ਆਪਣੀ ਗਲਤੀ ਕਾਰਨ ਮਰਨ ਵਾਲਿਆਂ ਨੂੰ ਬੀਮੇ ਦਾ ਮੁਆਵਜ਼ਾ ਨਹੀਂ ਮਿਲੇਗਾ, SC ਨੇ ਦਿੱਤੇ 2 ਵੱਡੇ ਫ਼ੈਸਲੇ
ਨਵੀਂ ਦਿੱਲੀ, 3 ਜੁਲਾਈ 2025 : ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਸੜਕ ਹਾਦਸੇ ਵਿੱਚ ਉਸਦੀ ਆਪਣੀ ਲਾਪਰਵਾਹੀ ਜਾਂ ਗਲਤੀ ਕਾਰਨ ਹੋਈ ਹੈ—ਜਿਵੇਂ ਤੇਜ਼ ਰਫ਼ਤਾਰ, ਸਟੰਟ ਕਰਨਾ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ—ਤਾਂ ਬੀਮਾ ਕੰਪਨੀ ਉਸਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ ਹੋਵੇਗੀ।
ਇਹ ਫੈਸਲਾ ਜਸਟਿਸ ਪੀਐਸ ਨਰਸਿਮਹਾ ਅਤੇ ਆਰ ਮਹਾਦੇਵਨ ਦੀ ਬੈਂਚ ਨੇ ਦਿੱਤਾ। ਮਾਮਲੇ ਵਿੱਚ, ਹਾਦਸਾਗ੍ਰਸਤ ਵਿਅਕਤੀ ਨੇ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਈ, ਜਿਸ ਕਾਰਨ ਹਾਦਸਾ ਹੋਇਆ। ਟ੍ਰਿਬਿਊਨਲ ਅਤੇ ਹਾਈ ਕੋਰਟ ਨੇ ਵੀ ਇਹ ਮੰਗ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ: "ਜੇਕਰ ਮੌਤ ਸਿਰਫ਼ ਮ੍ਰਿਤਕ ਦੀ ਆਪਣੀ ਗਲਤੀ ਕਾਰਨ ਹੋਈ ਹੈ ਅਤੇ ਕੋਈ ਬਾਹਰੀ ਕਾਰਨ ਜਾਂ ਤੀਜਾ ਪੱਖ ਨਹੀਂ, ਤਾਂ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ"।
ਵਿਆਹੇ ਪੁੱਤਰ-ਧੀਆਂ ਵੀ ਮੁਆਵਜ਼ੇ ਦੇ ਹੱਕਦਾਰ
ਸੁਪਰੀਮ ਕੋਰਟ ਨੇ ਦੂਜੇ ਫੈਸਲੇ ਵਿੱਚ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਸੜਕ ਹਾਦਸੇ ਵਿੱਚ ਹੋ ਜਾਂਦੀ ਹੈ, ਤਾਂ ਉਸਦੇ ਵਿਆਹੇ ਪੁੱਤਰ ਅਤੇ ਧੀਆਂ ਵੀ ਮੋਟਰ ਵਾਹਨ ਐਕਟ ਤਹਿਤ ਮੁਆਵਜ਼ੇ ਦੇ ਹੱਕਦਾਰ ਹਨ, ਭਾਵੇਂ ਉਹ ਮ੍ਰਿਤਕ 'ਤੇ ਵਿੱਤੀ ਤੌਰ 'ਤੇ ਨਿਰਭਰ ਨਹੀਂ ਸਨ।
ਇਹ ਫੈਸਲਾ Jitender Kumar & Anr. vs Sanjay Prasad & Ors. ਮਾਮਲੇ ਵਿੱਚ ਆਇਆ, ਜਿੱਥੇ 64 ਸਾਲਾ ਵਿਅਕਤੀ ਦੀ ਮੌਤ ਹਾਦਸੇ ਵਿੱਚ ਹੋਈ। ਉਸਦੇ ਦੋ ਵਿਆਹੇ ਪੁੱਤਰਾਂ ਅਤੇ ਇੱਕ ਅਣਵਿਆਹੀ ਧੀ ਨੇ ਮੁਆਵਜ਼ੇ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਮੰਨਿਆ ਕਿ: "ਵਿਆਹੇ ਪੁੱਤਰ ਅਤੇ ਧੀਆਂ ਵੀ ਮੋਟਰ ਵਾਹਨ ਐਕਟ ਤਹਿਤ ਮੁਆਵਜ਼ੇ ਦੇ ਹੱਕਦਾਰ ਹਨ, ਚਾਹੇ ਉਹ ਮ੍ਰਿਤਕ 'ਤੇ ਨਿਰਭਰ ਨਹੀਂ ਸਨ"।