ਲੁਧਿਆਣਾ ਪੁਲਿਸ ਦੀ ਵੱਡੀ ਸਫ਼ਲਤਾ! ਵਾਰਦਾਤ ਦੀ ਫਿਰਾਕ 'ਚ ਬਦਮਾਸ਼ ਅਸਲੇ ਸਮੇਤ ਗ੍ਰਿਫ਼ਤਾਰ
ਕਮਿਸ਼ਨਰੇਟ ਪੁਲਿਸ ਦਾ ਸ਼ਿਕੰਜਾ! ਖ਼ੂਫੀਆ ਤੰਤਰ ਦੀ ਮੁਸਤੈਦੀ ਨੇ ਫੇਰਿਆ ਅਪਰਾਧਿਕ ਮਨਸੂਬਿਆਂ 'ਤੇ ਪਾਣੀ
ਸੁਖਮਿੰਦਰ ਭੰਗੂ
ਲੁਧਿਆਣਾ 25 ਜਨਵਰੀ 2026- ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਰਾਇਮ ਬ੍ਰਾਂਚ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰ ਸਮੇਤ ਗ੍ਰਿਫਤਾਰ ਕੀਤਾ।
ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ (IPS) ਦੇ ਦਿਸ਼ਾ ਨਿਰਦੇਸ਼ਾ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ, ਕਰਾਇਮ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੀ ਟੀਮ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਰਗਰਮ ਸੀ।
ਟੀ-ਪੁਆਇੰਟ, ਗੀਤਾ ਨਗਰ ਵਿਖੇ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲਣ ਤੇ ASI ਅਮਰੀਕ ਸਿੰਘ ਨੂੰ ਮੁਲਜ਼ਮ ਬਾਰੇ ਪੁਖ਼ਤਾ ਜਾਣਕਾਰੀ ਮਿਲੀ। ਪੁਲਿਸ ਨੇ ਬਿਨਾਂ ਸਮਾਂ ਗੁਆਏ ਵਿਜੇ ਨਗਰ ਦੀ ਪੁਲੀ ਨੇੜੇ ਛਾਪੇਮਾਰੀ ਕੀਤੀ ਅਤੇ ਵਾਰਦਾਤ ਦੀ ਫਿਰਾਕ ਵਿੱਚ ਖੜ੍ਹੇ ਮੁਲਜ਼ਮ ਨੂੰ ਦਬੋਚ ਲਿਆ।
ਇਸ ਸਬੰਧ ਵਿੱਚ ਥਾਣਾ ਟਿੱਬਾ, ਲੁਧਿਆਣਾ ਵਿਖੇ FIR ਨੰਬਰ 14 ਮਿਤੀ 24.01.2026 ਅਧੀਨ ਧਾਰਾ 25/54/59 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀ ਦੇ ਪਾਸੋਂ 01 ਪਿਸਟਲ 32 ਬੋਰ ਦੇਸੀ ਸਮੇਤ ਮੈਗਜ਼ੀਨ ਅਤੇ 01 ਰੌਦ 32 ਬੋਰ ਜਿੰਦਾ ਬਰਾਮਦ ਕੀਤੀ ਗਈ।
ਪੁਲਿਸ ਦੀ ਇਸ ਕਾਰਵਾਈ ਨਾਲ ਸ਼ਹਿਰ ਵਿੱਚ ਹੋਣ ਵਾਲੀ ਕਿਸੇ ਸੰਭਾਵੀ ਵੱਡੀ ਵਾਰਦਾਤ ਨੂੰ ਟਾਲ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਜਾਇਜ਼ ਅਸਲਾ ਕਿੱਥੋਂ ਸਪਲਾਈ ਹੋਇਆ ਸੀ ਅਤੇ ਮੁਲਜ਼ਮ ਦੇ ਤਾਰ ਹੋਰ ਕਿਹੜੇ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਏ ਹਨ।