ਪਸ਼ੂਆਂ ਲਈ ਵੈਟਰਨਰੀ ਪੋਲੀਕਲਿਨਿਕ ’ਚ ਐਕਸ ਰੇ ਦੀ ਸਹੂਲਤ ਸ਼ੁਰੂ; ਪਟਿਆਲਾ ਬਣਿਆ ਸਹੂਲਤ ਦੇਣ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ
-ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਵੈਟਰਨਰੀ ਪੋਲੀਕਲਿਨਿਕ ’ਚ 56 ਲੱਖ ਰੁਪਏ ਦੀ ਐਕਸ-ਰੇ ਮਸ਼ੀਨ ਦਾ ਉਦਘਾਟਨ
-ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ’ਚ ਸਹਾਈ ਹੋਵੇਗੀ ਡਿਜੀਟਲ ਐਕਸ-ਰੇ ਮਸ਼ੀਨ : ਗੁਰਮੀਤ ਸਿੰਘ ਖੁੱਡੀਆਂ
-ਕਿਹਾ, ਪਸ਼ੂ ਸਾਡੀ ਅਰਥ ਵਿਵਸਥਾ ਦਾ ਧੁਰਾ
ਪਟਿਆਲਾ, 19 ਸਤੰਬਰ:
ਪੰਜਾਬ ਦੇ ਪਸ਼ੂ ਪਾਲਣ, ਖੇਤੀਬਾੜੀ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਟਿਆਲਾ ਤੋਂ ਸਰਕਾਰੀ ਵੈਟਰਨਰੀ ਪੋਲੀਕਲਿਨਿਕ ’ਚ ਸੂਬੇ ਦੀ ਪਹਿਲੀ ਪਸ਼ੂਆਂ ਲਈ ਡਿਜ਼ੀਟਲ ਐਕਸ ਰੇ ਦੀ ਸਹੂਲਤ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤਜਿੰਦਰ ਮਹਿਤਾ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਸਰਕਾਰੀ ਵੈਟਰਨਰੀ ਪੋਲੀਕਲਿਨਿਕ ’ਚ 56 ਲੱਖ ਰੁਪਏ ਦੀ ਆਧੁਨਿਕ 800 ਐਮ.ਏ.ਐਸ. ਐਕਸ-ਰੇ ਮਸ਼ੀਨ ਲਗਾਈ ਗਈ ਹੈ ਜੋ ਕਿ ਸੂਬੇ ’ਚ ਸਭ ਤੋਂ ਪਹਿਲੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਮਸ਼ੀਨ ਸੂਬੇ ਦੇ ਹੋਰਨਾਂ ਸਰਕਾਰੀ ਵੈਟਰਨਰੀ ਪੋਲੀਕਲਿਨਿਕ ਵਿੱਚ ਵੀ ਲਗਾਈ ਜਾਵੇਗੀ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਭਰ ਦੇ ਵੈਟਰਨਰੀ ਹਸਪਤਾਲਾਂ ਅਤੇ ਪੋਲੀਕਲਿਨਿਕ ਨੂੰ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਪਸ਼ੂਆਂ ਦੀ ਸਾਹ ਸੰਬੰਧੀ ਸਮੱਸਿਆਵਾਂ, ਹੱਡੀਆਂ ਦੀਆਂ ਬਿਮਾਰੀਆਂ, ਪੇਟ ਦੇ ਕੈਂਸਰ ਅਤੇ ਹੋਰ ਕਿਸਮਾਂ ਦੇ ਕੈਂਸਰ ਦੀ ਸਹੀ ਅਤੇ ਸਮੇਂ ਸਿਰ ਪਛਾਣ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਮਸ਼ੀਨ ਰੇਡੀਏਸ਼ਨ ਥੈਰੇਪੀ ਰਾਹੀਂ ਕੈਂਸਰ ਦੇ ਇਲਾਜ ਲਈ ਵੀ ਵਰਤੀ ਜਾ ਸਕਦੀ ਹੈ, ਜੋ ਕਿ ਪੰਜਾਬ ਦੇ ਵੈਟਰਨਰੀ ਸਿਹਤ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਸ਼ੂ ਪਾਲਣਾ ਪੰਜਾਬ ਦੀ ਅਰਥਵਿਵਸਥਾ ਦਾ ਅਟੁੱਟ ਹਿੱਸਾ ਹੈ। ਪਸ਼ੂ ਪਾਲਣ ਸੇਵਾਵਾਂ ਨੂੰ ਮਜ਼ਬੂਤ ਕਰਨ ਨਾਲ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਵੈਟਰਨਰੀ ਪੋਲੀਕਲਿਨਿਕ ਵਿਖੇ ਆਈ.ਪੀ.ਡੀ. ਦੀ ਸਹੂਲਤ ਵੀ ਮੌਜੂਦ ਹੈ ਜਿਸਦੇ ਰਹਿੰਦੀਆਂ ਇਲਾਜ ਅਧੀਨ ਪਸ਼ੂ/ ਕੁੱਤਾ ਜਾਂ ਬਿੱਲੀ ਨੂੰ ਰਾਤ ਦੇ ਸਮੇਂ ਵੀ ਹਸਪਤਾਲ ਵਿੱਚ ਦਾਖਲ ਰੱਖਿਆ ਜਾ ਸਕਦਾ ਹੈ। ਇਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ ਹੈ ਕਿ ਪਸ਼ੂ ਪਾਲਕ ਆਪਣੇ ਪਸ਼ੂ ਨਾਲ ਹਸਪਤਾਲ ਵਿੱਚ ਹੀ ਰਹਿ ਸਕਦੇ ਹਨ, ਜਿਸ ਨਾਲ ਪਸ਼ੂ ਨੂੰ ਇਲਾਜ ਲਈ/ ਓਪਰੇਸ਼ਨ ਉਪਰੰਤ ਵਾਰ ਵਾਰ ਹਸਪਤਾਲ ਲਿਆਉਣ ਦਾ ਖਰਚਾ ਵੀ ਬਚਦਾ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਹਾਲੇ ਤੱਕ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ 5 ਹਜ਼ਾਰ ਏਕੜ ’ਚ ਫ਼ਸਲ ਤਬਾਹ ਹੋਈ ਹੈ। ਉਨ੍ਹਾਂ ਦੱਸਿਆ ਕਿ 2500 ਦੇ ਕਰੀਬ ਮਰੇ ਪਸ਼ੂਆਂ ਦੀ ਸ਼ਨਾਖਤ ਹੋ ਚੁੱਕੀ ਹੈ ਤੇ ਹਾਲੇ ਹੋਰ ਸ਼ਨਾਖਤ ਕੀਤੀ ਜਾ ਰਹੀ ਹੈ, ਕਿਉਂਕਿ ਹਾਲੇ ਕਈ ਥਾਵਾਂ ’ਤੇ ਹਾਲੇ ਪਾਣੀ ਖੜਾਂ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਡਾਇਰੈਕਟਰ ਪਸ਼ੂ ਪਾਲਣ ਡਾ. ਪਰਮਜੀਤ ਸਿੰਘ ਵਾਲੀਆਂ, ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ, ਡਿਪਟੀ ਡਾਇਰੈਕਟਰ, ਰੌਣੀ ਫਾਰਮ ਡਾ. ਰਾਜੀਵ ਗੋਰਵਰ, ਅਸਿਸਟੈਂਟ ਡਾਇਰੈਕਟਰ ਡਾ. ਸੋਨਿੰਦਰ ਕੌਰ, ਡਾ. ਰਜਨੀਕ ਭੌਰਾ, ਡਾ. ਕੰਵਰ ਅਨੂਪ ਕਲੇਰ, ਡਾ. ਜਗਵਿੰਦਰ ਕੌਰ, ਡਾ. ਗਗਨਦੀਪ ਥਾਪਰਵਾਲ, ਡਾ. ਗੁਰਪ੍ਰੀਤ ਸਿੰਘ, ਡਾ. ਸੰਜੂ ਸਿੰਗਲਾ, ਡਾ. ਰਵੀ ਸਿੰਗਲਾ, ਡਾ. ਜਸਵਿੰਦਰ ਸਿੰਘ, ਡਾ. ਵਨੀਤ ਮਲਹੋਤਰਾ, ਡਾ. ਜਗਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਵੀ ਮੌਜੂਦ ਸਨ ।