ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ
Babushahi Bureau
ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਐਲਾਨ ਕੀਤਾ ਹੈ ਕਿ 20 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਵੱਲੋਂ ਬੀਬਾ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਨੂੰ ਚੌਂਕੀਆਂ ਲਾਉਣ ਵਰਗੇ ਭੱਦੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹਨ ਜੋ ਔਰਤਾਂ ਦੇ ਸਤਿਕਾਰ ਦੀ ਨਹੀਂ ਹੁੰਦੀ ਤੇ ਉਹ ਜਦੋਂ ਤੋਂ ਸਿਆਸਤ ਵਿੱਚ ਆਏ ਹਨ ਇਸ ਤਰ੍ਹਾਂ ਦੀਆਂ ਹੀ ਭੰਡਪੁਣੇ ਤੇ ਨਾਟਕਬਾਜ਼ੀ ਦੀਆਂ ਗੱਲਾਂ ਕਰਦੇ ਰਹਿੰਦੇ ਹਨ, ਜੋ ਹੁਣ ਮੁੱਖ ਮੰਤਰੀ ਬਣਨ ’ਤੇ ਸ਼ੋਭਾ ਨਹੀਂ ਦਿੰਦੀਆਂ। ਇਸ ਤਰਾਂ ਦੀਆਂ ਗੱਲਾਂ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਘਟਾਉਂਦੀਆਂ ਹਨ।
ਉਨ੍ਹਾਂ ਦੀ ਜਵਾਬਦੇਹੀ ਹੁਣ ਪੰਜਾਬ ਦੇ ਤਿੰਨ ਕਰੋੜ ਤੋਂ ਉਪਰ ਦੇ ਲੋਕਾਂ ਨੂੰ ਹੈ ਕਿ ਜੋ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਉਸ ਅਹੁਦੇ ’ਤੇ ਬੈਠ ਕੇ ਕੀ ਕੰਮ ਕਰ ਰਹੇ ਹਨ, ਲੋਕਾਂ ਦੀ ਭਲਾਈ ਲਈ ਕੀ ਕਰ ਰਹੇ ਹਨ, ਉਨ੍ਹਾਂ ਦੀਆਂ ਜਿੰਮੇਵਾਰੀਆਂ ਕੀ ਹਨ, ਉਨ੍ਹਾਂ ਨੂੰ ਲੋਕਾਂ ਨੂੰ ਇਹ ਜਵਾਬ ਦੇਣੇ ਚਾਹੀਦੇ ਹਨ। ਹੜ੍ਹਾਂ ਦੇ ਵਿੱਚ ਲੋਕਾਂ ਦਾ ਕਿੰਨਾਂ ਨੁਕਸਾਨ ਹੋਇਆ। ਲੋਕਾਂ ਦੇ ਮਕਾਨ ਢਹਿ ਗਏ, ਪਸ਼ੂ ਮਰ ਗਏ, ਸਾਰੀਆਂ ਫ਼ਸਲਾਂ ਬਰਬਾਦ ਹੋ ਗਈਆਂ ਉਨ੍ਹਾਂ ਨੇ ਲੋਕਾਂ ਲਈ ਕੀ ਕੀਤਾ। ਪਿਛਲੇ ਸਮੇਂ ਦੇ ਵਿੱਚ ਪੰਜਾਬ ’ਚ ਹੜ੍ਹ ਆਏ ਉਦੋਂ ਉਨ੍ਹਾਂ ਨੇ ਲੋਕਾਂ ਲਈ ਕੀ ਕੀਤਾ। ਹੁਣ ਪੰਜਾਬ ਦੀ ਭਲਾਈ ਲਈ ਕੀ ਕਰ ਰਹੇ ਹਨ? ਇਨ੍ਹਾਂ ਗੱਲਾਂ ਦੀ ਜਵਾਬਦੇਹੀ ਸੀਐਮ ਦੀ ਹੁੰਦੀ ਹੈ ਪਰ ਉਹ ਇਨ੍ਹਾਂ ਗੱਲਾਂ ਦੇ ਜਵਾਬ ਦੇਣ ਦੀ ਥਾਂ ’ਤੇ ਚੁਟਕਲੇ ਸੁਣਾ ਕੇ ਅਤੇ ਏਧਰ ਓਧਰ ਦੀਆਂ ਗੱਲਾਂ ਕਰਕੇ ਟਾਇਮ ਪਾਸ ਕਰ ਰਹੇ ਹਨ।
ਜੋ ਬਿਲਕੁਲ ਵੀ ਬਰਦਾਸ਼ਤ ਦੇ ਯੋਗ ਨਹੀਂ ਹੈ। ਉਨ੍ਹਾਂ ਨੇ ਔਰਤਾਂ ਦੀ ਗੱਲ ਕਹੀ ਕਿ ਅਸੀਂ ਸਾਡੀ ਸਰਕਾਰ ਆਉਣ ’ਤੇ ਤੁਹਾਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ। ਪੌਣੇ ਚਾਰ ਸਾਲ ਬੀਤ ਗਏ ਔਰਤਾਂ ਨੂੰ ਹਜ਼ਾਰ ਰੁਪਏ ਤਾਂ ਕੀ ਦੇਣਾ ਸੀ ਉਲਟਾ ਜੋ ਸਧਾਰਨ ਗਰੀਬ ਲੋਕਾਂ ਨੂੰ ਕਣਕ ਦਾਲ ਮਿਲਦੀ ਸੀ, ਸ਼ਗਨ ਸਕੀਮਾਂ ਮਿਲਦੀਆਂ ਸਨ ਉਹ ਵੀ ਬੰਦ ਕਰ ਦਿੱਤੀਆਂ ਹਨ। ਸੋ ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਇਹ ਸਾਰੇ ਮੁੱਦੇ ’ਤੇ ਸਰਕਾਰ ਨੂੰ ਘੇਰਨ ਵਾਸਤੇ ਮੁੱਖ ਮੰਤਰੀ ਦਾ ਘਿਰਾਓ ਕਰ ਰਿਹਾ ਹੈ ਜਿਸ ਵਿੱਚ ਬੀਬੀਆਂ ਵੱਡੀ ਗਿਣਤੀ ’ਚ ਸ਼ਾਮਲ ਹੋਣਗੀਆਂ।