ਚੰਡੀਗੜ੍ਹ ਯੂਨੀਵਰਸਿਟੀ ਨੇ ਆਲ—ਇੰਡੀਆ ਇੰਟਰ—ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸਿ਼ਪ ਦੀ ਓਵਰਆਲ ਟਰਾਫੀ 'ਤੇ ਕੀਤਾ ਕਬਜਾ, ਜਿੱਤੇ 11 ਸੋਨੇ ਦੇ ਤਮਗੇ
ਚੰਡੀਗੜ੍ਹ ਯੂਨੀਵਰਸਿਟੀ ਨੇ 16 ਮੈਡਲ ਜਿੱਤ ਕੇ ਫਰੀਸਟਾਈਲ ਅਤੇ ਗਰੀਕੋ—ਰੋਮਨ ਕੁਸ਼ਤੀ ਸ਼੍ਰੇਣੀਆਂ ਦੀ ਚੈਂਪੀਅਨਸਿ਼ਪ ਦੀ ਓਵਰਆਲ ਟਰਾਫੀ 'ਤੇ ਕੀਤਾ ਕਬਜ਼ਾ
ਗਰੀਕੋ—ਰੋਮਨ ਕੁਸ਼ਤੀ ਮੁਕਾਬਲਿਆਂ ਦੀ ਸ਼੍ਰੇਣੀ 'ਚ 5 ਤਮਗਿਆਂ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਦੂਜਾ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਨੇ 3 ਤਮਗਿਆਂ ਨਾਲ ਤੀਜਾ ਸਥਾਨ ਕੀਤਾ ਹਾਸਲ
ਫਰੀਸਟਾਈਲ ਕੁਸ਼ਤੀ ਸ਼੍ਰੇਣੀ 'ਚ ਐੱਮਡੀਯੂ ਰੋਹਤਕ ਨੇ ਦੂਜਾ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਤੀਜਾ ਸਥਾਨ ਕੀਤਾ ਪ੍ਰਾਪਤ
ਚੰਡੀਗੜ੍ਹ/ਮੋਹਾਲੀ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜ ਰੋਜ਼ਾ ਆਲ—ਇੰਡੀਆ ਇੰਟਰ—ਯੂਨੀਵਰਸਿਟੀ ਕੁਸ਼ਤੀ ਗਰੀਕੋ—ਰੋਮਨ ਅਤੇ ਫਰੀਸਟਾਈਲ ਚੈਂਪੀਅਨਸਿ਼ਪ ਅੰਤਿਮ ਦਿਨ ਹੋਏ ਕੁਸ਼ਤੀ ਦੇ ਸ਼ਾਨਦਾਰ ਮੁਕਾਬਲਿਆਂ ਨਾਲ ਸੰਪੰਨ ਹੋ ਗਈ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀਆਂ ਦੋਵਾਂ ਸ਼੍ਰੇਣੀਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 16 ਤਮਗੇ ਜਿੱਤ ਕੇ ਓਵਰਆਲ ਚੈਂਪੀਅਨਸਿ਼ਪ ਦਾ ਖਿਤਾਬ ਆਪਣੇ ਨਾਮ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ।ਇਨ੍ਹਾਂ ਤਮਗਿਆਂ ਵਿਚ 11 ਸੋਨੇ ਤਮਗੇ, ਜਿਨ੍ਹਾਂ ਵਿਚ ਗਰੀਕੋ ਰੋਮਨ ਵਿਚ 6 ਸੋਨੇ ਦੇ ਤਮਗੇ ਅਤੇ ਫਰੀਸਟਾਈਲ ਵਿਚ 5 ਸੋਨੇ ਦੇ ਤਮਗੇ ਹਾਸਲ ਕੀਤੇ। ਇਸ ਦੇ ਨਾਲ ਹੀ ਫਰੀਸਟਾਈਲ ਵਿਚ 3 ਚਾਂਦੀ ਤਮਗੇ ਤੇ ਦੋਵਾਂ ਸ਼੍ਰੇਣੀਆਂ ਵਿਚ 2 ਕਾਂਸੀ ਦੇ ਤਮਗੇ ਹਾਸਲ ਕੀਤੇ।
ਗਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਰਹੀ। ਜਦੋਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੂਜੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੀਜੇ ਸਥਾਨ 'ਤੇ ਰਹੀ। ਗਰੀਕੋ ਰੋਮਨ ਸ਼੍ਰੇਣੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਕੁੱਲ 7 ਤਮਗੇ ਜਿੱਤੇ,ਜਿਸ ਵਿਚ 6 ਸੋਨੇ ਤੇ 1 ਕਾਂਸੀ ਦਾ ਤਮਗਾ ਸ਼ਾਮਲ ਹੈ। ਦੂਜੇ ਸਥਾਨ 'ਤੇ ਰਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ 5 ਤਮਗੇ, ਜਿਨ੍ਹਾਂ ਵਿਚ 2 ਸੋਨੇ ਦੇ ਤਮਗੇ ਅਤੇ 3 ਕਾਂਸੀ ਦੇ ਤਮਗੇ ਹਾਸਲ ਕੀਤੇ ਅਤੇ ਤੀਜੇ ਸਥਾਨ 'ਤੇ ਰਹੀ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕੁੱਲ 3 ਤਮਗੇ ਹਾਸਲ ਕੀਤੇ, ਜਿਨ੍ਹਾਂ ਵਿਚ 1 ਸੋਨੇ ਦਾ ਤਮਗਾ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ।
ਗਰੀਕੋ—ਰੋਮਨ ਸ਼੍ਰੇਣੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ 6 ਭਾਰ ਵਰਗਾਂ ਵਿਚ ਸੋਨੇ ਦੇ ਤਮਗੇ ਜਿੱਤੇ, ਜਿਨ੍ਹਾਂ ਵਿਚ 60 ਕਿਲੋਗ੍ਰਾਮ ਭਾਰ ਵਰਗ ਵਿਚ ਕਪਿਲ ਦਲਾਲ, 64 ਕਿਲੋਗ੍ਰਾਮ ਵਿਚ ਸੌਰਭ, 82 ਕਿਲੋਗ੍ਰਾਮ ਵਿਚ ਉਮੇਸ਼, 82 ਕਿਲੋਗ੍ਰਾਮ ਵਿਚ ਪ੍ਰਿੰਸ ਅਤੇ 130 ਕਿਲੋਗ੍ਰਾਮ 'ਚ ਹਰਦੀਪ ਸਿੰਘ ਨੇ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ।ਇਨ੍ਹਾਂ ਖਿਡਾਰੀਆਂ ਨੇ ਆਪਣੇ ਚੰਗੇ ਖੇਡ ਹੁਨਰ ਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦਾ ਦਬਦਬਾ ਫਰੀਸਟਾਈਲ ਕੁਸ਼ਤੀ ਮੁਕਾਬਲਿਆਂ ਵਿਚ ਵੀ ਜਾਰੀ ਰਿਹਾ, ਜਿਥੇ ਸੀਯੂ ਨੇ ਐੱਮਡੀਯੂ ਰੋਹਤਕ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ।ਫਰੀਸਟਾਈਲ ਕੁਸ਼ਤੀ ਮੁਕਾਬਲਿਆਂ ਦੇ 61 ਕਿਲੋ ਭਾਰ ਵਰਗ ਵਿਚ ਤੁਸ਼ਾਰ, 65 ਕਿਲੋ ਭਾਰ ਵਰਗ ਵਿਚ ਦੀਪਾਂਸ਼ੂ ਅਤੇ 79 ਕਿਲੋ ਭਾਰ ਵਰਗ ਵਿਚ ਪਾਰਸ ਨੇ ਸੋਨੇ ਦੇ ਤਮਗੇ ਹਾਸਲ ਕੀਤੇ। ਇਨ੍ਹਾਂ ਵਿਚ ਕਈ ਮੁਕਾਬਲੇ ਵੱਡੇ ਫਰਕ ਨਾਲ ਜਿੱਤੇ ਗਏ। ਚੰਡੀਗੜ੍ਹ ਯੂਨੀਵਰਸਿਟੀ ਨੇ ਕੁੱਲ 9 ਤਮਗੇ ਹਾਸਲ ਕੀਤੇ, ਜਿਨ੍ਹਾਂ ਵਿਚ 5 ਸੋਨੇ ਦੇ ਤਮਗੇ, 3 ਚਾਂਦੀ ਅਤੇ 1 ਕਾਂਸੀ ਤਮਗਾ ਹਾਸਲ ਕੀਤਾ। ਦੂਜੇ ਸਥਾਨ ਹਾਸਲ ਕਰਨ ਵਾਈ ਐੱਮਡੀਯੂ ਰੋਹਤਕ, ਹਰਿਆਣਾ ਨੇ ਕੁੱਲ 3 ਮੈਡਲ ਹਾਸਲ ਕੀਤੇ, ਜਿਨ੍ਹਾਂ ਵਿਚ 1 ਚਾਂਦੀ ਅਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ 3 ਤਮਗੇ ਹਾਸਲ ਕੀਤੇ। ਇਨ੍ਹਾਂ ਵਿਚ 2 ਚਾਂਦੀ ਤੇ 1 ਕਾਂਸੀ ਦਾ ਤਮਗਾ ਪ੍ਰਾਪਤ ਕੀਤਾ।
ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ (ਏਆਈਯੂ) ਵੱਲੋਂ 5 ਤੋਂ 9 ਜਨਵਰੀ ਤੱਕ ਕਰਵਾਈ 5 ਰੋਜ਼ਾ ਕੌਮੀ ਚੈਂਪੀਨਸਿ਼ਪ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਈ ਗਈ, ਜਿਸ ਵਿਚ ਕੜਾਕੇ ਦੀ ਠੰਡ ਦੇ ਬਾਵਜੂਦ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲੇ। ਇਸ ਕੌਮੀ ਕੁਸ਼ਤੀ ਚੈਂਪੀਅਨਸਿ਼ਪ ਵਿਚ ਦੇਸ਼ ਭਰ ਦੀਆਂ 200 ਤੋਂ ਵੱਧ ਯੂਨੀਵਰਸਿਟੀਆਂ ਦੇ 2700 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਗਰੀਕੋ—ਰੋਮਨ ਅਤੇ ਫਰੀਸਟਾਈਲ ਕੁਸ਼ਤੀ ਦੇ 20 ਭਾਰ ਵਰਗਾਂ ਵਿਚ 2000 ਤੋਂ ਵੱਧ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਗਰੀਕੋ ਰੋਮਨ ਦੇ 130 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਹਰਦੀਪ ਨੇ ਪੀਯੂ, ਗੁਜਰਾਤ ਦੇ ਪਹਿਲਵਾਨ ਨਿਤਿਨ ਨੂੰ ਇੱਕਪਾਸੜ ਮੁਕਾਬਲੇ ਵਿਚ 8—0 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਤੁਸ਼ਾਰ ਨੇ ਫਰੀਸਟਾਈਲ 61 ਕਿਲੋਗ੍ਰਾਮ ਭਾਰ ਵਰਗ ਵਿਚ ਜੇਐੱਮਏਯੂ ਕੋਟਾ ਰਾਜਸਥਾਨ ਦੇ ਕਪਿਲ ਨੂੰ 11—0 ਅੰਕਾਂ ਨਾਲ ਹਰਾ ਕੇ ਸੋਨੇ ਤਮਗਾ ਆਪਣੇ ਨਾਮ ਕੀਤਾ।
74 ਕਿਲੋਗ੍ਰਾਮ ਭਾਰ ਵਰਗ ਦੇ ਇੱਕ ਫਾਈਨਲ ਕੁਸ਼ਤੀ ਮੁਕਾਬਲੇ ਵਿਚ ਗੋਂਡਵਾਨਾ ਯੂਨੀਵਰਸਿਟੀ ਦੇ ਨਿਸ਼ਾਂਤ ਨੇ ਐੱਲਪੀਯੂ ਪੰਜਾਬ ਦੇ ਸੌਰਭ ਨੂੰ 7—5 ਅੰਕਾਂ ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
65 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਦੀਪਾਂਸ਼ੂ ਨੇ ਪੀਯੂ, ਚੰਡੀਗੜ੍ਹ ਦੇ ਸਚਿਨ ਨੂੰ 10—0 ਅੰਕਾਂ ਨਾਲ ਹਰਾ ਕੇ ਇੱਕਪਾਸੜ ਫਾਈਨਲ ਮੁਕਾਬਲੇ ਵਿਚ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਾਰਸ ਨੇ ਐੱਮਐੱਸਬੀਯੂ, ਰਾਜਸਥਾਨ ਦੇ ਪਹਿਲਵਾਨ ਅੰਕਿਤ ਨੂੰ 11—8 ਅੰਕਾਂ ਨਾਲ ਹਰਾ ਕੇ 79 ਕਿਲੋਗ੍ਰਾਮ ਫਰੀਸਟਾਈਲ ਵਰਗ ਵਿਚ ਸਖ਼ਤ ਟੱਕਰ ਦਿੰਦਿਆਂ ਕੁਸ਼ਤੀ ਦਾ ਫਾਈਨਲ ਮੁਕਾਬਲਾ ਜਿੱਤ ਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ।
ਗਰੀਕੋ—ਰੋਮਨ ਕੁਸ਼ਤੀ ਦੇ 55 ਕਿਲੋਗ੍ਰਾਮ ਭਾਰ ਵਰਗ ਦੇ ਇੱਕ ਫਸਵੇਂ ਮੁਕਾਬਲੇ ਵਿਚ ਕੇਯੂਕੇ ਦੇ ਹਰਿਆਣਾ ਦੇ ਮਨੀਸ਼ ਨੇ ਕੇਐੱਨ ਮੋਦੀ ਯੂਨੀਵਰਸਿਟੀ, ਰਾਜਸਥਾਨ ਦੇ ਨਿਖਿਲ ਨੂੰ 9—6 ਅੰਕਾਂ ਦੇ ਫਰਕ ਨਾਲ ਸੋਨੇ ਦਾ ਤਮਗਾ ਜਿੱਤਿਆ।
79 ਕਿਲੋਗ੍ਰਾਮ ਵਰਗ ਦੇ ਫਰੀਸਟਾਈਲ ਦੇ ਇੱਕ ਹੋਰ ਰੋਮਾਂਚਕ ਕੁਸ਼ਤੀ ਮੁਕਾਬਲੇ ਵਿਚ ਸੀਯੂ ਦੇ ਪਹਿਲਵਾਨ ਪਾਰਸ ਨੇ ਐੱਮਐੱਸਬੀਯੂ, ਰਾਜਸਥਾਨ ਦੇ ਅੰਕਿਤ ਨੂੰ 11—8 ਅੰਕਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਫਰੀਸਟਾਈਲ 57 ਕਿਲੋ ਭਾਰ ਵਰਗ ਦੇ ਇੱਕ ਹੋਰ ਫਾਈਨਲ ਮੁਕਾਬਲੇ ਵਿਚ ਕੇਯੂਕੇ, ਹਰਿਆਣਾ ਦੇ ਪਹਿਲਵਾਨ ਰੋਹਿਤ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਰੂਪੇਸ਼ ਨੂੰ 4—1 ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਜਦੋਂ ਕਿ ਰੂਪੇਸ਼ ਨੇ ਚਾਂਦੀ ਦਾ ਤਮਗਾ ਜਿੱਤਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਕਪਿਲ ਦਲਾਲ ਨੇ ਬੀਐੱਮਯੂ, ਹਰਿਆਣਾ ਦੇ ਪਹਿਲਵਾਨ ਸਾਹਿਲ ਨੂੰ 15—7 ਅੰਕਾਂ ਨਾਲ ਹਰਾ ਕੇ 60 ਕਿਲੋਗ੍ਰਾਮ ਰੋਮਨ ਵਰਗ ਦੇ ਫਾਈਨਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ।
ਗਰੀਕੋ ਰੋਮਨ ਦੇ 82 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਉਮੇਸ਼ ਨੇ ਆਪਣੀ ਤਾਕਤ ਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੀਯੂਜੀ, ਦੇ ਪਹਿਲਵਾਨ ਵਿਜੈ ਨੂੰ 12—2 ਫਰਕ ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਇੱਕ ਹੋਰ ਫਸਵੇਂ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਿੰਸ ਨੇ ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ,ਜੀਂਦ ਦੇ ਅੰਕਿਤ ਨੂੰ 5—4 ਅੰਕਾਂ ਨਾਲ ਹਰਾ ਕੇ 87 ਕਿਲੋ ਗਰੀਕੋ—ਰੋਮਨ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਸੌਰਭ ਨੇ ਦੇਸ਼ ਭਗਤ ਯੂਨੀਵਰਸਿਟੀ, ਪੰਜਾਬ ਦੇ ਆਪਣੇ ਵਿਰੋਧੀ ਸੁਨੀਲ ਨੂੰ 9—4 ਅੰਕਾਂ ਨਾਲ ਗਰੀਕੋ—ਰੋਮਨ ਦੇ 67 ਕਿਲੋਗ੍ਰਾਮ ਭਾਰ ਵਰਗ ਵਿਚ ਫਾਈਨਲ ਕੁਸ਼ਤੀ ਮੁਕਾਬਲਾ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ।
ਇਸ ਤੋਂ ਪਹਿਲਾਂ ਚੈਂਪੀਨਸਿ਼ਪ ਦੇ ਅੰਤਿਮ ਦਿਨ ਸੈਮੀਫਾਈਨ ਮੁਕਾਬਲਿਆਂ ਕਈ ਸ਼ਾਨਦਾਰ ਮੁਕਾਬਲੇ ਵੇਖਣ ਨੂੰ ਮਿਲੇ। 57 ਕਿਲੋ ਗ੍ਰਾਮ ਫਰੀਸਟਾਈਲ ਦੇ ਇੱਕ ਸੈਮੀਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਰੂਪੇਸ਼ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਕਾਸ਼ ਨੂੰ 6—5 ਅੰਕਾਂ ਦੇ ਫਰਕ ਨਾਲ ਹਰਾਇਆ। ਇਸੇ ਸ਼੍ਰੇਣੀ ਦੇ ਇੱਕ ਹੋਰ ਮੁਕਾਬਲੇ ਵਿਚ ਕੇਯੂਕੇ ਹਰਿਆਣਾ ਦੇ ਰੋਹਿਤ ਨੇ ਮਹਾਤਮਾਂ ਗਾਂਧੀ ਕਾਸ਼ੀ ਵਿਦਿਆਪੀਠ ਵਾਰਾਣਸੀ ਦੇ ਜੈਵੀਰ ਨੂੰ 8—2 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ।
ਸੈਮੀਫਾਈਨਲ ਮੁਕਾਬਲੇ ਵਿਚ ਕੁਰੂਕਸ਼ੇਤਰ, ਹਰਿਆਣਾ ਦੇ ਮਨੀਸ਼ ਨੇ ਗਰੀਕੋ—ਰੋਮਨ 55 ਕਿਲੋ ਭਾਰ ਵਰਗ ਵਿਚ ਐੱਲਪੀਯੂ, ਪੰਜਾਬ ਦੇ ਨਿਤਿਨ ਨੂੰ 9—3 ਅੰਕਾਂ ਦੇ ਫਰਕ ਨਾਲ ਹਰਾਇਆ। ਇਕ ਹੋਰ ਸੈਮੀਫਾਈਨਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਕਾਸ ਨੇ 72 ਕਿਲੋਗ੍ਰਾਮ ਰੋਮਨ ਸ਼੍ਰੇਣੀ ਦੇ ਇੱਕਪਾਸੜ ਮੁਕਾਬਲੇ ਵਿਚ ਸਿ਼ਵਾਜੀ ਯੂਨੀਵਰਸਿਟੀ, ਕੋਹਲਾਪੁਰ ਦੇ ਓਮਕਾਰ ਨੂੰ 7—0 ਦੇ ਫਰਕ ਨਾਲ ਹਰਾਇਆ।
ਇੱਕ ਹੋਰ ਇੱਕਤਰਫ਼ਾ ਮੁਕਾਬਲੇ ਵਿੱਚ, ਗੁਰੂ ਕਾਸ਼ੀ ਯੂਨੀਵਰਸਿਟੀ ਪੰਜਾਬ ਦੇ ਮੋਹਿਤ ਨੇ ਗਰੀਕੋ—ਰੋਮਨ 72 ਕਿੱਲੋ ਭਾਰ ਵਰਗ ਵਿੱਚ ਕੇਯੂਕੇ, ਹਰਿਆਣਾ ਦੇ ਸੂਰਜ ਨੂੰ 9—0 ਦੇ ਵੱਡੇ ਫਰਕ ਨਾਲ ਹਰਾਇਆ। ਸੈਮੀਫਾਈਨਲ ਮੁਕਾਬਲੇ ਵਿੱਚ, ਬਾਬਾ ਮਸਤਨਾਥ ਯੂਨੀਵਰਸਿਟੀ, ਰੋਹਤਕ ਦੇ ਧੀਰਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਦੇ ਵਿਨੈ ਗੁਜਰ 'ਤੇ ਦਬਦਬਾ ਬਣਾਇਆ ਅਤੇ 11—0 ਦੇ ਫੈਸਲਾਕੁੰਨ ਅੰਤਰ ਨਾਲ ਮੈਚ ਜਿੱਤ ਲਿਆ। ਦੂਜੇ ਸੈਮੀਫਾਈਨਲ ਵਿੱਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਦੇ ਸਚਿਨ ਨੇ ਆਪਣੀ ਤਾਕਤ ਅਤੇ ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਅਤੁਲ ਲੋਹਾਨ ਨੂੰ 9—8 ਅੰਕਾਂ ਦੇ ਮਾਮੂਲੀ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਾਨਦਾਰ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਤੇ ਪਹਿਲਵਾਨਾਂ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਲਈ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿ ਸਾਡੇ ਪਹਿਲਵਾਨਾਂ ਨੇ ਆਲ—ਇੰਡੀਆ ਇੰਟਰ—ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਸੋਨ ਤਗਮੇ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ਼ ਦੇਸ਼ ਦੀਆਂ ਸਭ ਤੋਂ ਵੱਡੀਆਂ ਇੰਟਰ—ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪਾਂ ਵਿੱਚੋਂ ਇੱਕ ਦੀ ਸਫਲ ਮੇਜ਼ਬਾਨੀ ਕੀਤੀ ਹੈ, ਸਗੋਂ ਰਾਸ਼ਟਰੀ ਪੱਧਰ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਵੀ ਆਪਣਾ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਕੁਸ਼ਤੀ ਸਿਰਫ਼ ਇੱਕ ਖੇਡ ਨਹੀਂ ਹੈ। ਬਲਕਿ ਸਾਡੇ ਦੇਸ਼ ਦੇ ਸੱਭਿਆਚਾਰ ਦਾ ਮਾਣ ਹੈ। ਸਾਡੀ ਯੂਨੀਵਰਸਿਟੀ ਨੌਜਵਾਨ ਖਿਡਾਰੀਆਂ ਨੂੰ ਰਵਾਇਤੀ ਖੇਡਾਂ ਨਾਲ ਜੋੜਨ ਲਈ ਵਚਨਬੱਧ ਹੈ।ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਾਡੀਆਂ ਜੜ੍ਹਾਂ ਨਾਲ ਜੁੜਨਾ ਜਰੂਰੀ ਹੈ। ਅਸੀਂ ਸਾਡੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਸਕਾਲਰਸਿ਼ਪ ਪ੍ਰਦਾਨ ਕਰ ਰਹੇ ਹਾਂ ਤਾਂ ਕਿ ਅਖਾੜੇ ਵਿਚੋਂ ਨਿਕਲ ਕੇ ਓਲੰਪਿਕ ਤਕ ਦਾ ਸਫ਼ਰ ਤੈਅ ਕਰ ਸਕਣ।
ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਾਲ 2024 ਵਿਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ ਟਰਾਫੀ) ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਸੀ। ਇਸਦੇ ਨਾਲ ਹੀ, ਲਗਾਤਾਰ ਦੋ ਸਾਲ 2024 ਅਤੇ 2025 ਵਿਚ ਖੇਲੋ ਇੰਡੀਆ ਗੇਮਜ਼ ਜਿੱਤ ਕੇ ਚੈਂਪੀਅਨਸਿ਼ਪ ਟਰਾਫੀ ਆਪਣੇ ਨਾਮ ਕੀਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੁਣ ਤੱਕ 138 ਨੈਸ਼ਨਲ ਅਤੇ 87 ਇੰਟਰਨੈਸ਼ਨਲ ਮੈਡਲਾਂ ਸਮੇਤ 610 ਮੈਡਲ ਜਿੱਤੇ ਹਨ।ਸੀਯੂ ਆਪਣੇ ਵਿਦਿਆਰਥੀ ਅਥਲੀਟਾਂ ਨੂੰ 6.5 ਕਰੋੜ ਰੁਪਏ ਦੇ ਸਲਾਨਾ ਬਜਟ ਦੇ ਨਾਲ ਸਪੋਰਟਸ ਸਕਾਲਰਸਿ਼ਪ ਵੀ ਪ੍ਰਦਾਨ ਕਰਦੀ ਹੈ।