅਫ਼ਸਰ ਰਮਨਜੀਤ ਵੱਲੋਂ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹਰ ਬੱਚੇ ਤੱਕ ਗੁਣਵੱਤਾਪੂਰਨ ਸਿੱਖਿਆ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਵੈਨ ਪਿੰਡ-ਪਿੰਡ ਜਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਹੋਈ ਨੁਹਾਰ ਅਤੇ ਉਪਲਬਧ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰੇਗੀ ।
ਇਸ ਮੌਕੇ ਸਿੱਖਿਆ ਵਿਭਾਗ ਮਾਲਵਾ ਵੈਸਟ ਜ਼ੋਨ ਦੇ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਦਾਖ਼ਲਿਆਂ ਲਈ ਆਨਲਾਈਨ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਆਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਖ਼ੁਰਾਣਾ ਸੇਠੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਸਾਂਝੇ ਬਿਆਨ ਵਿੱਚ ਅਧਿਆਪਕਾਂ, ਪਿੰਡ ਵਾਸੀਆਂ ਅਤੇ ਮਾਪਿਆਂ ਨੂੰ ਇਸ ਮੁਹਿੰਮ ਨਾਲ ਸਰਗਰਮ ਤੌਰ ’ਤੇ ਜੁੜਨ ਦਾ ਸੱਦਾ ਦਿੱਤਾ।
ਮੁਹਿੰਮ ਤਹਿਤ ਮੋਬਾਇਲ ਵੈਨ ਮਾਲ ਰੋਡ ਸਕੂਲ ਤੋਂ ਰਵਾਨਾ ਹੋ ਕੇ ਕਟਾਰ ਸਿੰਘ ਵਾਲਾ, ਕੋਟਸ਼ਮੀਰ, ਨਸੀਬਪੁਰਾ, ਕੋਟ ਬਖ਼ਤੂ ਹੁੰਦੀ ਹੋਈ ਸਕੂਲ ਆਫ਼ ਐਮੀਨੈਂਸ ਬੰਗੀ ਕਲਾਂ ਪਹੁੰਚੀ, ਜਿੱਥੇ ਤਲਵੰਡੀ ਸਾਬੋ ਬਲਾਕ ਦੇ ਨੋਡਲ ਅਫ਼ਸਰ ਕਮ ਪ੍ਰਿੰਸੀਪਲ ਦਵਿੰਦਰ ਕੁਮਾਰ ਗੋਇਲ ਦੀ ਦੇਖ-ਰੇਖ ਹੇਠ ਨਿੱਘਾ ਸੁਆਗਤ ਕੀਤਾ ਗਿਆ।
ਇੱਥੇ ਵਿਧਾਇਕ ਤੇ ਚੀਫ਼ ਵਿਪ ਪੰਜਾਬ ਪ੍ਰੋ. ਬਲਜਿੰਦਰ ਕੌਰ ਵੱਲੋਂ ਵੈਨ ਨੂੰ ਅਗਲੇ ਪੜਾਅ ਲਈ ਰਵਾਨਾ ਕਰਦਿਆਂ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਮਾਡਲ ਰਾਹੀਂ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ।
ਇਹ ਕਾਫ਼ਲਾ ਅਖੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ ਪਹੁੰਚਿਆ, ਜਿੱਥੇ ਵੱਖ-ਵੱਖ ਪਤਵੰਤੇ ਸਜਣਾਂ ਵੱਲੋਂ ਵੈਨ ਨੂੰ ਅੱਗੇ ਰਵਾਨਾ ਕੀਤਾ ਗਿਆ। ਇਸ ਦੌਰਾਨ ਡਾ. ਸੁਖਪਾਲ ਸਿੰਘ ਸਿੱਧੂ ਵੱਲੋਂ ਗਾਇਆ ਗਿਆ ਜਾਗਰੂਕਤਾ ਗੀਤ ‘ਜਾਗੋ’ ਲੋਕਾਂ ਲਈ ਵਿਸ਼ੇਸ਼ ਪ੍ਰੇਰਣਾ ਦਾ ਸਰੋਤ ਬਣਿਆ ।
ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ, ਕਿਤਾਬਾਂ, ਮਿਡ-ਡੇ-ਮੀਲ ਸਮੇਤ ਅਧੁਨਿਕ ਸਿੱਖਿਆਈ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮੁਹਿੰਮ ਦੀ ਸਫ਼ਲਤਾ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ, ਹੈੱਡ ਟੀਚਰਾਂ ਅਤੇ ਸਟਾਫ਼ ਵੱਲੋਂ ਭਰਪੂਰ ਯੋਗਦਾਨ ਦਿੱਤਾ ਗਿਆ । ਮੋਬਾਇਲ ਵੈਨਾਂ ਰਾਹੀਂ ਪਿੰਡ-ਪਿੰਡ ਜਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।