ਭਾਸ਼ਾ ਵਿਭਾਗ ਦਾ ਸੁਪਰਡੈਂਟ ਮੁਅੱਤਲ
ਖੋਜ ਸਹਾਇਕਾਂ ਦੇ ਨਿਯੁਕਤੀ ਪੱਤਰ ਤਿਆਰ ਕਰਨ ’ਚ ਕੀਤੀ ਦੇਰੀ
ਬੇਲੋੜੀ ਦੇਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਡਾਇਰੈਕਟਰ
ਅੰਮ੍ਰਿਤਪਾਲ ਕੌਰ ਅਮਨ
ਪਟਿਆਲਾ, 19 ਸਤੰਬਰ 2025- ਭਾਸ਼ਾ ਵਿਭਾਗ ਵਿਚ ਖੋਜ ਸਹਾਇਕਾਂ ਦੇ ਨਿਯੁਕਤੀ ਪੱਤਰ ਤਿਆਰ ਕਰਨ ਵਿਚ ਦੇਰੀ ਕਰਨ ’ਤੇ ਡਾਇਰੈਕਟਰ ਵਲੋਂ ਸੁਪਰਡੈਂਟ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਦੇ ਡਾਇਰੈਕਟਰ ਜਸਵੰਤਰ ਸਿੰਘ ਜ਼ਫਰ ਨੇ ਦੱਸਿਆ ਕਿ ਵਿਭਾਗ ਦੇ ਕੰਮਾਂ ’ਚ ਬੇਲੋੜੀ ਦੇਰੀ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਅਗਲੇ ਦਿਨਾਂ ਵਿੱਚ ਯੋਗ ਉਮੀਦਵਾਰਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਜਾਣਕਾਰੀ ਅਨੁਸਾਰ ਭਾਸ਼ਾ ਵਿਭਾਗ ਵਿੱਚ ਖੋਜ ਸਹਾਇਕਾਂ ਦੀਆਂ 42 ਅਸਾਮੀਆਂ ਖਾਲੀ ਹਨ, ਜਿੰਨ੍ਹਾਂ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਤਿੰਨ ਸਾਲ ਪਹਿਲਾਂ ਭਾਸ਼ਾ ਵਿਭਾਗ ਵੱਲੋਂ ਸਟਾਫ਼ ਸਿਲੈਕਸ਼ਨ ਬੋਰਡ (ਐਸ ਐਸ ਬੋਰਡ) ਨੂੰ ਲਿਖਿਆ ਗਿਆ ਸੀ। ਉਕਤ ਅਸਾਮੀਆਂ ਪੁਰ ਕਰਨ ਲਈ ਵਿਭਾਗ ਦੇ ਡਾਇਰੈਕਟਰ ਨੇ ਸਮੇਂ-ਸਮੇਂ ਸਿਰ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਨੂੰ ਮਿਲ ਕੇ ਚੋਣ ਜਲਦੀ ਕਰਨ ਲਈ ਦਖਲ ਦੇਣ ਦੀ ਬੇਨਤੀ ਕੀਤੀ। ਆਖ਼ਿਰਕਾਰ ਐਸ. ਐਸ. ਬੋਰਡ ਵੱਲੋਂ ਮਿਤੀ 11 ਸਤੰਬਰ, 2025 ਨੂੰ 22 ਉਮੀਦਵਾਰਾਂ ਦੀ ਸੂਚੀ ਭਾਸ਼ਾ ਵਿਭਾਗ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਭੇਜ ਦਿੱਤੀ। ਭਾਸ਼ਾ ਵਿਭਾਗ ਵੱਲੋਂ ਉਮੀਦਵਾਰਾਂ ਨੂੰ ਮੈਡੀਕਲ ਸਰਟੀਫਿਕੇਟ, ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਅਤੇ ਅਸਲੀ ਸਰਟੀਫਿਕੇਟਾਂ ਸਮੇਤ ਆ ਕੇ ਜੁਆਇਨ ਕਰਨ ਲਈ ਸੱਦ ਕੇ, ਨਿਯੁਕਤੀ ਪੱਤਰ ਦਿੱਤਾ ਜਾਣਾ ਸੀ। ਪ੍ਰੰਤੂ ਸਬੰਧਤ ਸੁਪਰਡੈਂਟ (ਅਮਲਾ) ਭੁਪਿੰਦਰਪਾਲ ਸਿੰਘ ਵੱਲੋਂ ਸਿਫ਼ਾਰਿਸ਼ ਸੂਚੀ ਕਿਸੇ ਅਫ਼ਸਰ ਦੇ ਧਿਆਨ ਵਿੱਚ ਲਿਆਂਦੇ ਬਗੈਰ ਆਪਣੇ ਤੌਰ ’ਤੇ ਪਹਿਲਾਂ ਸਿਰਫ਼ ਸਰਟੀਫਿਕੇਟ ਚੈੱਕ ਕਰਵਾਉਣ ਲਈ ਪੱਤਰ ਲਿਖ ਦਿੱਤਾ ਅਤੇ ਫਿਰ ਆਪਣੇ ਤੌਰ ’ਤੇ ਹੀ ਦੁਬਾਰਾ ਆਪਣੀਆਂ ਪਬਲੀਕੇਸ਼ਨਾਂ ਚੈੱਕ ਕਰਵਾਉਣ ਲਈ ਪੱਤਰ ਲਿਖ ਦਿੱਤਾ।
ਉਮੀਦਵਾਰਾਂ ਨੇ ਸੁਪਰਡੇਂਟ ਦੀਆਂ ਮਨ ਮਰਜੀਆਂ ਬਾਰੇ ਕੀਤਾ ਖੁਲਾਸਾ
16 ਸਤੰਬਰ, 2025 ਨੂੰ ਉਮੀਦਵਾਰਾਂ ਦੇ ਇੱਕ ਵਫ਼ਦ ਨੇ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਮਿਲਕੇ ਦੱਸਿਆ ਕਿ ਸਬੰਧਤ ਅਮਲਾ ਭਾਗ ਦੇ ਸੁਪਰਡੈਂਟ ਭੁਪਿੰਦਰਪਾਲ ਸਿੰਘ ਵੱਲੋਂ ਨਿਯੁਕਤੀ ਪੱਤਰ ਦੇਣ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਇਸ ’ਤੇ ਡਾਇਰੈਕਟਰ ਵੱਲੋਂ ਅਮਲਾ ਭਾਗ ਨੂੰ ਤੁਰੰਤ ਨਿਯੁਕਤੀ ਪੱਤਰ ਤਿਆਰ ਕਰਨ ਲਈ ਕਿਹਾ ਗਿਆ। ਪਰ ਇਸ ਤੋਂ ਉਲਟ ਆਪਣੇ ਤੌਰ ’ਤੇ ਭੁਪਿੰਦਰਪਾਲ ਸਿੰਘ ਨੇ ਮੈਡੀਕਲ ਰਿਪੋਰਟਾਂ ਲਿਆਉਣ ਲਈ ਪੱਤਰ ਲਿਖ ਦਿੱਤਾ। 18 ਸਤੰਬਰ, 2025 ਨੂੰ ਉਮੀਦਵਾਰਾਂ ਦੇ ਵਫ਼ਦ ਨੇ ਡਾਇਰੈਕਟਰ ਭਾਸ਼ਾਵਾਂ ਨੂੰ ਮਿਲਕੇ ਦੱਸਿਆ ਕਿ ਭੁਪਿੰਦਰਪਾਲ ਸਿੰਘ ਵੱਲੋਂ ਉਨ੍ਹਾਂ ਨੂੰ ਬੇਇੱਜ਼ਤ ਤੇ ਜ਼ਲੀਲ ਕੀਤਾ ਗਿਆ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡਾਇਰੈਕਟਰ ਵੱਲੋਂ ਸੁਪਰਡੈਂਟ ਭੁਪਿੰਦਰਪਾਲ ਸਿੰਘ ਨੂੰ ਬੀਤੇ ਕੱਲ੍ਹ ਮੁਅੱਤਲ ਕਰ ਦਿੱਤਾ ਗਿਆ।
ਹੋਰ ਵੀ ਆ ਸਕਦੇ ਹਨ ਲਪੇਟੇ ‘ਚ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਅਮਲਾ ਭਾਗ ਦੀ ਕਥਿਤ ਮਾੜੀ ਕਾਰਗੁਜ਼ਾਰੀ ਕਰਕੇ ਇਸ ਦੀ ਇੰਚਾਰਜ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਵਿਭਾਗ ਵਿੱਚ ਕਈ ਪੀੜ੍ਹੀਆਂ ਤੋਂ ਕੰਮ ਕਰਨ ਵਾਲਿਆਂ ਦੇ ਆਪਣਿਆਂ ਦੀ ਚੋਣ ਨਾ ਹੋਣ ਕਰਕੇ ਵੀ ਉਮੀਦਵਾਰਾਂ ਦੀ ਨਿਯੁਕਤੀ ਵਿੱਚ ਦੇਰੀ ਹੋ ਰਹੀ ਸੀ, ਜਿਨਾਂ ਦੀ ਵਿਭਾਗ ਵਲੋਂ ਪੜਤਾਲ ਕੀਤੀ ਜਾ ਰਹੀ ਹੈ।