IND vs SA 4th T20: ਭਾਰਤ-ਦੱਖਣੀ ਅਫਰੀਕਾ ਵਿਚਾਲੇ ਅੱਜ ਹੋਵੇਗੀ ਕਾਂਟੇ ਦੀ ਟੱਕਰ; ਜਾਣੋ Playing 11
ਬਾਬੂਸ਼ਾਹੀ ਬਿਊਰੋ
ਲਖਨਊ, 17 ਦਸੰਬਰ: ਭਾਰਤ ਅਤੇ ਦੱਖਣੀ ਅਫਰੀਕਾ (India vs South Africa) ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਅਤੇ ਬੇਹੱਦ ਅਹਿਮ ਮੁਕਾਬਲਾ ਅੱਜ, ਬੁੱਧਵਾਰ ਨੂੰ ਲਖਨਊ ਦੇ ਇਕਾਨਾ ਸਟੇਡੀਅਮ (Ekana Stadium) ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਫਿਲਹਾਲ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ। ਭਾਰਤੀ ਟੀਮ ਅੱਜ ਆਪਣੇ ਘਰੇਲੂ ਮੈਦਾਨ 'ਤੇ ਜਿੱਤ ਦਰਜ ਕਰਕੇ ਸੀਰੀਜ਼ 'ਤੇ ਕਬਜ਼ਾ ਜਮਾਉਣਾ ਚਾਹੇਗੀ, ਉੱਥੇ ਹੀ ਮਹਿਮਾਨ ਟੀਮ ਲਈ ਇਹ 'ਕਰੋ ਜਾਂ ਮਰੋ' ਦਾ ਮੁਕਾਬਲਾ ਹੈ।
ਭਾਰਤ ਦਾ ਪਲੜਾ ਭਾਰੀ, ਇਕਾਨਾ 'ਚ ਅਜੇਤੂ ਰਿਕਾਰਡ
ਸੀਰੀਜ਼ ਦਾ ਰੋਮਾਂਚ ਹੁਣ ਤੱਕ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ। ਭਾਰਤ ਨੇ ਪਹਿਲਾ ਮੈਚ 101 ਦੌੜਾਂ ਨਾਲ ਜਿੱਤਿਆ ਸੀ, ਪਰ ਦੂਜੇ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ 51 ਦੌੜਾਂ ਨਾਲ ਵਾਪਸੀ ਕੀਤੀ ਸੀ। ਹਾਲਾਂਕਿ, ਧਰਮਸ਼ਾਲਾ ਵਿੱਚ ਹੋਏ ਤੀਜੇ ਮੈਚ ਵਿੱਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਫਿਰ ਬੜ੍ਹਤ ਬਣਾ ਲਈ।
ਲਖਨਊ ਦੇ ਮੈਦਾਨ 'ਤੇ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਟੀਮ ਇੰਡੀਆ ਨੇ ਇੱਥੇ ਹੁਣ ਤੱਕ ਖੇਡੇ ਗਏ ਤਿੰਨੋਂ ਟੀ-20 ਮੈਚ ਜਿੱਤੇ ਹਨ। ਆਖਰੀ ਵਾਰ 2023 ਵਿੱਚ ਇੱਥੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਹੈੱਡ-ਟੂ-ਹੈੱਡ ਅੰਕੜਿਆਂ (Head-to-Head Stats) ਵਿੱਚ ਵੀ ਭਾਰਤ ਅੱਗੇ ਹੈ; ਹੁਣ ਤੱਕ ਹੋਏ 34 ਮੁਕਾਬਲਿਆਂ ਵਿੱਚੋਂ ਭਾਰਤ ਨੇ 20 ਅਤੇ ਅਫਰੀਕਾ ਨੇ 13 ਮੈਚ ਜਿੱਤੇ ਹਨ।
ਕਪਤਾਨ ਅਤੇ ਉਪ-ਕਪਤਾਨ ਦੀ ਫਾਰਮ ਚਿੰਤਾ ਦਾ ਵਿਸ਼ਾ
ਟੀਮ ਦੀ ਜਿੱਤ ਦੇ ਬਾਵਜੂਧ ਕਪਤਾਨ ਸੂਰਿਆਕੁਮਾਰ ਯਾਦਵ (Captain Suryakumar Yadav) ਅਤੇ ਉਪ-ਕਪਤਾਨ ਸ਼ੁਭਮਨ ਗਿੱਲ ਦਾ ਬੱਲਾ ਇਸ ਸੀਰੀਜ਼ ਵਿੱਚ ਸ਼ਾਂਤ ਰਿਹਾ ਹੈ। ਗਿੱਲ ਦਾ ਬੈਸਟ ਸਕੋਰ ਹੁਣ ਤੱਕ 28 ਦੌੜਾਂ ਹੈ, ਜਦਕਿ ਸੂਰਿਆ ਨੇ ਤਿੰਨ ਪਾਰੀਆਂ ਵਿੱਚ ਮਹਿਜ਼ 12, 5 ਅਤੇ 12 ਦੌੜਾਂ ਬਣਾਈਆਂ ਹਨ। ਅਜਿਹੇ ਵਿੱਚ ਅੱਜ ਲਖਨਊ ਦੀ ਪਿੱਚ 'ਤੇ ਫੈਨਜ਼ ਨੂੰ ਇਨ੍ਹਾਂ ਦੋਵੇਂ ਸਟਾਰ ਖਿਡਾਰੀਆਂ ਤੋਂ ਇੱਕ ਵੱਡੀ ਪਾਰੀ (Big Inning) ਦੀ ਉਮੀਦ ਹੋਵੇਗੀ।
ਕਿਹੋ ਜਿਹਾ ਰਹੇਗਾ ਮੌਸਮ?
ਬੁੱਧਵਾਰ ਨੂੰ ਹੋਣ ਵਾਲੇ ਇਸ ਮੈਚ ਵਿੱਚ ਮੌਸਮ (Weather Update) ਦੀ ਵੀ ਅਹਿਮ ਭੂਮਿਕਾ ਰਹੇਗੀ। ਐਕਯੂਵੈਦਰ ਅਨੁਸਾਰ, ਲਖਨਊ ਵਿੱਚ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟੋ-ਘੱਟ 12 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਯਾਨੀ ਖਿਡਾਰੀਆਂ ਨੂੰ ਠੰਢ ਵਿਚਾਲੇ ਆਪਣਾ ਪ੍ਰਦਰਸ਼ਨ ਕਰਨਾ ਹੋਵੇਗਾ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 (Probable Playing XI)
1. ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਅਰਸ਼ਦੀਪ ਸਿੰਘ।
2. ਦੱਖਣੀ ਅਫਰੀਕਾ: ਐਡਨ ਮਾਰਕਰਮ (ਕਪਤਾਨ), ਰੀਜ਼ਾ ਹੈਂਡ੍ਰਿਕਸ, ਕਵਿੰਟਨ ਡੀ ਕਾਕ (ਵਿਕਟਕੀਪਰ), ਡੇਵਾਲਡ ਬ੍ਰੇਵਿਸ, ਟ੍ਰਿਸਟਨ ਸਟੱਬਸ, ਡੋਨੋਵਨ ਫਰੇਰਾ, ਮਾਰਕੋ ਯਾਨਸਨ, ਕੋਰਬਿਨ ਬੋਸ਼, ਐਨਰਿਕ ਨੌਰਤਿਆ, ਲੂੰਗੀ ਐਨਗਿਡੀ ਅਤੇ ਓਰਟਨੀਲ ਬਾਰਟਮੈਨ।