Election Special ਭਾਜਪਾ ਲਈ ‘ਬੱਸ ਆਗ ਕਾ ਦਰਿਆ ਹੈ ਔਰ ਡੂਬਕੇ ਜਾਣਾ’ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ
ਅਸ਼ੋਕ ਵਰਮਾ
ਬਠਿੰਡਾ, 10 ਜਨਵਰੀ 2026: ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤਹਿਤ ਪੰਜਾਬ ਦੀ ਸੱਤਾ ’ਤੇ 10 ਸਾਲ ਕਾਬਜ਼ ਰਹਿਣ ਤੋਂ ਬਾਅਦ ਕਰੀਬ ਏਨੇ ਹੀ ਸਮੇਂ ਤੋਂ ਸੱਤਾਹੀਣ ਹੋਣ ਦਾ ਦਰਦ ਹੰਢਾ ਰਹੀ ਭਾਜਪਾ ਨੂੰ ਅਗਾਮੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਅਤੇ ਹੁਣ ਤੱਕ ਦੇ ਵੱਡੇ ਸਿਆਸੀ ਇਮਤਿਹਾਨ ਵਿੱਚੋਂ ਲੰਘਣਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਫਰਵਰੀ ਤੋਂ ਮਗਰੋਂ ਪ੍ਰਸਤਾਵਿਤ ਇਹ ਚੋਣਾਂ ਸ਼ਹਿਰੀ ਹਲਕੇ ’ਚ ਭਗਵਾ ਪਾਰਟੀ ਦਾ ਭਵਿੱਖ ਹੀ ਤੈਅ ਨਹੀਂ ਕਰਨਗੀਆਂ ਸਗੋਂ ਸਿਆਸੀ ਦਿਸ਼ਾ ਵੀ ਇਸ ਮੌਕੇ ਨਿਰਧਾਰਿਤ ਹੋਵੇਗੀ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀ ਗੈਰਮੌਜੂਦਗੀ ’ਚ ਭਾਜਪਾ ਲੀਡਰਸ਼ਿਪ ਦੀ ਇਹ ਪਹਿਲੀ ਵੱਡੀ ਪਰਖ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਟਕਸਾਲੀ ਅਤੇ ਹੋਰਨਾਂ ਪਾਰਟੀਆਂ ਤੋਂ ਆਏ ਆਗੂ ਇੱਕ ਮੋਰੀ ਲੰਘ ਜਾਂਦੇ ਹਨ ਤਾਂ ਬਠਿੰਡਾ ’ਚ ਸਿਆਸੀ ਚਮਤਕਾਰ ਕੀਤਾ ਜਾ ਸਕਦਾ ਹੈ।
ਉਹ ਵੀ ਉਸ ਵਕਤ ਜਦੋਂ 2021 ਦੀਆਂ ਨਗਰ ਨਿਗਮ ਚੋਣਾਂ ਵਾਂਗ ਭਾਜਪਾ ਨੂੰ ਕਿਸਾਨੀ ਅੰਦੋਲਨ ਵਰਗੇ ਕਿਸੇ ਵੱਡੇ ਵਿਰੋਧ ਦਾ ਸਾਹਮਣਾ ਨਹੀਂ ਹੈ। ਪਿਛਲੀ ਚੋਣਾਂ ਮੌਕੇ ਤਾਂ ਅਜਿਹਾ ਮਹੌਲ ਸੀ ਕਿ ਭਾਜਪਾ ਨੂੰ ਆਪਣੇ ਪ੍ਰਚਾਰ ਬੋਰਡ ਵੀ ਲਾਉਣੇ ਔਖੇ ਹੋਏ ਪਏ ਸਨ। ਫਰਵਰੀ 2021 ’ਚ ਹੋਈਆਂ ਨਿਗਮ ਚੋਣਾਂ ਦੀ ਪੁਣਛਾਣ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਬਹੁਤੇ ਭਾਜਪਾ ਉਮੀਦਵਾਰ ਨਿਯਮਾਂ ਅਨੁਸਾਰ ਆਪਣੇ ਵਾਰਡਾਂ ’ਚ ਪੋਲ ਹੋਈ ਵੋਟ ਦਾ ਅੱਠਵਾਂ ਹਿੱਸਾ ਲਿਜਾਣ ’ਚ ਵੀ ਕਾਮਯਾਬ ਨਹੀਂ ਹੋ ਸਕੇ ਸਨ। ਸਿਰਫ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਦੀ ਪਤਨੀ ਭਾਜਪਾ ਉਮੀਦਵਾਰ ਸ਼ਮਾ ਭਾਰਤੀ ਵਾਰਡ 40 ਤੋਂ 630 ਵੋਟਾਂ ਅਤੇ ਵਾਰਡ 29 ’ਚ ਕੰਚਨ 660 ਵੋਟਾਂ ਨਾਲ ਟੱਕਰ ਦੇਣ ’ਚ ਸਫਲ ਰਹੀਆਂ ਸਨ। ਬਾਕੀ ਵਾਰਡਾਂ ’ਚ ਭਾਜਪਾ ਉਮੀਦਵਾਰਾਂ ਚੋਂ ਕੋਈ ਵਿਰਲਾ ਹੀ ਤਿੰਨ ਅੰਕਾਂ ਤੱਕ ਪੁੱਜਿਆ ਨਹੀਂ ਤਾਂ ਜਿਆਦਾਤਰ ਦੋ ਅੱਖਰਾਂ ਤੱਕ ਹੀ ਸਿਮਟ ਗਏ ਸਨ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਨਗਰ ਨਿਗਮ ’ਚ ਭਾਜਪਾ ਕੋਟੋ ਚੋਂ ਦੋ ਵਾਰ ਡਿਪਟੀ ਮੇਅਰ ਰਹੀ ਬੀਜੇਪੀ ਆਗੂ ਗੁਰਿੰਦਰਪਾਲ ਕੌਰ ਮਾਂਗਟ ਵਾਰਡ ਨੰਬਰ 1 ਤੋਂ ਸਿਰਫ 86 ਵੋਟਾਂ ਹੀ ਲਿਜਾ ਸਕੀ ਸੀ ਜਦੋਂਕਿ ਵਾਰਡ ਨੰਬਰ ਦੋ ਤੋਂ ਭਾਜਪਾ ਉਮੀਦਵਾਰ ਮੰਜੂ ਬਾਲਾ ਨੂੰ 110 ਵੋਟਾਂ ਪਈਆਂ ਸਨ। ਵਾਰਡ ਨੰਬਰ 4 ਤੋਂ ਭਾਜਪਾ ਦੇ ਜਰਮਨਜੀਤ ਸਿੰਘ ਨੂੰ 145 ਵੋਟਾਂ ਪਈਆਂ ਸਨ। ਵਾਰਡ ਨੰਬਰ 5 ਤੋਂ ਸ਼ਕੁੰਤਲਾ ਰਾਣੀ 102 ਵੋਟਾਂ ਲੈ ਗਈ ਸੀ ਜਦੋਂਕਿ 6 ਤੋਂ ਭਾਜਪਾ ਦੇ ਕੁਲਵੰਤ ਸਿੰਘ ਨੂੰ 124 , ਵਾਰਡ ਨੰਬਰ 7 ਤੋਂ ਮਮਤਾ ਰਾਣੀ ਨੂੰ 129, ਵਾਰਡ ਨੰਬਰ 14 ਤੋਂ ਭਾਜਪਾ ਨੂੰ 182, ਵਾਰਡ ਨੰਬਰ 26 ਤੋਂ ਭਾਜਪਾ ਉਮੀਦਵਾਰ ਮੋਹਨ ਲਾਲ ਨੂੰ 169, ਵਾਰਡ 27 ਚੋਂ ਭਾਜਪਾ ਉਮੀਦਵਾਰ ਸਰੀਨਾ ਗੋਇਲ ਨੂੰ 191, ਵਾਰਡ ਨੰਬਰ 31 ਚੋਂ ਬਬੀਤਾ ਗੁਪਤਾ 171, ਵਾਰਡ 32 ਚੋਂ ਭਾਜਪਾ ਦੇ ਉਮੀਦਵਾਰ ਕੁਲਦੀਪ ਸਿੰਘ ਨੂੰ 180 ਵੋਟਾਂ ਪਈਆਂ ਸਨ।
ਇਸੇ ਤਰਾਂ ਹੀ ਵਾਰਡ ਨੰਬਰ 37 ਚੋਂ ਭਾਜਪਾ ਦੇ ਅਸ਼ੋਕ ਕੁਮਾਰ ਸੈਣੀ ਨੂੰ 142 ਵੋਟਾਂ ਪਈਆਂ ਸਨ ਜਦੋਂਕਿ ਵਾਰਡ ਨੰਬਰ 39 ’ਚ ਨੇਹਾ ਰਾਣੀ ਨੂੰ 106 ਅਤੇ ਵਾਰਡ ਨੰਬਰ 45 ’ਚ ਭਾਜਪਾ ਉਮੀਦਵਾਰ ਨੀਲਮ ਰਾਣੀ ਨੂੰ 132 ਵੋਟਾਂ ਪਈਆਂ ਸਨ । ਇਸ ਸੰਕਟ ਦੀ ਘੜੀ ਦੌਰਾਨ ਔਖੇ ਹਾਲਾਤਾਂ ਦੇ ਬਾਵਜੂਦ ਵਾਰਡ 33 ਚੋਂ ਭਾਜਪਾ ਦੀ ਰੀਟਾ ਨੂੰ 422 ਵੋਟਾਂ, ਵਾਰਡ ਨੰਬਰ 35 ਚੋਂ ਸੀਮਾ ਅਰੋੜਾ ਨੂੰ 319 ਅਤੇ ਵਾਰਡ ਨੰਬਰ 38 ਚੋਂ ਨਿਸ਼ਾ ਸਰਮਾ ਨੂੰ 332 ਵੋਟਾਂ ਪਈਆਂ ਜਿਸ ਨੇ ਹਾਰ ਦੇ ਬਾਵਜੂਦ ਇੰਨ੍ਹਾਂ ਉਮੀਦਵਾਰਾਂ ਨੂੰ ਹੌਂਸਲਾ ਦਿੱਤਾ ਸੀ ਸਨ। ਭਾਜਪਾ ਉਮੀਦਵਾਰਾਂ ਚੋਂ ਸਭ ਤੋਂ ਘੱਟ ਵੋਟਾਂ ਪੈਣ ਦਾ ਰਿਕਾਰਡ ਵਾਰਡ 10 ਤੋਂ ਰਾਜ ਕਮਾਰ ਦੇ ਨਾਮ ਹੈ ਜੋ ਨੋਟਾ ਦੀਆਂ 21 ਵੋਟਾਂ ਦੇ ਮੁਕਾਬਲੇ ਸਿਰਫ 12 ਵੋਟਾਂ ਹੀ ਲਿਜਾ ਸਕਿਆ ਸੀ । ਵਾਰਡ 20 ਚੋਂ ਭਾਜਪਾ ਦੀ ਮੰਜੂ ਕੌਰ ਨੂੰ 18 ਵੋਟਾਂ ਪਈਆਂ ਸਨ।
ਵਾਰਡ ਨੰਬਰ 9 ਤੋਂ ਪਰਮਿੰਦਰ ਰਾਣੀ ਨੂੰ 62, ਗੀਤਾ ਨੇਗੀ ਨੂੰ ਵਾਰਡ 11 ਤੋਂ91, ਵਾਰਡ 13 ਤੋਂ ਅਮਨਦੀਪ ਕੌਰ ਨੂੰ 67 , ਵਾਰਡ 16 ਤੋਂ ਦੀਪਕ ਕੁਮਾਰ ਨੂੰ 60 ,ਵਾਰਡ ਨੰਬਰ 18 ਤੋਂ ਦੇਵਾਨੰਦ ਨੂੰ 61, ਵਾਰਡ 21 ਤੋਂ ਰਿੰਕੂ ਬਾਲਾ ਨੂੰ 46, ਵਾਰਡ ਨੰਬਰ 22 ਤੋਂ ਸੁਰੰਜਣਾ ਰਾਣੀ ਨੂੰ 55 ਵੋਟਾਂ, ਵਾਰਡ 28 ਤੋਂ ਭਾਜਪਾ ਉਮੀਦਵਾਰ ਵਿਸ਼ਾਲ ਸਾਬੂ ਨੂੰ 91, ਵਾਰਡ ਨੰਬਰ 41 ਤੋਂ ਭਾਜਪਾ ਦੇ ਮਿੰਦਰੋ ਨੂੰ 60 ਵਾਰਡ 42 ਤੋਂ ਸੁਨੀਤਾ ਰਾਣੀ ਨੂੰ 54 ਵਾਰਡ ਨੰਬਰ 43 ਤੋਂ ਭਾਜਪਾ ਉਮੀਦਵਾਰ ਸ਼ਕੁੰਤਲਾ ਨੂੰ 64 ,ਵਾਰਡ ਨੰਬਰ 44 ਤੋਂ ਜਤਿਨ ਕੁਮਾਰ ਨੂੰ 77 ਅਤੇ ਵਾਰਡ 48 ਤੋਂ ਭਾਜਪਾ ਉਮੀਦਵਾਰ ਪਵਨ ਕੁਮਾਰ ਨੂੰ 41 ਵੋਟਾਂ ਪਈਆਂ ਸਨ। ਬੇਸ਼ੱਕ ਇਹ ਉਮੀਦਵਾਰ ਪਾਰਟੀ ਦੀ ਸਾਖ ਬਚਾਉਣ ’ਚ ਤਾਂ ਸਫਲ ਨਹੀਂ ਹੋ ਸਕੇ ਸਨ ਪਰ ਔਖੇ ਹਾਲਾਤਾਂ ਦੇ ਬਾਵਜੂਦ ਭਾਜਪਾ ਦਾ ਝੰਡਾ ਚੁੱਕੀ ਰੱਖਿਆ ਜੋ ਵੱਡੀ ਗੱਲ ਹੈ।
ਸੰਜੀਦਗੀ ਨਾਲ ਲੜਾਂਗੇ ਚੋਣ: ਗੁਪਤਾ
ਭਾਜਪਾ ਵੱਲੋਂ ਨਗਰ ਨਿਗਮ ਬਠਿੰਡਾ ਦੀ ਚੋਣ ਲਈ ਨਿਯੁਕਤ ਇੰਚਾਰਜ ਜੀਵਨ ਗੁਪਤਾ ਦਾ ਕਹਿਣਾ ਸੀ ਕਿ ਪਿਛੋਕੜ ਨੂੰ ਧਿਆਨ ’ਚ ਰੱਖਦਿਆਂ ਇਸ ਵਾਰ ਮਜਬੂਤ ਉਮੀਦਵਾਰ ਅੱਗੇ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਇਹ ਚੋਣਾਂ ਸੰਜੀਦਗੀ ਨਾਲ ਲੜੇਗੀ ਅਤੇ ਜਿੱਤ ਪਾਪਤ ਕਰੇਗੀ।