ਰਾਜਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਦਾਅਵੇ ਦਾ ਖੰਡਨ! ਕਿਹਾ- ਸਾਡੇ ਕੋਲ 169 ਸਰੂਪਾਂ ਦਾ ਰਿਕਾਰਡ ਮੌਜੂਦ
ਨਵਾਂ ਸ਼ਹਿਰ 15 ਜਨਵਰੀ 2026: ਪਿੰਡ ਮਜਾਰਾ ਨੌ ਅਬਾਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਰਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜਾਰਾ ਰਾਜਾ ਸਾਹਿਬ ਵਿਖੇ ਪਾਵਨ ਸਰੂਪਾਂ ਬਾਰੇ ਬਿਆਨ ਦਿੱਤਾ ਗਿਆ ਹੈ, ਇਹ ਬਿਆਨ ਗੁਮਰਾਹਕੁਨ ਅਤੇ ਤੱਥਾਂ ਤੋਂ ਦੂਰ ਹੈ। ਉਹਨਾਂ ਆਖਿਆ ਕਿ ਇਸ ਬਿਆਨ ਵਿੱਚ ਰੱਤਾ ਭਰ ਵੀ ਸੱਚਾਈ ਨਹੀਂ ਹੈ।
ਅਮਰੀਕ ਸਿੰਘ ਬੱਲੋਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਜਾਰਾ ਰਾਜਾ ਸਾਹਿਬ ਦੇ ਰਸੋਖਾਨਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਪਾਵਨ ਸਰੂਪ ਸੱਚਖੰਡ ਵਿੱਚ ਬਿਰਾਜਮਾਨ ਹਨ ਅਤੇ ਜਿਨ੍ਹਾਂ ਵਿੱਚੋਂ 79 ਪਾਵਨ ਸਰੂਪ 1978 ਤੋਂ 2012 ਤੱਕ ਦੇ ਹਨ। 62 ਸਰੂਪ ਭਾਈ ਜੀਵਨ ਸਿੰਘ ਚਤਰ ਸਿੰਘ ਅਤੇ ਦਿੱਲੀ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਹੋਏ ਹਨ। ਇਸ ਤੋਂ ਇਲਾਵਾ 28 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2019 ਵਿੱਚ ਲਿਆਂਦੇ ਗਏ ਅਤੇ ਜਿਸ ਦਾ ਰਿਕਾਰਡ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ 30 ਬਿਰਧ ਸਰੂਪ ਗੋਇੰਦਵਾਲ ਸਾਹਿਬ ਵਿਖੇ ਜਮ੍ਹਾਂ ਕਰਵਾਏ ਗਏ ਅਤੇ 20 ਸਰੂਪ ਉਥੋਂ ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦੇ ਗਏ। ਇਸੇ ਤਰ੍ਹਾਂ ਗੁਰੂ ਹਰਰਾਏ ਸਾਹਿਬ ਗੁਰਦੁਆਰਾ ਸਾਹਿਬ ਦੋਸਾਂਝ ਖੁਰਦ ਦੀ ਪ੍ਰਬੰਧਕ ਕਮੇਟੀ ਨੇ ਦਸ ਸਰੂਪ ਸ਼੍ਰੋਮਣੀ ਕਮੇਟੀ ਤੋਂ ਲਿਆਂਦੇ ਅਤੇ ਜੋ ਰਸੋਖਾਨਾ ਪ੍ਰਬੰਧਕ ਕਮੇਟੀ ਨੂੰ ਸੇਵਾ ਲਈ ਭੇਟ ਕਰ ਦਿੱਤੇ। ਉਸ ਦਾ ਰਿਕਾਰਡ ਵੀ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੇਸ਼ੀ ਤੋਂ ਪਹਿਲਾਂ ਹੜਬੜੀ ਵਿੱਚ ਆ ਕੇ ਇਹ ਬਿਆਨ ਦਿੱਤਾ ਅਤੇ ਸ਼ੋਸ਼ਾ ਛੱਡ ਦਿੱਤਾ। ਉਹਨਾਂ ਆਖਿਆ ਕਿ ਮੁੱਖ ਮੰਤਰੀ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਸਾਡੇ ਗੁਰੂ ਘਰਾਂ ਵਿੱਚ ਆ ਕੇ ਰਿਕਾਰਡ ਦੀ ਜਾਂਚ ਕਰਵਾਉਣ।
ਉਹਨਾਂ ਆਖਿਆ ਕਿ ਸਿੱਟ ਦੀ ਟੀਮ ਵਿੱਚ ਕੋਈ ਵੀ ਅੰਮ੍ਰਿਤਧਾਰੀ ਸ਼ਾਮਿਲ ਨਹੀਂ ਸੀ। ਉਹਨਾਂ ਆਖਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਸਿੱਟ ਦੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਸਿੱਟ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ, ਉਸ ਦਾ ਸਾਰਾ ਰਿਕਾਰਡ ਪ੍ਰਬੰਧਕ ਕਮੇਟੀ ਨੇ ਦਿੱਤਾ। ਦੁੱਖ ਦੀ ਗੱਲ ਇਹ ਹੈ ਕਿ ਪ੍ਰਬੰਧਕ ਕਮੇਟੀ ਪਾਸ ਸਿੱਟ ਦੀ ਟੀਮ ਨੇ ਸਾਰਾ ਰਿਕਾਰਡ ਸਹੀ ਹੋਣ ਦਾ ਦਾਅਵਾ ਕੀਤਾ ਪ੍ਰੰਤੂ ਮੁੱਖ ਮੰਤਰੀ ਦੇ ਸਲਾਹਕਾਰਾਂ ਦੇ ਕਾਰਨ ਗਲਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨਾਲ ਸਿੱਖ ਸਮਾਜ ਨੂੰ ਠੇਸ ਪੁੱਜੀ। ਉਹਨਾਂ ਆਖਿਆ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਅਤੇ ਇੱਥੇ ਪੂਰੀ ਗੁਰਮਤ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਹੈ।
ਉਹਨਾਂ ਦੱਸਿਆ ਕਿ ਇਸ ਅਸਥਾਨ 'ਤੇ ਲਗਾਤਾਰ 42 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ। ਇੱਥੇ ਕੋਈ ਵੀ ਸਰੂਪ ਅਜਿਹਾ ਨਹੀਂ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਦੇ ਲਾਪਤਾ ਸਰੂਪਾਂ ਨਾਲ ਸਬੰਧ ਹੋਵੇ। ਉਹਨਾਂ ਆਖਿਆ ਕਿ 169 ਸਰੂਪਾਂ ਵਿੱਚੋਂ 107 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਪੇ ਹੋਏ ਹਨ। ਇਸੇ ਤਰ੍ਹਾਂ 2015 ਵਿੱਚ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਸਾਰਾ ਰਿਕਾਰਡ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਜਾਂਦਾ ਹੈ। ਉਹਨਾਂ ਆਖਿਆ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪਰਚਾ ਦਰਜ ਕਰਕੇ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਦੇ ਗਲਤ ਬਿਆਨ ਕਾਰਨ ਇਲਾਕੇ ਵਿੱਚ ਦੰਗਾ ਪਸਾਦ ਵੀ ਹੋ ਸਕਦੇ ਸਨ। ਉਹਨਾਂ ਆਖਿਆ ਕਿ ਰਿਪੋਰਟ ਵਿੱਚ ਜੋ ਲਿਖਿਆ ਗਿਆ ਹੈ ਕਿ ਇਹ ਸਰੂਪ ਰਸੋਈ ਸਟੋਰ ਵਿੱਚੋਂ ਮਿਲੇ, ਇਹ ਗਲਤ ਜਾਣਕਾਰੀ ਹੈ, ਉਹਨਾਂ ਆਖਿਆ ਕਿ ਸਾਰੇ ਸਰੂਪ ਸੱਚਖੰਡ ਵਿੱਚ ਬਿਰਾਜਮਾਨ ਹਨ।
ਉਹਨਾਂ ਆਖਿਆ ਕਿ ਜੇਕਰ ਸਾਡੇ ਅਸਥਾਨ 'ਤੇ ਕਿਸੇ ਤਰ੍ਹਾਂ ਦੀ ਵੀ ਕੋਈ ਊਣਤਾਈ ਹੈ ਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੀ ਟੀਮ ਭੇਜਣ ਅਤੇ ਇਸ ਦੀ ਜਾਂਚ ਕਰਨ। ਉਹਨਾਂ ਆਖਿਆ ਕਿ ਮਰਿਆਦਾ ਸੰਬੰਧੀ ਗੱਲਬਾਤ ਕਰਨ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਨਹੀਂ ਹੈ, ਇਹ ਅਧਿਕਾਰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਤਿੰਨ ਵਾਰ ਧਾਰਮਿਕ ਸਥਾਨ 'ਤੇ ਪਾਵਨ ਸਰੂਪਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਮਰਿਆਦਾ ਸੰਬੰਧੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੀ ਜਾਂਦੀ ਹੈ। ਇਸ ਮੌਕੇ 'ਤੇ ਇੰਦਰਜੀਤ ਸਿੰਘ ਸਿਆਣ ਪ੍ਰਧਾਨ, ਸ਼ਿੰਗਾਰਾ ਸਿੰਘ, ਅਮਰੀਕ ਸਿੰਘ ਬੱਲੋਂਵਾਲ ਮੁੱਖ ਬੁਲਾਰਾ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ, ਆਦਿ ਹਾਜ਼ਰ ਸਨ।