ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵੱਖ ਵੱਖ ਕਿਸਾਨੀ ਮਸਲਿਆਂ ਨੂੰ ਲੈ ਕੇ ਅਹਿਮ ਫੈਸਲੇ
ਅਸ਼ੋਕ ਵਰਮਾ
ਮਸਤੂਆਣਾ ਸਾਹਿਬ ,2 ਜੁਲਾਈ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ। ਇਸ ਵਿੱਚ ਸੂਬਾ ਕਮੇਟੀ ਤੋਂ ਇਲਾਵਾ 14 ਜ਼ਿਲਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਆਗੂਆਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ਼ ਕਰਦੇ ਹੋਏ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 13 ਜੁਲਾਈ ਨੂੰ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਕਾਰਪੋਰੇਟ ਵਿਰੋਧੀ ਅਤੇ ਜਬਰ ਵਿਰੋਧੀ ਦਿਵਸ ਵਜੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿਖੇ ਮਨਾਈ ਜਾਵੇਗੀ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਲੁਧਿਆਣਾ ਨੇੜਲੇ 42 ਪਿੰਡਾਂ ਅਤੇ 26 ਹੋਰ ਸ਼ਹਿਰਾਂ ਦੇ ਨੇੜਲੇ ਪਿੰਡਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਵਾਸਤੇ ਲੈਂਡ ਬੈਂਕ ਬਣਾਉਣ ਲਈ ਕਲੋਨੀਆਂ ਕੱਟਣ ਦੇ ਬਹਾਨੇ ਹੇਠ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਮਰੀਕਾ ਨਾਲ ਟੈਕਸ ਮੁਕਤ ਵਪਾਰ ਸਮਝੌਤਿਆਂ ਦੀ ਚੱਲ ਰਹੀ ਗੱਲਬਾਤ ਦੌਰਾਨ ਖੇਤੀ ਅਤੇ ਡੈਅਰੀ ਖ਼ੇਤਰ ਨੂੰ ਬਹੁਕੌਮੀ ਕੰਪਨੀਆਂ ਵਾਸਤੇ ਖੋਲ੍ਹਣ ਦਾ ਖਤਰਾ ਦੇਸ਼ ਦੇ ਸਿਰ ਤੇ ਖੜਾ ਹੈ। ਡੈਮ ਸੇਫਟੀ ਐਕਟ, ਕੌਮੀ ਖੇਤੀ ਮੰਡੀਕਰਨ ਨੀਤੀ, ਨਵੀਂ ਕੌਮੀ ਸਿੱਖਿਆ ਨੀਤੀ ਅਤੇ ਜਲ ਸੋਧ ਐਕਟ ਮੜ ਕੇ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਆਗੂਆਂ ਅਤੇ ਜਥੇਬੰਦੀਆਂ ਤੇ ਜਬਰ ਦਾ ਕੁਹਾੜਾ ਵਾਹਿਆ ਜਾ ਰਿਹਾ ਹੈ ਪਿਛਲੇ ਦਿਨਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰ ਭਗਵਾਨ ਸਿੰਘ ਮੂਣਕ ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਸਿਆਸੀ ਸ਼ਹਿ 'ਤੇ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ। ਕੈਂਸਰ ਗੈਸ ਫੈਕਟਰੀਆਂ ਖਿਲਾਫ਼ ਲੜਨ ਵਾਲੇ ਅਖਾੜਾ ਸਮੇਤ ਭੂੰਦੜੀ, ਚਾਹੜ, ਬੱਗੇ ਕਲਾਂ, ਭੋਗਪੁਰ ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਬਰ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। 5994 ਈਟੀਟੀ ਅਧਿਆਪਕਾਂ ਨੂੰ ਗ੍ਰਿਫ਼ਤਾਰ ਅਤੇ ਤਸ਼ੱਦਦ ਕਰਕੇ ਮੁਜ਼ਾਹਰਾ ਕਰਨ ਤੋਂ ਵੀ ਰੋਕ ਦਿੱਤਾ ਗਿਆ ਹੈ। ਇਸ ਲਈ ਸਾਥੀ ਬਲਕਾਰ ਸਿੰਘ ਡਕੌਂਦਾ ਦੀ 15ਵੀਂ ਬਰਸੀ 13 ਜੁਲਾਈ ਨੂੰ 'ਕਾਰਪੋਰੇਟ ਵਿਰੋਧੀ ਅਤੇ ਜਬਰ ਵਿਰੋਧੀ ਦਿਵਸ' ਵਜੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿਖੇ ਮਨਾਈ ਜਾਵੇਗੀ।
ਮੀਟਿੰਗ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਕੈਂਸਰ ਗੈਸ ਫੈਕਟਰੀਆਂ ਵਿਰੋਧੀ ਘੋਲ ਅਤੇ ਮਾਨਸਾ ਜਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਨੂੰ ਮਾਲਕੀ ਹੱਕ ਦਵਾਉਣ ਲਈ ਚੱਲ ਰਹੇ ਘੋਲ ਤੇ ਸਰਕਾਰ ਵੱਲੋਂ ਕੀਤੇ ਜਬਰ ਦਾ ਜਥੇਬੰਦਕ ਤਾਕਤ ਰਾਹੀਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹਨਾਂ ਮੁੱਦਿਆਂ ਸਮੇਤ ਪਾਣੀ ਦੇ ਮਸਲੇ ਤੇ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਜਥੇਬੰਦੀ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ। ਸ਼ਹੀਦ ਕਿਰਨਜੀਤ ਕੌਰ ਦਾ 28ਵਾਂ ਬਰਸੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ, ਕਰਮਜੀਤ ਸਿੰਘ ਰਾਮ ਨਗਰ ਛੰਨਾ, ਹਰਵਿੰਦਰ ਸਿੰਘ ਕੋਟਲੀ, ਜੁਗਰਾਜ ਸਿੰਘ ਹਰਦਾਸਪੁਰਾ, ਜਗਤਾਰ ਸਿੰਘ ਦੁੱਗਾਂ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਜੰਗੀਰ ਸਿੰਘ ਖਹਿਰਾ, ਬੂਟਾ ਖਾਨ ਮਲੇਰਕੋਟਲਾ, ਪ੍ਰਦੀਪ ਮੁਸਾਹਿਬ ਮੋਹਾਲੀ, ਸੁਖਚੈਨ ਸਿੰਘ ਰਾਜੂ ਮੋਗਾ, ਜਸਕਰਨ ਸਿੰਘ ਮੋਰਾਂਵਾਲੀ ਫਰੀਦਕੋਟ, ਗੁਰਦੀਪ ਸਿੰਘ ਖੁੱਡੀਆਂ ਮੁਕਤਸਰ ਸਾਹਿਬ, ਦਰਸ਼ਨ ਸਿੰਘ ਕੜਮਾਂ, ਮਨਜਿੰਦਰ ਕਮਲ, ਤਾਰਾ ਚੰਦ ਬਰੇਟਾ, ਸੁਖਦੇਵ ਸਿੰਘ ਘਰਾਚੋਂ, ਗੁਲਜ਼ਾਰ ਸਿੰਘ ਕਬਰ ਵੱਛਾ, ਜਸਪ੍ਰੀਤ ਕੁਹਾਰਵਾਲਾ, ਦੇਵੀ ਰਾਮ ਰੰਘੜਿਆਲ ਅਤੇ ਬਲਜਿੰਦਰ ਸਿੰਘ ਵੜਿੰਗ ਸ਼ਾਮਲ ਸਨ।