ਫੀਲਡ ਕਾਮਿਆਂ ਵੱਲੋਂ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2025 :ਕੇਂਦਰੀ ਟਰੇਡ ਜਥੇਬੰਦੀਆਂ, ਮੁਲਾਜ਼ਮ ਫੈਡਰੇਸ਼ਨਾਂ, ਆਜਾਦ ਜਥੇਬੰਦੀਆਂ ਦੇ ਸੱਦੇ 09 ਜੁਲਾਈ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਫਾਸ਼ੀਵਾਦੀ ਅਤੇ ਮਜ਼ਦੂਰ, ਮੁਲਾਜ਼ਮ, ਕਿਸਾਨ ਅਤੇ ਹੋਰ ਕਿਰਤੀ ਵਰਗ ਦੇ ਵਿਰੋਧੀ ਆਰਥਿਕ ਨੀਤੀਆਂ ਦੇ ਖਿਲਾਫ ਦੇਸ਼ ਵਿਆਪੀ ਹੜਤਾਲ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ। ਉੱਥੇ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਮਜ਼ਦੂਰ, ਮੁਲਾਜ਼ਮ,ਕਿਸਾਨ ਅਤੇ ਹੋਰ ਕਿਰਤੀ ਵਰਗ ਵਿਰੋਧੀ ਨੀਤੀਆਂ ਦੇ ਖਿਲਾਫ ਵੀ ਕੀਤੀ ਜਾ ਰਹੀ ਹੈ।
ਜਿਸ ਦੀ ਤਿਆਰੀ ਸਬੰਧੀ ਅੱਜ ਮੀਟਿੰਗ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫਤਰ ਬਠਿੰਡਾ ਵਿਖੇ ਹੋਈ। ਇਸ ਨੂੰ ਮੀਟਿੰਗ ਵਿੱਚ ਪੀ ਐਸ ਐਸ ਐਫ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ, ਦਰਸ਼ਨ ਸ਼ਰਮਾ ,ਸੁਖਚੈਨ ਸਿੰਘ, ਲਖਬੀਰ ਸਿੰਘ ਭਾਗੀਬਾਂਦਰ ਜ਼ਿਲ੍ਹਾ ਕਮੇਟੀ ਆਗੂ ਹੰਸਰਾਜ ਬੀਜਵਾ ਕਿਸ਼ੋਰ ਚੰਦ ਗਾਜ,ਧਰਮ ਸਿੰਘ ਕੋਠਾ ਗੁਰੂ,ਬਲਜਿੰਦਰ ਸਿੰਘ,ਗੁਰਜੰਟ ਸਿੰਘ ਮਾਨ,ਜੀਤਰਾਮ ਦੋਦੜਾ, ਗੁਰਚਰਨ ਸਿੰਘ ਜੌੜਕੀਆਂ,ਪਰਮਜੀਤ ਸਿੰਘ, ਸੁਨੀਲ ਕੁਮਾਰ ਅਤੇ ਹੋਰ ਆਗੂ ਸ਼ਾਮਲ ਹੋਏ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਮਜ਼ਦੂਰ ਵਿਰੋਧੀ ਸਰਕਾਰਾਂ ਦੇ ਖਿਲਾਫ 9 ਜੁਲਾਈ ਨੂੰ ਫੀਲਡ ਦੇ ਸਮੁੱਚੇ ਮੁਲਾਜ਼ਮ ਹੜਤਾਲ ਸਬੰਧੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦਫਤਰ ਭਾਗੂ ਰੋਡ ਬਠਿੰਡਾ ਵਿਖੇ ਇਕੱਤਰ ਹੋ ਕੇ ਰੋਸ ਮੁਜ਼ਾਹਰਾ ਕਰਨਗੇ। ਜਥੇਬੰਦੀ ਆਗੂਆਂ ਨੇ ਪੰਜਾਬ ਸਰਕਾਰ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਅਤੇ ਉਹਨਾਂ ਦੀਆਂ ਉਜਰਤਾਂ ਦੇ ਵਿੱਚ ਵਾਧਾ ਕੀਤਾ ਜਾਵੇ ਪੇ ਕਮਿਸ਼ਨ ਦੇ ਬਕਾਏ ਇਕੱਠੇ ਦਿੱਤੇ ਜਾਣ,ਰਹਿੰਦੀਆਂ ਡੀਏ ਦੀਆਂ ਕਿਸਤਾਂ ਦੇ ਕੇ ਉਨਾਂ ਦੇ ਬਕਾਏ ਤੁਰੰਤ ਦਿੱਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਮਹਿਕਮਿਆ ਵਿੱਚ ਰੈਗੂਲਰ ਭਰਤੀ ਕੀਤੀ ਜਾਵੇ। ਜਥੇਬੰਦੀ ਦੇ ਆਗੂ ਬਲਰਾਜ ਸਿੰਘ ਮੌੜ, ਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸੀਵਰੇਜ ਬੋਰਡ ਦੀਆਂ ਮੰਗਾਂ ਨੂੰ ਲੈ ਕੇ ਜਿੱਥੇ ਮੁੱਖ ਕਾਰਜਕਾਰੀ ਅਫਸਰ ਚੰਡੀਗੜ੍ਹ ਖਿਲਾਫ 15 ਜੁਲਾਈ ਨੂੰ ਰੋਸ ਧਰਨਾ ਦੇਣਾ ਹੈ ਅਤੇ ਸੂਬਾ ਕਮੇਟੀ ਤੇ ਫੈਸਲਿਆਂ ਅਨੁਸਾਰ ਸਰਕਲ ਪੱਧਰੀ ਧਰਨਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਬਣਦਾ ਦਾ ਕੋਟਾ ਲਾਇਆ ਗਿਆ।