ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਦੀ ਨਾ ਮੇਰੀ ਹਿੰਮਤ ਅਤੇ ਨਾ ਔਕਾਤ- ਸੀਐੱਮ ਮਾਨ
ਅੰਮ੍ਰਿਤਸਰ, 15 ਜਨਵਰੀ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਤਮਸਤਕ ਹੋਏ ਅਤੇ ਸਿੰਘ ਸਾਹਿਬਾਨਾਂ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਤੌਰ ਨਿਮਾਣੇ ਸਿੱਖ ਵਜੋਂ ਪਹੁੰਚੇ ਹਨ ਅਤੇ ਉਨ੍ਹਾਂ ਦੀ ਕੋਈ ਔਕਾਤ ਨਹੀਂ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਵਿੱਚ ਕਮੀਆਂ ਅਤੇ ਫੰਡਾਂ ਦੀ ਦੁਰਵਰਤੋਂ ਸਬੰਧੀ ਲਿਖਤੀ ਰਿਕਾਰਡ ਅਤੇ ਸਬੂਤ ਪਹੁੰਚੇ ਸਨ, ਜੋ ਉਨ੍ਹਾਂ ਨੇ ਸਿੰਘ ਸਾਹਿਬਾਨ ਨੂੰ ਸੌਂਪ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਚੱਲ ਰਹੀ ਇੱਕ ਵਿਵਾਦਤ ਵੀਡੀਓ ਬਾਰੇ ਸੀਐਮ ਮਾਨ ਨੇ ਸਾਫ਼ ਕਿਹਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ AI (Artificial Intelligence) ਦਾ ਜ਼ਮਾਨਾ ਹੈ ਅਤੇ ਕੋਈ ਵੀ ਨਕਲੀ ਚੀਜ਼ ਬਣਾਈ ਜਾ ਸਕਦੀ ਹੈ। ਉਨ੍ਹਾਂ ਨੇ ਇਸ ਦੀ ਕਿਸੇ ਵੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ।
ਉਨ੍ਹਾਂ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਨੂੰ ਪਾਵਨ ਸਰੂਪਾਂ ਦੇ 'ਧਾਰਮਿਕ ਪਾਸਵਰਡ' ਮਿਲ ਜਾਣ, ਤਾਂ ਉਹ ਰਿਕਾਰਡ ਤੋਂ ਬਾਹਰਲੇ ਸਰੂਪਾਂ ਦੀ ਪਛਾਣ ਕਰਕੇ ਐਸ.ਜੀ.ਪੀ.ਸੀ. ਦੀ ਮਦਦ ਕਰ ਸਕਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਿੰਘ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਉਹ ਦਿੱਤੇ ਗਏ ਇਕ-ਇਕ ਕਾਗਜ਼ ਦੀ ਪੜਤਾਲ ਕਰਨਗੇ ਅਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਅਗਲਾ ਆਦੇਸ਼ ਜਾਰੀ ਕਰਨਗੇ।