ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੀ ਕਮਾਨ ਡਾ ਰਿਸ਼ੀ ਇੰਦਰ ਸਿੰਘ ਗਿੱਲ ਨੇ ਸੰਭਾਲੀ
ਲੁਧਿਆਣਾ 3 ਜੁਲਾਈ , 2025 - ਉੱਘੇ ਬਾਗਬਾਨੀ ਅਤੇ ਵਣਖੇਤੀ ਮਾਹਰ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਨੂੰ ਪੀਏਯੂ ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਨਿਯੁਕਤ ਕੀਤਾ ਗਿਆ ਹੈ। ਡਾ ਰਿਸ਼ੀ ਇੰਦਰ ਸਿੰਘ ਗਿੱਲ ਪੀਏਯੂ ਦੀ ਮੌਜੂਦਾ ਫੈਕਲਟੀ ਵਿੱਚ ਬੇਹਦ ਮਿਠਬੋਲੜੇ ਅਤੇ ਹਰਮਨ ਪਿਆਰੇ ਖੇਤੀ ਮਾਹਰ ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਮਿਲਖ ਅਧਿਕਾਰੀ ਵਜੋਂ ਆਪਣਾ ਕਾਰਜ ਕਰ ਰਹੇ ਸਨ। ਯੂਨੀਵਰਸਿਟੀ ਦੀ ਹਰੀ-ਭਰੀ ਦਿੱਖ ਨੂੰ ਹੋਰ ਨਿਖਾਰਨ ਅਤੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਵੱਲੋਂ ਕੀਤਾ ਗਿਆ ਕਾਰਜ ਬੇਹੱਦ ਸਲਾਹੁਤਾ ਦਾ ਸਬਬ ਬਣਦਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਕੋਲ 30 ਸਾਲ ਤੋਂ ਵਧੇਰੇ ਲੰਮਾ ਅਕਾਦਮਿਕ, ਖੋਜ ਅਤੇ ਪ੍ਰਸ਼ਾਸਨਿਕ ਕਾਰਜਾਂ ਦਾ ਤਜਰਬਾ ਹੈ। ਉਹਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਣ ਖੇਤੀ ਮਾਹਰ ਵਜੋਂ ਆਪਣੀ ਪਛਾਣ ਨੂੰ ਗੂੜਾ ਕੀਤਾ। ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਲੈਣ ਵਾਲੇ ਡਾਕਟਰ ਰਿਸ਼ੀ ਇੰਦਰਾ ਸਿੰਘ ਗਿੱਲ ਬਹੁਤ ਮਿਹਨਤੀ ਅਤੇ ਸਦਭਾਵੀ ਅਧਿਆਪਕ ਵਜੋਂ ਵਿਦਿਆਰਥੀਆਂ ਅਤੇ ਸਾਥੀਆਂ ਨਾਲ ਵਿਚਰਦੇ ਹਨ।
ਉਨਾਂ ਨੇ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੀਏਯੂ ਤੋਂ ਹਾਸਿਲ ਕੀਤੀ ।1993 ਵਿੱਚ ਬਾਗਬਾਨੀ ਦੇ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਆਰੰਭ ਕਰਨ ਵਾਲੇ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਕਨੇਡਾ ਖੋਜ ਲਈ ਗਏ ਅਤੇ ਵਾਪਸ ਆ ਕੇ ਪੀਏਯੂ ਦੀ ਸੇਵਾ ਨਿਰੰਤਰ ਜਾਰੀ ਰੱਖੀ ।
ਬਾਗਬਾਨੀ ਅਤੇ ਵਣਖੇਤੀ ਖੇਤਰ ਵਿੱਚ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਅਤੇ ਗੌਲਣਯੋਗ ਹੈ। ਉਹਨਾਂ ਨੇ 22 ਤੋਂ ਵਧੇਰੇ ਸਿਫਾਰਿਸ਼ਾਂ ਆਪਣੇ ਵਿਸ਼ੇ ਨਾਲ ਸੰਬੰਧਿਤ ਖੇਤਰ ਨੂੰ ਦਿੱਤੀਆਂ। ਇਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਸਫੈਦੇ ਅਤੇ ਪੋਪਲਰ ਦੇ ਕਲੋਨ ਵਿਕਸਿਤ ਕਰਨ ਦੀ ਨਵੀਂ ਤਕਨੋਲੋਜੀ ਸੀ ਜੋ ਪੀਏਯੂ ਦੀਆਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਕਿਤਾਬ ਵਿੱਚ ਵਣ ਖੇਤੀ ਦੀ ਸਿਫਾਰਿਸ਼ ਵਜੋਂ ਅੰਕਿਤ ਕੀਤੀ ਗਈ। ਉਹ 13 ਪ੍ਰਯੋਜਿਤ ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ ਅਤੇ 70 ਤੋਂ ਵਧੇਰੇ ਖੋਜ ਪੇਪਰ ਅਤੇ 18 ਕਿਤਾਬਾਂ ਦੇ ਅਧਿਆਏ ਉਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੋਏ । ਵਣ ਖੇਤੀ ਦੇ ਵਿਸ਼ੇ ਨਾਲ ਸੰਬੰਧਿਤ 16 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਉਨਾਂ ਦੀ ਅਗਵਾਈ ਵਿੱਚ ਆਪਣੀਆਂ ਡਿਗਰੀਆਂ ਹਾਸਿਲ ਕੀਤੀਆਂ
ਅਧਿਆਪਨ ਅਤੇ ਖੋਜ ਦੇ ਨਾਲ ਨਾਲ ਡਾ ਗਿੱਲ ਦਾ ਪ੍ਰਸ਼ਾਸਕੀ ਤਜਰਬਾ ਅਤੇ ਕਾਰਜ ਬੜਾ ਉੱਘਾ ਰਿਹਾ। ਉਹਨਾਂ ਨੇ ਵਣ ਖੇਤੀ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਵਜੋਂ ਚਾਰ ਸਾਲ ਲਈ ਸੇਵਾ ਨਿਭਾਈ। ਇਸ ਤੋਂ ਇਲਾਵਾ ਉਹ ਅੱਠ ਸਾਲ ਤੱਕ ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਰਹੇ। ਮੌਜੂਦਾ ਸਮੇਂ ਉਹ ਮਿਲਖ ਅਧਿਕਾਰੀ ਵਜੋਂ ਕਾਰਜਸ਼ੀਲ ਸਨ। ਇਸ ਦੇ ਨਾਲ ਹੀ ਉਨਾਂ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਲੀਡਰਸ਼ਿਪ ਅਕਾਦਮਿਕ ਪ੍ਰੋਗਰਾਮ ਦਾ ਹਿੱਸਾ ਹੋਣ ਦਾ ਮਾਣ ਹਾਸਿਲ ਕੀਤਾ। ਕੌਮੀ ਅਤੇ ਕੌਮਾਂਤਰੀ ਪੱਧਰ ਦੇ ਕਈ ਖੇਤੀ ਸੰਸਥਾਨਾਂ ਵਿਖੇ ਡਾ ਗਿੱਲ ਵੱਲੋਂ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
ਵਣ ਖੇਤੀ ਬਾਰੇ ਭਾਰਤੀ ਸੁਸਾਇਟੀ ਨੇ ਉਨਾਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਫੈਲੋਸ਼ਿਪ ਅਤੇ ਸੋਨ ਤਮਗੇ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਨਾਲ ਉਹ ਆਈਸੀਏਆਰ ਅਤੇ ਹੋਰ ਸੰਸਥਾਵਾਂ ਦੇ ਵਣ ਖੇਤੀ ਸਲਾਹਕਾਰ ਅਤੇ ਮਾਹਰ ਦੇ ਤੌਰ ਤੇ ਵੀ ਕਾਰਜ ਕਰਦੇ ਰਹੇ।
ਖੇਤੀ ਪਸਾਰ ਦੇ ਖੇਤਰ ਵਿੱਚ ਡਾਕਟਰ ਰਿਸ਼ੀ ਇੰਦਰਾ ਸਿੰਘ ਗਿੱਲ ਨੇ ਨਿਰੰਤਰ ਘਾਲਣਾ ਨਾਲ ਕਾਰਜ ਕੀਤਾ ਉਹਨਾਂ ਨੇ 17 ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਏ, ਜਿਨਾਂ ਵਿੱਚੋਂ ਤਿੰਨ ਨੂੰ ਕੌਮਾਂਤਰੀ ਪੱਧਰ ਦੀ ਮਾਨਤਾ ਹਾਸਿਲ ਹੋਈ। ਇਸ ਤੋਂ ਇਲਾਵਾ ਉਨਾਂ ਨੇ ਵੱਖ-ਵੱਖ ਮਾਧਿਅਮ ਰਾਹੀਂ 100 ਤੋਂ ਵਧੇਰੇ ਭਾਸ਼ਣ ਕਿਸਾਨਾਂ ਦੀ ਬਿਹਤਰੀ ਲਈ ਦਿੱਤੇ । ਨਾਲ ਹੀ ਉਹ ਪੀਏਯੂ ਦੇ ਹੋਸਟਲਾਂ ਦੇ ਮੁੱਖ ਵਾਰਡਨ ਅਤੇ ਐਨਸੀਸੀ ਦੇ ਇੰਚਾਰਜ ਵਜੋਂ ਵੀ ਕਾਰਜਸ਼ੀਲ ਰਹੇ।
ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਿਬੀਰ ਸਿੰਘ ਗੋਸਲ ਨੇ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਦੀ ਖੇਤੀ ਜੰਗਲਾਤ ਕਾਲਜ ਦੇ ਡੀਨ ਵਜੋਂ ਨਿਯੁਕਤੀ ਨੂੰ ਯੂਨੀਵਰਸਿਟੀ ਬੇਹਦ ਮਹੱਤਵਪੂਰਨ ਪੜਾਅ ਆਖਿਆ। ਉਹਨਾਂ ਆਸ ਪ੍ਰਗਟਾਈ ਕਿ ਡਾ ਗਿੱਲ ਦੀ ਅਗਵਾਈ ਵਿੱਚ ਸਿਰਫ ਇਹ ਕਾਲਜ ਹੀ ਨਹੀਂ ਬਲਕਿ ਯੂਨੀਵਰਸਿਟੀ ਦਾ ਵਣ ਖੇਤੀ ਢਾਂਚਾ ਨਵੀਆਂ ਦਿਸ਼ਾਵਾਂ ਵੱਲ ਤੁਰ ਸਕੇਗਾ।
ਯੂਨੀਵਰਸਿਟੀ ਦੇ ਹੋਰ ਉੱਚ ਅਧਿਕਾਰੀਆਂ ਜਿਨਾਂ ਵਿੱਚ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ, ਆਈਏਐਸ, ਡਾ ਮਾਨਵ ਇੰਦਰਾ ਸਿੰਘ ਗਿੱਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ,ਡਾ ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ ਨਿਰਮਲ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਅਤੇ ਵਣ ਖੇਤੀ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ ਗੁਰਵਿੰਦਰ ਪਾਲ ਸਿੰਘ ਢਿੱਲੋ ਨੇ ਵੀ ਡਾ ਰਿਸ਼ੀ ਇੰਦਰਾ ਸਿੰਘ ਗਿੱਲ ਦੀ ਨਿਯੁਕਤੀ ਦਾ ਸਵਾਗਤ ਕੀਤਾ।
ਯੂਨੀਵਰਸਿਟੀ ਦੇ ਸਮੁੱਚੇ ਅਧਿਆਪਨ, ਗੈਰ ਅਧਿਆਪਨ ਕਰਮਚਾਰੀਆ ਅਤੇ ਵਿਦਿਆਰਥੀਆਂ ਵਿੱਚ ਇਸ ਖਬਰ ਨਾਲ ਖੁਸ਼ੀ ਦੀ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ।