Babushahi Special ਬਰਾੜ ਤਿੱਕੜੀ ਦੀ ਦਲਬਦਲੀ: ਯਾਰ ਮੇਰਾ ਤਿਤਲੀਆਂ ਵਰਗਾ, ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2026: ਪੰਜਾਬ ਦੇ ਮੌਸਮਵਾਦੀ ਨੇਤਾ ਹੁਣ ਮਾਣ ਦਾ ਪ੍ਰਤੀਕ ਮੰਨੇ ਜਾਣ ਲੱਗੇ ਹਨ ਜਿਸ ਕਰਕੇ ਸੱਤਾ ਲਈ ਸਿਆਸੀ ਵਫਾਦਾਰੀਆਂ ਬਦਲਣਾ ਹੁਣ ਸਧਾਰਨ ਜਿਹੀ ਗੱਲ ਬਣ ਗਈ ਹੈ। ਕੋਈ ਸਮਾਂ ਸੀ ਜਦੋਂ ਹਰਿਆਣਾ ਦੇ ਤੱਤਕਾਲੀ ਮੁੱਖ ਮੰਤਰੀ ਚੌਧਰੀ ਭਜਨ ਲਾਲ ਨੇ ਸੱਤਾ ’ਚ ਰਹਿੰਦਿਆਂ ਆਪਣੀ ਪਾਰਟੀ ਬਦਲੀ ਸੀ ਤਾਂ ਇਸ ਦੀ ਤੁਲਣਾ ‘ਆਇਆ ਰਾਮ ਗਿਆ ਰਾਮ ਨਾਲ ਕੀਤੀ ਜਾਣ ਲੱਗੀ ਸੀ ਅਤੇ ਦਲਬਦਲੀਆਂ ਮੌਕੇ ਮਿਸਾਲਾਂ ਦਿੱਤੀ ਜਾਂਦੀਆਂ ਸਨ। ਪੰਜਾਬ ਵੀ ਹੁਣ ਇਸ ਵਰਤਾਰੇ ਤੋਂ ਕੋਈ ਪਿੱਛੇ ਨਹੀਂ ਰਹਿ ਗਿਆ ਹੈ ਜਿੱਥੇ ਅੱਜ ਪੰਜਾਬ ਦੀ ਸਿਆਸਤ ਦੇ ਅਹਿਮ ਬਰਾੜਾਂ ਜਗਮੀਤ ਬਰਾੜ ਤੇ ਭਰਾ ਰਿਪਜੀਤ ਬਰਾੜ ਅਤੇ ਚਰਨਜੀਤ ਬਰਾੜ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਹੈ। ਬੇਸ਼ੱਕ ਮਿਸ਼ਨ 2027 ਹਾਲੇ ਦੂਰ ਹੈ ਪਰ ਦਲ-ਬਦਲੂਆਂ ਦਾ ਭਰਨ ਲੱਗਿਆ ਮੇਲਾ ਦੇਖਣ ਪਿੱਛੋਂ ਤਾਂ ਇਹੋ ਜਾਪਦਾ ਹੈ ਕਿ ‘ਛੱਜਾਂ ਵਾਲਿਆਂ ਨੂੰ ਤੀਲੀਆਂ ਵਾਲੇ ਅਗੇਤੇ ਹੀ ਮਿਲਣ ਲੱਗ ਪਏ ਹਨ।’
ਦਰਅਸਲ ਆਵਾਜ਼-ਏ-ਪੰਜਾਬ ਵਜੋਂ ਜਾਣੇ ਜਾਂਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ, ਐੱਲਐੱਲਬੀ ਪਾਸ ਜਗਮੀਤ ਬਰਾੜ ਦੀ ਦਲ ਬਦਲਣ ’ਚ ਝੰਡੀ ਹੈ। ਜਗਮੀਤ ਬਰਾੜ ਲਈ ਤਾਂ ਹੁਣ ਭਾਜਪਾ ਤੋਂ ਸਿਵਾਏ ਕੋਈ ਹੋਰ ਮਹੱਤਵਪੂਰਨ ਪਾਰਟੀ ਪਿੱਛੇ ਬਾਕੀ ਨਹੀਂ ਰਹਿ ਗਈ ਸੀ ਜਿਸ ’ਚ ਉਹ ਅੱਜ ਸ਼ਾਮਲ ਹੋ ਗਏ ਹਨ। ਜਗਮੀਤ ਬਰਾੜ ਹੁਣ ਤੱਕ ਤਕਰੀਬਨ 10 ਚੋਣਾਂ ਲੜ ਚੁੱਕੇ ਹਨ ਅਤੇ ਉਨ੍ਹਾਂ ਨੇ 1980 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਆਪਣੀ ਪਹਿਲੀ ਚੋਣ ਗਿੱਦੜਬਾਹਾ ਹਲਕੇ ਤੋਂ ਲੜੀ ਸੀ ਪਰ ਜਿੱਤ ਨਸੀਬ ਨਾਂ ਹੋ ਸਕੀ। ਕਾਂਗਰਸ ਤਰਫੋਂ ਉਨ੍ਹਾਂ ਫਰੀਦਕੋਟ ਤੋਂ ਪਹਿਲੀ ਜਿੱਤ 1992 ’ਚ ਪ੍ਰਾਪਤ ਕੀਤੀ ਸੀ। ਕੌਮੀ ਪੱਧਰ ’ਤੇ ਜਗਮੀਤ ਬਰਾੜ ਦੀ ਉਦੋਂ ਵੱਡੀ ਪੱਧਰ ਤੇ ਚਰਚਾ ਹੋਈ ਸੀ ਜਦੋਂ ਉਨ੍ਹਾਂ 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਫਰੀਦਕੋਟ ਤੋਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਬਾਦਲ ਨੂੰ ਹਰਾ ਦਿੱਤਾ ਸੀ।
ਇਸ ਜਿੱਤ ਤੋਂ ਬਾਅਦ ਜਗਮੀਤ ਬਰਾੜ ਦੀ ਕਾਂਗਰਸ ਦੇ ਕੌਮੀ ਪੱਧਰ ਦੇ ਆਗੂ ਵਜੋਂ ਪਛਾਣ ਬਣ ਗਈ ਅਤੇ ਆਲ ਇੰਡੀਆ ਕਾਂਗਰਸ ਦੀ ਕੌਮੀ ਲੀਡਰਸ਼ਿਪ ’ਚ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣ ਲੱਗਿਆ ਸੀ। ਕਾਂਗਰਸ ਵਿੱਚ ਲਗਾਤਾਰ ਤਕਰੀਬਨ 35 ਸਾਲ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਸਾਲ 2014 ’ਚ ਮੱਤਭੇਦ ਹੋਣ ਕਾਰਨ ਉਨ੍ਹਾਂ ਕਾਂਗਰਸ ਹਾਈਕਮਾਂਡ ਖਿਲਾਫ ਮੋਰਚਾ ਖੋਹਲ ਦਿੱਤਾ ਜਿਸ ਕਰਕੇ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ । ਇਸ ਦੌਰਾਨ ਜਗਮੀਤ ਬਰਾੜ ਨੇ ਝਾੜੂ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਗੱਲ ਨਾਂ ਬਣ ਸਕੀ। ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੰਚਾਲਿਤ ‘ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਵਿੱਚ ਸ਼ਾਮਲ ਹੋ ਗਏ ਜਿੱਥੇ ਉਨ੍ਹਾਂ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ। ਤ੍ਰਿਣਮੂਲ ਕਾਂਗਰਸ ਵਿੱਚ ਵੀ ਬਰਾੜ ਦੀ ਦਲ ਨਾਂ ਗਲੀ ਅਤੇ ਕੁੱਝ ਸਮੇਂ ਬਾਅਦ ਟੀਐਮਸੀ ਨੂੰ ਅਲਵਿਦਾ ਆਖ ਗਏ।
ਇੱਥੇ ਦਿਲਚਸਪ ਗੱਲ ਇਹ ਹੈ ਕਿ ਜਗਮੀਤ ਸਿੰਘ ਬਰਾੜ ਵੱਲੋਂ ਸ਼ਰੋਮਣੀ ਅਕਾਲੀ ਦਲ ਖਿਲਾਫ ਸਭ ਤੋਂ ਵੱਧ ਸਿਆਸੀ ਭੰਡੀ ਪ੍ਰਚਾਰ ਕੀਤਾ ਜਾਂਦਾ ਸੀ ਪਰ ਇਨ੍ਹਾਂ ਗੱਲਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ 19 ਅਪਰੈਲ 2019 ਨੂੰ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ । ਇਸ ਫੈਸਲੇ ਨੂੰ ਜਗਮੀਤ ਬਰਾੜ ਦੇ ਰਾਜਨੀਤਕ ਸਫਰ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਅਤੇ ਸਿਆਸੀ ਮਾਹਿਰਾਂ ਦੀਆਂ ਉੱਂਗਲਾਂ ਟੁੱਕਣ ਵਾਲਾ ਮੰਨਿਆ ਜਾਂਦਾ ਹੈ। ਸ਼ਰੋਮਣੀ ਅਕਾਲੀ ਦਲ ਨੇ 2022 ਵਿੱਚ ਜਗਮੀਤ ਬਰਾੜ ਨੂੰ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮੌੜ ਮੰਡੀ ਤੋਂ ਉਮੀਦਵਾਰ ਬਣਾਇਆ ਪਰ ਉਹ ਚੋਣ ਜਿੱਤ ਨਾਂ ਸਕੇ। ਹਾਰ ਤੋਂ ਬਾਅਦ ਮੱਤਭੇਦ ਹੋਣ ਕਾਰਨ ਅਕਾਲੀ ਦਲ ਨਾਲ ਨੇ ਉਨ੍ਹਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੀ। ਸਾਲ 2024 ’ਚ ਗਿੱਦੜਬਾਹਾ ਹਲਕੇ ਦੀ ਜਿਮਨੀ ਚੋਣ ਮੌਕੇ ਜਗਮੀਤ ਬਰਾੜ ਨੇ ਅਜਾਦ ਉਮੀਦਵਾਰ ਵਜੋਂ ਨਾਮਜਦਗੀ ਦਾਖਲ ਕਰਵਾਈ ਜੋ ਮਗਰੋਂ ਹੈਰਾਨੀਜਨਕ ਢੰਗ ਨਾਲ ਵਾਪਿਸ ਲੈ ਲਈ ਸੀ।
ਜਗਮੀਤ ਬਰਾੜ ਦਾ ਪਿਛੋਕੜ
ਜਗਮੀਤ ਸਿੰਘ ਬਰਾੜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ ਅਤੇ 1975 ਤੋਂ 1977 ਤੱਕ ਵਿਦਿਆਰਥੀ ਆਗੂ ਵਜੋਂ ਕੰਮ ਕਰਦੇ ਰਹੇ। ਸਾਲ 1979 ਵਿੱਚ ਕਿਸਾਨ ਲਹਿਰ ਖੜ੍ਹੀ ਕਰਨ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ। ਵੱਖ-ਵੱਖ ਸਿਆਸੀ ਪਾਰਟੀਆਂ ਰਾਹੀਂ ਆਪਣਾ ਸਿਆਸੀ ਸਫ਼ਰ ਤੈਅ ਕਰਨ ਵਾਲੇ ਬਰਾੜ ਜ਼ਿਆਦਾਤਰ ਪੰਜਾਬ ਦੇ ਪਾਣੀਆਂ ਸਮੇਤ ਭਖਦੇ ਮੁੱਦੇ ਚੁੱਕਦੇ ਰਹਿੰਦੇ ਹਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਉਠਾਏ ਸਨ।
ਚਰਨਜੀਤ ਬਰਾੜ ਦੀ ਤੀਜੀ ਛਾਲ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਬਕਾ ਆਗੂ ਚਰਨਜੀਤ ਸਿੰਘ ਬਰਾੜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਸਨ। ਸਾਲ 2011 ’ਚ ਜਦੋਂ ਪੀਪਲਜ਼ ਪਾਰਟੀ ਬਣੀ ਤਾਂ ਉਦੋਂ ਵੀ ਬਰਾੜ ਮਨਪ੍ਰੀਤ ਨਾਲ ਸਨ ਪਰ ਉਨ੍ਹਾਂ ਅਚਾਨਕ ਸ਼੍ਰੋਮਣੀ ਅਕਾਲੀ ਦਲ ’ਚ ਵਾਪਿਸੀ ਕਰ ਲਈ ਜਿਸ ਨੂੰ ਲੈਕੇ ਲੰਮਾਂ ਸਮਾਂ ਚਰਚਾਵਾਂ ਦਾ ਦੌਰ ਵੀ ਚੱਲਿਆ ਸੀ। ਗਠਜੋੜ ਸਰਕਾਰ ਦੌਰਾਨ ਸੱਤਾ ਸੁੱਖ ਹੰਢਾਉਣ ਦੇ ਬਾਵਜੂਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਝੰਡਾ ਚੁੱਕਣ ਵਾਲਿਆਂ ’ਚ ਵੀ ਚਰਨਜੀਤ ਬਰਾੜ ਮੋਹਰੀਆਂ ਚੋਂ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਹੋਂਦ ’ਚ ਆਉਣ ਲਈ ਵੀ ਬਰਾੜ ਦੀ ਅਹਿਮ ਭੂਮਿਕਾ ਰਹੀ ਜਿੱਥੋਂ ਅਸਤੀਫਾ ਦੇਣ ਪਿੱਛੋਂ ਅੱਜ ਉਨ੍ਹਾਂ ਭਾਜਪਾ ਦਾ ਪੱਲਾ ਫੜਿਆ ਹੈ।