ਹਲਕਾ ਚੱਬੇਵਾਲ ‘ਚ 4 ਸੜਕਾਂ ਨੂੰ 10 ਤੋਂ 18 ਫੁੱਟ ਚੌੜਾ ਕਰਨ ਨੂੰ ਪ੍ਰਵਾਨਗੀ, ਆਵਾਜਾਈ ਹੋਵੇਗੀ ਹੋਰ ਸੁਖਾਲੀ: ਡਾ. ਰਾਜ ਕੁਮਾਰ
- 9 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਨਣਗੀਆਂ ਸੜਕਾਂ, ਨਿਰਮਾਣ ਜਲਦ ਹੋਵੇਗਾ ਸ਼ੁਰੂ-ਡਾ.ਚੱਬੇਵਾਲ, ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ, 3 ਜੁਲਾਈ 2025: ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕਾ ਵਾਸੀਆਂ ਦੀ ਮੰਗ ਮੁਤਾਬਿਕ 4 ਸੜਕਾਂ ਨੂੰ 18 ਫੁੱਟ ਚੌੜਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਜੋ 9 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਨਣਗੀਆਂ ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋੰ ਹਲਕਾ ਚੱਬੇਵਾਲ ਦੇ ਸੜਕੀ ਨੈਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੁਣ ਚਾਰ ਹੋਰ ਸੜਕਾਂ 18 ਫੁੱਟ ਚੌੜੀਆਂ ਹੋਣਗੀਆਂ । ਉਨ੍ਹਾਂ ਦੱਸਿਆ ਕਿ ਜਲਦ ਹੀ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ ਜਿਸ ਉੱਪਰ 9 ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚ ਬਿਹਾਲਾ-ਮਰੂਲਾ-ਸੈਦਪੁਰ ਤੋਂ ਭਾਮ ਤੱਕ ਦੀ 7.90 ਕਿਲੋਮੀਟਰ ਸੜਕ, ਮਾਹਿਲਪੁਰ-ਜੇਜੋ ਰੋਡ ਤੋਂ ਚੱਕ ਨਰਿਆਲ ਤੱਕ ਦੀ 1.38 ਕਿਲੋਮੀਟਰ ਲੰਬੀ ਸੜਕ, ਮਾਹਿਲਪੁਰ-ਜੇਜੋ ਰੋਡ ਤੋਂ ਲਲਵਾਨ ਤੱਕ ਦੀ 2.56 ਕਿਲੋਮੀਟਰ ਸੜਕ ਅਤੇ ਅੱਗੇ ਮਾਹਿਲਪੁਰ- ਫਗਵਾੜਾ ਰੋਡ ਤੋਂ ਖਰੌਦੀ ਤੱਕ ਜਾਣ ਵਾਲੀ 1.60 ਕਿਲੋਮੀਟਰ ਲੰਬੀ ਸੜਕ ਸ਼ਾਮਲ ਹੈ।
ਡਾ. ਚੱਬੇਵਾਲ ਅਤੇ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਇਨ੍ਹਾਂ ਸੜਕਾਂ ਨਾਲ ਜੁੜੇ ਹੋਏ ਪਿੰਡਾ ਦੇ ਵਸਨੀਕਾਂ ਵੱਲੋਂ ਲਗਾਤਾਰ ਸੜਕਾਂ ਦੇ ਦੁਬਾਰਾ ਨਿਰਮਾਣ ਅਤੇ ਵੱਧ ਰਹੇ ਟ੍ਰੈਫਿਕ ਕਾਰਨ ਇਨ੍ਹਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਇਨ੍ਹਾਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਸੜਕਾਂ ਦੇ ਨਵ-ਨਿਰਮਾਣ ਅਤੇ ਚੌੜਾ ਕਰਨ ਦੀ ਪ੍ਰੋਜੈਕਟ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਕੋਲ ਭੇਜੀ ਗਈ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਵ-ਨਿਰਮਾਣ ਅਤੇ ਚੌੜਾਈ ਵੱਧ ਜਾਣ ਨਾਲ ਲੋਕਾਂ ਨੂੰ ਜਿੱਥੇ ਆਵਾਜਾਈ ਦੀ ਸਹੂਲਤ ਮਿਲੇਗੀ ਉੱਥੇ ਹੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਲਈ ਸਮੇਂ ਦੀ ਵੀ ਬੱਚਤ ਦੇ ਨਾਲ-ਨਾਲ ਆਵਾਜਾਈ ਸੁਖਾਲੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਸਮੇਤਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਪੰਜਾਬ ਸਰਕਾਰ ਵੱਲੋਂ ਤੇਜੀ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਦੌਰਾਨ ਗੁਣਵੱਤਾ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਚੱਬੇਵਾਲ ਹਲਕੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਜਿੱਥੇ ਲਿੰਕ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਕਿ ਜਿੰਨੀਆਂ ਵੀ ਹੋ ਸਕਣ ਵੱਧ ਤੋਂ ਵੱਧ ਸੜਕਾਂ ਨੂੰ ਮੌਜੂਦਾ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਸਕੇ।