ਏਸ਼ੀਆਈ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਸਰਦਾਰਾਂ ਨੇ ਕਰਵਾਈ ਬੱਲੇ-ਬੱਲੇ
- ਪੰਜਗਰਾਈਂ ਕਲਾਂ ਦੇ ਅਕਾਸ਼ਦੀਪ ਸਿੰਘ ਗਿੱਲ ਤੇ ਵਰਿੰਦਰ ਸਿੰਘ ਮਣਕੂ ਨੇ ਸੋਨੇ ਦੇ ਤਗਮੇ ਜਿੱਤੇ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,2 ਜੁਲਾਈ 2025 : ਪਿਛਲੇ ਦਿਨੀਂ ਦੁਨੀਆਂ ਦੀ ਪ੍ਰਸਿੱਧ ਖੇਡ ਲਿਫਟਿੰਗ ਪਾਵਰ ਫੈਡਰੇਸ਼ਨ ਵੱਲੋਂ ਕਿਰਗਿਜਤਾਨ ਵਿਖੇ ਕਰਵਾਏ ਗਏ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ ਪੰਜਗਰਾਈਂ ਕਲਾਂ ਦੇ ਅਕਾਸ਼ਦੀਪ ਸਿੰਘ ਗਿੱਲ ਪੁੱਤਰ ਜਸਵੰਤ ਸਿੰਘ ਰਾਣਾ ਗਿੱਲ ਤੇ ਵਰਿੰਦਰ ਸਿੰਘ ਮਣਕੂ ਪੁੱਤਰ ਲਾਲ ਸਿੰਘ ਨੇ ਵੱਖ ਵੱਖ ਭਾਰ ਵਰਗ ਵਿੱਚ ਦੋ ਸੋਨੇ ਦੇ ਤਗਮੇ ਜਿੱਤ ਕੇ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਵਿਸ਼ਵ ਭਰ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਅੰਡਰ-15 ਭਾਰ ਵਰਗ ਵਿੱਚ ਅਕਾਸ਼ਦੀਪ ਸਿੰਘ ਗਿੱਲ ਨੇ 160 ਕਿਲੋਂ ਭਾਰ ਵਰਗ ਤੇ ਵਰਿੰਦਰ ਸਿੰਘ ਮਣਕੂ ਨੇ 33 ਤੋਂ 39 ਸਾਲ ਉਮਰ ਦੇ ਮੁਕਾਬਲਿਆਂ ਵਿਚੋਂ 67 ਕਿਲੋਂ ਭਾਰ ਚੁੱਕ ਕੇ ਪੂਰੇ ਏਸ਼ੀਆਈ ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦੇ ਤਗਮੇ ਜਿੱਤੇ ਹਨ।
ਇਹਨਾਂ ਨੌਜਵਾਨਾਂ ਦੀ ਇਸ ਜਿੱਤ ਤੇ ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ ਵੱਲੋਂ ਮਾਪਿਆਂ ਨੂੰ ਵਧਾਈਆਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਅਕਾਸ਼ਦੀਪ ਸਿੰਘ ਗਿੱਲ ਦੇ ਪਿਤਾ ਜਸਵੰਤ ਸਿੰਘ ਗਿੱਲ ਨੇ ਕਿਹਾ ਕੇ ਉਹਨਾਂ ਨੂੰ ਆਪਣੇ ਲੜਕੇ ਤੇ ਮਾਣ ਹੈ ਜਿਸ ਨੇ ਛੋਟੀ ਉਮਰ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਉਨ੍ਹਾਂ (ਮਾਪਿਆਂ) ਦਾ ਨਾਮ ਰੌਸ਼ਨ ਕੀਤਾ ਹੈ। ਜਸਵੰਤ ਸਿੰਘ ਗਿੱਲ ਨੇ ਅੱਗੇ ਕਿਹਾ ਕੇ ਉਹਨਾਂ ਦੇ ਬੇਟੇ ਅਕਾਸ਼ਦੀਪ ਸਿੰਘ ਗਿੱਲ ਨੂੰ ਇਥੋਂ ਤੱਕ ਲੈ ਕੇ ਜਾਣ ਵਾਲੇ ਕੋਚ ਵਰਿੰਦਰ ਸਿੰਘ ਮਣਕੂ ਦੀ ਮਿਹਨਤ ਰੰਗ ਲਿਆਈ ਹੈ ਤੇ ਉਹ ਉਸਦਾ ਧੰਨਵਾਦ ਕਰਦੇ ਹਨ। ਜਿਕਰਯੋਗ ਹੈ ਕੇ ਕੋਚ ਵਰਿੰਦਰ ਸਿੰਘ ਮਣਕੂ ਪਿੰਡ ਵਿੱਚ ਹੀ ਇੱਕ ਜਿੰਮ ਸੰਚਾਲਕ ਵੀ ਹੈ ਜੋ ਨੌਜਵਾਨਾਂ ਨੂੰ ਨਸ਼ੇ ਦੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਖੇਡਾਂ ਨਾਲ ਜੋੜ ਰਿਹਾ ਹੈ ਤੇ ਉਸ ਦੀ ਇਸ ਉੱਦਮ ਤੇ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ।