ਬਠਿੰਡਾ ਜ਼ਿਲ੍ਹੇ ਅੰਦਰ ਚੱਲ ਰਹੇ ਆਯੂਸ਼ਮਾਨ ਆਰੋਗਿਆ ਕੇਂਦਰ ਹੋ ਰਹੇ ਹਨ ਲਾਹੇਵੰਦ ਸਾਬਿਤ : ਸ਼ੌਕਤ ਅਹਿਮਦ ਪਰੇ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2025 : ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਯੂਸ਼ਮਾਨ ਆਰੋਗਿਆ ਕੇਂਦਰ ਆਮ ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ। ਜ਼ਿਲ੍ਹੇ ਅੰਦਰ ਹੁਣ ਤੱਕ 4 ਲੱਖ 6 ਹਜ਼ਾਰ 305 ਲੋੜਵੰਦ ਮਰੀਜ਼ ਸਿਹਤ ਸੇਵਾਵਾਂ ਦਾ ਲਾਹਾ ਲੈ ਚੁੱਕੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਆਰੋਗਿਆ ਕੇਂਦਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਮਈ ਪ੍ਰਜੈਕਟ ਹੈ, ਜੋ ਕਿ ਲੋਕਾਂ ਦੀ ਸਿਹਤ ਭਲਾਈ ਦੇ ਮੰਤਵ ਦੇ ਨਾਲ-ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।
ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਲੋੜਵੰਦ ਲੋਕਾਂ ਦੇ ਚੈਕਅਪ ਕਰਨ ਦੇ ਨਾਲ-ਨਾਲ 1,73,119 ਲੋੜਵੰਦਾਂ ਦੇ ਟੈਸਟ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਇਤਿਹਾਸਕ ਉਪਰਾਲੇ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਹੋਰ ਲਾਭ ਹੋਇਆ ਹੈ ਅਤੇ ਲੋਕ ਆਪਣੀਆਂ ਸਿਹਤ ਸਮੱਸਿਆਵਾਂ ਦਾ ਘਰਾਂ ਦੇ ਨੇੜੇ ਹੀ ਆਯੂਸ਼ਮਾਨ ਆਰੋਗਿਆ ਕੇਂਦਰਾਂ ਤੋਂ ਇਲਾਜ਼ ਕਰਵਾ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿਚ ਇਲਾਜ਼ ਕਰਵਾ ਰਹੇ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ।
ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 44 ਆਯੂਸ਼ਮਾਨ ਆਰੋਗਿਆ ਕੇਂਦਰ ਜੋ ਕਿ ਬਠਿੰਡਾ ਸ਼ਹਿਰੀ ਵਿਖੇ ਖੇਤਾ ਸਿੰਘ ਬਸਤੀ, ਊਧਮ ਸਿੰਘ ਨਗਰ, ਜਨਤਾ ਨਗਰ, ਬੇਅੰਤ ਨਗਰ, ਲਾਲ ਸਿੰਘ ਬਸਤੀ, ਪਰਸ ਰਾਮ ਨਗਰ, ਗਨੇਸ਼ਾ ਬਸਤੀ ਅਤੇ ਬੱਲਾ ਰਾਮ ਨਗਰ ਵਿਖੇ, ਬਲਾਕ ਬਾਲਿਆਂਵਾਲੀ ਅਧੀਨ ਮੰਡੀ ਕਲਾਂ, ਕਰਾੜਵਾਲਾ, ਰਾਮਪੁਰਾ, ਬੱਲ੍ਹੋ, ਭੈਣੀ ਚੂੜ੍ਹ ਅਤੇ ਚਾਉਕੇ ਬਲਾਕ ਭਗਤਾ ਅਧੀਨ ਦਿਆਲਪੁਰਾ ਮਿਰਜ਼ਾ, ਢਿਪਾਲੀ, ਮੰਡੀ ਫੂਲ ਅਤੇ ਭਾਈ ਰੂਪਾ, ਬਲਾਕ ਗੋਨਿਆਣਾ ਵਿਖੇ ਖੇਮੂਆਣਾ, ਅਕਲੀਆਂ ਕਲਾਂ, ਬੀੜ ਬਹਿਮਣ, ਬੱਲੂਆਣਾ, ਨਹੀਆਂਵਾਲਾ ਅਤੇ ਵਿਰਕ ਕਲਾਂ ਬਲਾਕ ਤਲਵੰਡੀ ਸਾਬੋ ਵਿਖੇ ਕੋਟਫੱਤਾ, ਜੋਧਪੁਰ ਪਾਖਰ, ਮੌੜ ਸ਼ਿਟੀ, ਮੌੜ ਕਲਾਂ, ਗਿਆਨਾ, ਸਿੰਗੋ, ਕੋਟਲੀ ਖੁਰਦ, ਤਿਉਣਾ ਪੁਜਾਰੀਆ, ਕਲਾਲਵਾਲਾ, ਰਾਮਨਗਰ, ਰਾਮਾਂ ਅਤੇ ਤਲਵੰਡੀ ਸਾਬੋ, ਬਲਾਕ ਨਥਾਣਾ ਵਿਖੇ ਭੁੱਚੋ, ਸੇਮਾ ਅਤੇ ਲਹਿਰਾ ਮੁਹੱਬਤ ਇਸੇ ਤਰ੍ਹਾਂ ਬਲਾਕ ਸੰਗਤ ਵਿਖੇ ਚੱਕ ਅਤਰ ਸਿੰਘ ਵਾਲਾ, ਪਥਰਾਲਾ, ਪੱਕਾਂ ਕਲਾਂ, ਸੁਖਲੱਧੀ ਅਤੇ ਕੋਟਬਖਤੂ ਵਿਖੇ ਚੱਲ ਰਹੇ ਹਨ।