ਪੰਜਾਬ ਯੂਨੀਵਰਸਿਟੀ 'ਚ ਭਲਕੇ ਹੋਵੇਗਾ ਸਭ ਤੋਂ ਵੱਡਾ ਪ੍ਰਦਰਸ਼ਨ..! ਹਜ਼ਾਰਾਂ ਦਾ ਇਕੱਠ ਹੋਣ ਦੀ ਉਮੀਦ
ਯੂਨੀਵਰਸਿਟੀ ਕੈਂਪਸ 'ਚ ਤਿੱਖਾ ਵਿਰੋਧ ਪ੍ਰਦਰਸ਼ਨ ਚੱਲ ਰਿਹੈ
ਚੰਡੀਗੜ੍ਹ, 9 ਨਵੰਬਰ 2025- ਪਿਛਲੇ ਕਈ ਦਿਨਾਂ ਤੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਤਿੱਖਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ। ਸਿੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਦੇਰ ਰਾਤ ਹੁਕਮ ਵਾਪਸ ਲੈਂਦੇ ਹੋਏ ਸਪੱਸ਼ਟ ਕੀਤਾ ਕਿ ਇਹ ਫੈਸਲਾ ਵਿਦਿਆਰਥੀਆਂ, ਅਧਿਆਪਕਾਂ, ਕੁਲਪਤੀਆਂ ਅਤੇ ਮੌਜੂਦਾ ਵਾਈਸ-ਚਾਂਸਲਰ ਸਮੇਤ ਵੱਖ-ਵੱਖ ਵਰਗਾਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਲਿਆ ਗਿਆ ਹੈ। ਪਰ ਪੀਯੂ ਬਚਾਓ ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਸੈਨੇਟ ਚੋਣਾਂ ਦੀ ਤਰੀਕ ਐਲਾਨੇ ਬਿਨਾਂ ਉਹ ਆਪਣਾ ਸੰਘਰਸ਼ ਨਹੀਂ ਰੋਕਣਗੇ।
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਦੇ ਕਿਸਾਨ, ਅਧਿਆਪਕ, ਵਿਦਿਆਰਥੀ ਅਤੇ ਮਜ਼ਦੂਰ ਸੰਗਠਨਾਂ ਨੇ 10 ਨਵੰਬਰ ਨੂੰ ਪੀਯੂ ਘਿਰਾਓ ਦਾ ਐਲਾਨ ਕਰਦੇ ਹੋਏ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ।
ਸੋਮਵਾਰ ਨੂੰ ਕਈ ਰਾਜਾਂ ਦੀਆਂ ਜਥੇਬੰਦੀਆਂ ਚੰਡੀਗੜ੍ਹ ਪਹੁੰਚਣਗੀਆਂ
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਸਮੇਤ ਕਈ ਰਾਜਾਂ ਦੀਆਂ ਜਥੇਬੰਦੀਆਂ ਸੋਮਵਾਰ ਨੂੰ ਚੰਡੀਗੜ੍ਹ ਪਹੁੰਚਣਗੀਆਂ। ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਵਿਰੋਧ ਸਿਰਫ ਯੂਨੀਵਰਸਿਟੀ ਤੱਕ ਸੀਮਤ ਨਹੀਂ ਰਹੇਗਾ, ਬਲਕਿ ਪੂਰਾ ਚੰਡੀਗੜ੍ਹ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪੁਲਿਸ ਰੋਕੇਗੀ, ਉਥੇ ਧਰਨਾ ਲਾਇਆ ਜਾਵੇਗਾ।
ਪਿਛਲੇ 9 ਦਿਨਾਂ ਵਿੱਚ ਚਾਰ ਵਾਰ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ-ਪੀਯੂ ਬਚਾਓ ਮੋਰਚਾ
ਮੋਰਚੇ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਪਿਛਲੇ 9 ਦਿਨਾਂ ਵਿੱਚ ਚਾਰ ਵਾਰ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ ਅਤੇ ਹਰ ਨੋਟੀਫਿਕੇਸ਼ਨ ਵਿੱਚ ਵੱਖਰੀ ਗੱਲ ਕਹੀ ਗਈ ਹੈ। ਕੇਂਦਰ ਸਰਕਾਰ ਆਪਣੇ ਫੈਸਲੇ ਬਦਲ-ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸ਼ੁੱਕਰਵਾਰ ਨੂੰ ਭਾਵੇਂ ਸੈਨੇਟ ਨੂੰ ਪਹਿਲਾਂ ਵਾਂਗ ਹੀ ਬਣੇ ਰਹਿਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਾਡਾ ਵਿਰੋਧ ਚੋਣ ਦੀ ਤਰੀਕ ਐਲਾਨੇ ਜਾਣ ਤੱਕ ਜਾਰੀ ਰਹੇਗਾ।
ਪੀਯੂ ਬਚਾਓ ਮੋਰਚੇ ਨੇ ਚੈੱਕਿੰਗ ਦੇ ਵਿਰੋਧ ਵਿੱਚ ਯੂਨੀਵਰਸਿਟੀ ਦੀਆਂ ਵੱਖ-ਵੱਖ ਸੜਕਾਂ ’ਤੇ ਲੱਗੇ ਬੈਰੀਕੇਡ ਹਟਾ ਦਿੱਤੇ। ਇਸ ਦੌਰਾਨ ਪੀਯੂ ਸੁਰੱਖਿਆ ਮੁਲਾਜ਼ਮ ਅਤੇ ਮੋਰਚੇ ਦੇ ਮੈਂਬਰ ਆਪਸ ਵਿੱਚ ਭਿੜਦੇ ਨਜ਼ਰ ਆਏ। ਮੋਰਚੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ 10 ਨਵੰਬਰ ਤੱਕ ਯੂਨੀਵਰਸਿਟੀ ਵਿੱਚ ਕਿਸੇ ਕਿਸਮ ਦੀ ਬੈਰੀਕੇਡਿੰਗ ਨਹੀਂ ਹੋਣ ਦੇਵਾਂਗੇ।