ਤੀਬਰ ਦਸਤ ਰੋਕੂ ਜਾਗਰੂਕਤਾ ਮਹੀਨੇ ਦੌਰਾਨ ਧੋਬੀਆਣਾ ਬਸਤੀ ਵਿਖੇ ਕੀਤਾ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2025 :ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਤੀਬਰ ਦਸਤ ਰੋਕੂ ਜਾਗਰੂਕਤਾ ਮਹੀਨੇ (ਆਈ.ਡੀ.ਸੀ.ਐਫ਼) ਦੌਰਾਨ ਧੋਬੀਆਣਾ ਬਸਤੀ ਵਿਖੇ ਕੀਤਾ ਗਿਆ ਜਾਗਰੂਕ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਇਹ ਜਾਗਰੂਕਤਾ ਮਹੀਨਾ 01 ਜੁਲਾਈ ਤੋ 31 ਜੁਲਾਈ 2025 ਤੱਕ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓ.ਆਰ.ਐਸ ਦੇ ਪੈਕੇਟ ਦੇ ਕੇ ਕਵਰ ਕੀਤਾ ਜਾਵੇਗਾ । ਇਸ ਜਾਗਰੂਕਤਾ ਮਹੀਨੇ ਦਾ ਮੁੱਖ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ਇਹ ਵੀ ਵੇਖਿਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਸਾਲ ਵਿਚ ਘੱਟੋ ਘੱਟ 2-3 ਵਾਰ ਦਸਤ ਤੋਂ ਪੀੜਤ ਹੁੰਦਾ ਹੈ। ਇਸ ਜਾਗਰੂਕਤਾ ਮਹੀਨੇ ਦਾ ਉਦੇਸ਼ ਦਸਤ ਦੀ ਰੋਕਥਾਮ ਲਈ ਹਰ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ, ਦਸਤ ਤੋਂ ਪੀੜਤ ਬੱਚਿਆਂ ਨੂੰ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਦੇਣਾ, ਹੱਥ ਧੋਣ ਦੀਆਂ ਸਹੀ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਚਾਰ ਕਰਨਾ ਸ਼ਾਮਿਲ ਹੈ ।
ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅੰਦਰ ਦਸਤ ਦੀ ਬਿਮਾਰੀ ਉਨ੍ਹਾਂ ਦੀ ਮੌਤ ਦਾ ਵੱਡਾ ਕਾਰਨ ਹੈ। ਓ.ਆਰ.ਐਸ. ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਦਸਤ ਰੋਗ ਦਾ ਸਹੀ ਇਲਾਜ ਹਨ। ਇਸ ਜਾਗਰੂਕਤਾ ਮਹੀਨੇ ਦੌਰਾਨ ਆਸ਼ਾ ਵਰਕਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਘਰ-ਘਰ ਵਿਚ ਜਾ ਕੇ ਓ.ਆਰ.ਐਸ. ਦਾ ਪੈਕਟ ਮੁਹੱਈਆ ਕਰਵਾਉਣਗੀਆਂ ਅਤੇ ਓ.ਆਰ.ਐਸ ਦਾ ਘੋਲ ਬਣਾਉਣ ਦੀ ਵਿਧੀ ਵੀ ਦੱਸਣਗੀਆਂ ।
ਇਸ ਤੋਂ ਇਲਾਵਾ ਦਸਤ ਦੀ ਬੀਮਾਰੀ ਦੇ ਲੱਛਣਾਂ, ਕਾਰਨਾਂ ਅਤੇ ਇਲਾਜ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਆਸ਼ਾ ਵਰਕਰ ਹਰ ਘਰ ਦੇ ਬਾਹਰ ਨਿਸ਼ਾਨੀ ਲਗਾਏਗੀ । ਉਨ੍ਹਾਂ ਦਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਟੱਟੀਆਂ-ਉਲਟੀਆਂ ਦੇ ਰੋਗ ਦੀ ਰੋਕਥਾਮ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਅਤੇ ਹਰੇਕ ਸਿਹਤ ਕੇਂਦਰ ਵਿਖੇ ਓ.ਆਰ.ਐਸ ਅਤੇ ਜਿੰਕ ਕਾਰਨਰ ਬਣਾਏ ਗਏ ਹਨ । ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਰੁਪਿੰਦਰ ਕੌਰ,ਆਂਗਣਵਾੜੀ ਵਰਕਰ ਗੁਰਜੀਤ ਕੌਰ, ਆਸ਼ਾ ਵਰਕਰ ਲਖਵਿੰਦਰ ਕੌਰ ਅਤੇ ਮੰਜੂ ਹਾਜ਼ਰ ਸਨ।