Gurdaspur News- ਨਰਕ ਵਰਗਾ ਹਾਲ! ਸੜਕਾਂ 'ਚ ਪਏ ਟੋਏ, ਲੋਕ ਜੁੱਤੀਆਂ ਹੱਥਾਂ 'ਚ ਫੜ ਕੇ ਲੰਘਣ ਲਈ ਮਜਬੂਰ
ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਦਾ ਬਾਰਿਸ਼ ਕਾਰਨ ਬੁਰਾ ਹਾਲ ਹੋਇਆ
ਪਾਸ਼ ਕਹੀ ਜਾਂਦੀ ਕਲੋਨੀ ਵਿੱਚ ਰਹਿਣ ਵਾਲਿਆਂ ਨੇ ਕੱਢੀ ਭੜਾਸ, ਕਹਿੰਦੇ ਜੁੱਤੀਆਂ ਹੱਥਾਂ ਵਿੱਚ ਫੜ ਫੜ ਘਰ ਪਹੁੰਚਦੇ
ਰੋਹਿਤ ਗੁਪਤਾ, ਗੁਰਦਾਸਪੁਰ
ਕੁਝ ਦਿਨ ਪਹਿਲਾਂ ਸ਼ਹਿਰ ਦੀ ਪਾਸ਼ ਕਹੀ ਜਾਣ ਵਾਲੀ ਰਜਿੰਦਰਾ ਗਾਰਡਨ ਕਲੋਨੀ ਵਿੱਚ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਲਈ ਕਲੋਨੀ ਦੀਆਂ ਸੜਕਾਂ ਪੁੱਟ ਦਿੱਤੀਆਂ ਗਈਆਂ ਸਨ। ਬੀਤੇ ਦਿਨ ਹੋਈ ਬਾਰਿਸ਼ ਕਾਰਨ ਇਹਨਾਂ ਸੜਕਾਂ 'ਤੇ ਵੱਡੇ ਵੱਡੇ ਟੋਏ ਹੋ ਗਏ ਅਤੇ ਇਸ ਪਾਸ਼ ਕਲੋਨੀ ਦਾ ਬੁਰਾ ਹਾਲ ਹੋ ਗਿਆ ਹੈ।
ਲੋਕਾਂ ਨੇ ਮਹਿੰਗੇ ਭਾਅ ਜ਼ਮੀਨਾਂ ਖਰੀਦ ਕੇ ਅਤੇ ਲੱਖਾਂ ਕਰੋੜਾਂ ਰੁਪਏ ਲਗਾ ਕੇ ਆਪਣੇ ਸੁਪਨਿਆਂ ਦੇ ਘਰ ਬਣਾਏ ਹਨ, ਪਰ ਅੱਜ ਦੇ ਹਾਲਾਤ ਇਹ ਹਨ ਕਿ ਦੋ ਦਿਨ ਤੋਂ ਬੱਚੇ ਸਕੂਲ ਵੀ ਨਹੀਂ ਜਾ ਪਾਏ। ਲੋਕਾਂ ਦਾ ਕਹਿਣਾ ਹੈ ਕਿ ਜੁੱਤੀਆਂ ਹੱਥਾਂ ਵਿੱਚ ਫੜ ਫੜ ਅਤੇ ਪੈਂਟਾਂ ਦੇ ਪੌਂਚੇ ਉੱਪਰ ਚੁੱਕ ਕੇ ਚਿੱਕੜ ਵਿੱਚੋਂ ਲੰਘ ਕੇ ਉਹ ਆਪਣੇ ਘਰ ਕਿਸੇ ਤਰ੍ਹਾਂ ਪਹੁੰਚ ਰਹੇ ਹਨ, ਜਦਕਿ ਵੱਡੇ ਵੱਡੇ ਟੋਏ ਹੋਣ ਕਾਰਨ ਚਾਰ ਗੱਡੀਆਂ ਦੋ ਦਿਨਾਂ ਵਿੱਚ ਇੱਥੇ ਫਸ ਚੁੱਕੀਆਂ ਹਨ, ਜਿਨ੍ਹਾਂ ਨੂੰ ਜੇਸੀਬੀ ਮੰਗਵਾ ਕੇ ਕਢਵਾਉਣਾ ਪਿਆ।
ਜੇਕਰ ਭੁੱਲ ਭੁਲੇਖੇ ਕੋਈ ਮਹਿਮਾਨ ਆ ਜਾਵੇ ਤਾਂ ਉਹ ਉਸ ਘੜੀ ਨੂੰ ਕੋਸਦਾ ਹੈ ਜਿਸ ਘੜੀ ਉਹ ਕਲੋਨੀ ਅੰਦਰ ਦਾਖਲ ਹੋਇਆ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਤਾਂ ਪਾ ਦਿੱਤੀਆਂ ਗਈਆਂ ਹਨ ਪਰ ਉਸ ਤੋਂ ਬਾਅਦ ਕਲੋਨੀ ਦੀਆਂ ਸੜਕਾਂ ਦੀ ਸੁੱਧ ਨਹੀਂ ਲਈ ਗਈ ਜਿਸ ਕਾਰਨ ਹਾਲਾਤ ਬਹੁਤ ਮਾੜੇ ਹੋ ਗਏ ਹਨ। ਉਹਨਾਂ ਕਿਹਾ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਆਉਣ ਵਾਲੇ ਹਰ ਇਲੈਕਸ਼ਨ ਦਾ ਬਾਈਕਾਟ ਕਰਨਗੇ।