ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
1 ਕਿਲੋ 500 ਗ੍ਰਾਮ ਆਈਸ, 1 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਸਮੇਤ 2 ਗ੍ਰਿਫਤਾਰ
ਰਵਿੰਦਰ ਸਿੰਘ
ਖੰਨਾ, 3 ਜੁਲਾਈ 2025 : ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਵੱਡਾ ਪਰਦਾਫਾਸ਼ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ 1 ਕਿਲੋ 500 ਗ੍ਰਾਮ ਆਈਸ, 1 ਕਿਲੋਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਕਾਰਵਾਈ ਦੌਰਾਨ ਇੱਕ ਕਰੂਜ਼ ਕਾਰ ਵੀ ਜ਼ਬਤ ਕੀਤੀ ਗਈ ਹੈ।
ਪੁਲਿਸ ਮੁਤਾਬਕ, ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਵਿੱਕੀ ਪੁੱਤਰ ਬਿੱਟੂ ਵਾਸੀ ਕਰਤਾਰ ਨਗਰ, ਖੰਨਾ (ਉਮਰ 33 ਸਾਲ) ਅਤੇ ਸੁਖਮਨ ਸਿੰਘ ਉਰਫ਼ ਸ਼ਨੀ ਪੁੱਤਰ ਸਵਰਨ ਸਿੰਘ ਵਾਸੀ ਅੰਮ੍ਰਿਤਸਰ, ਹਾਲ ਵਾਸੀ ਖਰੜ (ਉਮਰ 27 ਸਾਲ) ਵਜੋਂ ਹੋਈ ਹੈ। ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਹ ਗਿਰੋਹ ਗਸ਼ਤ ਦੌਰਾਨ ਕਾਬੂ ਕੀਤਾ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਵਿੱਕੀ, ਸੁਖਮਨ ਸਿੰਘ ਤੋਂ ਨਸ਼ਾ ਸਸਤੇ ਭਾਅ ਤੇ ਖਰੀਦ ਕੇ ਖੰਨਾ ਲਿਆਉਂਦਾ ਸੀ। ਸੁਖਮਨ ਸਿੰਘ ਆਪਣੀ ਕਰੂਜ਼ ਕਾਰ ਰਾਹੀਂ ਨਸ਼ਾ ਸਪਲਾਈ ਕਰਦਾ ਸੀ।
ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਹੋਰ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।