ਜਰਖੜ ਖੇਡਾਂ ਦਾ ਆਗਾਜ਼ 13 ਫਰਵਰੀ ਤੋਂ: ਲਾਹੌਰ ਤੋਂ ਤੁਰੇਗੀ ਖੇਡ ਮਿਸ਼ਾਲ, ਕੈਬਨਿਟ ਮੰਤਰੀ ਸੌਂਦ ਕਰਨਗੇ ਉਦਘਾਟਨ
ਸੁਖਮਿੰਦਰ ਭੰਗੂ
ਲੁਧਿਆਣਾ 9 ਫ਼ਰਵਰੀ 2026- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਈਆਂ ਜਾਣ ਵਾਲੀਆਂ ਜੀਐਸਟੀ ਟਰੱਕ ਪਰਮਿਟ, ਏਵਨ ਸਾਈਕਲ, 38ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 13 14 ਅਤੇ 15 ਫਰਵਰੀ 2026 ਨੂੰ ਕਰਵਾਈਆਂ ਜਾ ਰਹੀਆਂ ਹਨ।
13 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਗਮ ਬੇਹੱਦ ਲਾਜਵਾਬ ਹੋਵੇਗਾ। ਇਸ ਵਿੱਚ ਜਿੱਥੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦਾ ਮਾਰਚ ਪਾਸਟ ਖਿੱਚ ਦਾ ਕੇਂਦਰ ਬਣੇਗਾ ਉਥੇ ਵੱਖ ਵੱਖ ਸਕੂਲਾਂ ਦੀ ਸੱਭਿਆਚਾਰ ਵੰਨਗੀਆ ਵੀ ਖੇਡ ਮਹੌਲ ਨੂੰ ਹੋਰ ਸੁਹਾਵਣਾ ਬਣਾਉਣਗੀਆ । ਇਸ ਮੌਕੇ ਜਰਖੜ ਖੇਡਾਂ ਦੀ ਉਲੰਪਿਕ ਖੇਡ ਮਿਸ਼ਾਲ ਜੰਨਤ ਏ ਜਰਖੜ ਮਿਊਜੀਅਮ ਦੇ ਲਾਹੌਰ ( ਪਾਕਿਸਤਾਨ ਵਾਲਾ ਲਾਹੌਰ ਨਹੀਂ) ਤੋਂ ਚੱਲੇਗੀ ਅਤੇ ਖਿਡਾਰੀਆਂ ਦੇ ਕਾਫਲੇ ਦੇ ਰੂਪ ਵਿੱਚ ਜਰਖੜ ਖੇਡ ਸਟੇਡੀਅਮ ਵਿਖੇ ਪੁੱਜੇਗੀ ਜਿੱਥੇ ਕੌਮੀ ਅਤੇ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਖੇਡ ਮਿਸ਼ਾਲ ਨੂੰ ਜਗਾਉਣਗੇ , ਅਤੇ ਖੇਡਾਂ ਸ਼ੂਰੂ ਕਰਨ ਦਾ ਐਲਾਨ ਹੋਵੇਗਾ।
ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕਰਨਗੇ ਜਦਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਅੱਜ ਪ੍ਰਬੰਧਕਾਂ ਨੇ ਜਰਖੜ ਖੇਡਾਂ ਦਾ ਪੋਸਟਰ ਵੀ ਰਿਲੀਜ਼ ਕੀਤਾ । ਇਸ ਵਰ੍ਹੇ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਉੱਤੇ 15 ਫਰਵਰੀ ਨੂੰ ਦੁਪਹਿਰ 1 ਵਜੇ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਖੇਡ ਸਮਰਥਕ ਅਧਿਕਾਰੀ ਸ੍ਰੀ ਚੰਦਰਸ਼ੇਖਰ ਨੂੰ " ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ" ਨਾਲ, ਪਦਮ ਸ੍ਰੀ ਬਲਦੇਵ ਸਿੰਘ ਨੂੰ ਭਗਤ ਪੂਰਨ ਸਿੰਘ ਐਵਾਰਡ" ਨਾਲ , ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ"ਪੰਜਾਬ ਦਾ ਮਾਣ ਐਵਾਰਡ" ਸ਼੍ਰੀਮਤੀ ਸਿਮਰਨਜੀਤ ਕੌਰ ਗਿੱਲ ਪ੍ਰੋ ਵਾਈਸ ਚਾਂਸਲਰ ਸੀ ਟੀ ਯੂਨੀਵਰਸਿਟੀ ਲੁਧਿਆਣਾ ਨੂੰ "ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ" ਨਾਲ,ਪੱਤਰਕਾਰ ਦਵਿੰਦਰਪਾਲ ਸਿੰਘ ਚੰਡੀਗੜ੍ਹ ਨੂੰ "ਪੰਜਾਬ ਦੀ ਪੱਤਰਕਾਰੀ ਦਾ ਮਾਣ ਐਵਾਰਡ" ਦੇ ਨਾਲ, ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋ ਨੂੰ "ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ " ਨਾਲ, ਵੇਟਰਨਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਗਰੇਵਾਲ ਯੂ ਐਸ ਏ ਨੂੰ ਉਲੰਪੀਅਨ ਪ੍ਰਿਥੀਪਾਲ ਸਿੰਘ ਐਵਾਰਡ ਦੇ ਨਾਲ ਸਨਮਾਨਿਆ ਜਾਵੇਗਾ।
ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਹਾਕੀ ਗੋਲਡ ਕੱਪ ਅਤੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਵੇਗਾ। ਉਹਨਾਂ ਦੱਸਿਆ ਹਾਕੀ ਲੜਕੇ ਤੇ ਲੜਕੀਆਂ, ਹਾਕੀ ਅੰਡਰ 17 ਸਾਲ ਮੁੰਡੇ, ਕਬੱਡੀ ਓਪਨ , ਕਬੱਡੀ ਬਜ਼ੁਰਗਾਂ ਦੀ 50 ਸਾਲ ਧਰਮ ਸਿੰਘ ਜਰਖੜ ਕਬੱਡੀ ਕੱਪ, ਅਮਰਜੀਤ ਗਰੇਵਾਲ ਦੀ ਯਾਦ ਵਿੱਚ ,ਫੁੱਟਬਾਲ 60 ਕਿਲੋ ਮੁੰਡੇ, ਅਤੇ ਅੰਡਰ 19 ਸਾਲ ਕੁੜੀਆਂ ਦੇ ਮੁਕਾਬਲੇ, ਬਾਬਾ ਸੁਰਜਨ ਸਿੰਘ ਸਰੀਂਹ ਦੀ ਯਾਦ ਵਿੱਚ ਰੱਸਾਕਸ਼ੀ ਸੀਨੀਅਰ ਵਰਗ ਦੇ ਮੁਕਾਬਲੇ, ਇਸਤੋਂ ਇਲਾਵਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਵੱਖ ਵੱਖ ਖੇਡਾਂ, ਰੱਸਾਕਸ਼ੀ, ਦੌੜਾਂ, ਕਬੱਡੀ ਪ੍ਰਾਇਮਰੀ ਸਕੂਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਖਿਡਾਰੀਆਂ ਅਤੇ ਆਮ ਪਬਲਿਕ ਵਾਸਤੇ ਲੰਗਰ ਦੀ ਸੇਵਾ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਜਰਖੜ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ।
ਅੱਜ ਦੀ ਮੀਟਿੰਗ ਵਿੱਚ ਗੁਰਦੁਆਰਾ ਮੰਜੀ ਸਾਹਿਬ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਜਰਖੜ ,ਸਰਪੰਚ ਸੰਦੀਪ ਸਿੰਘ ਜਰਖੜ ,ਤਪਿੰਦਰ ਸਿੰਘ ਗੋਗਾ, ਪ੍ਰੀਤਮਹਿੰਦਰ ਸਿੰਘ ਨਿੱਪੀ, ਤਜਿੰਦਰ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਬਲਵੰਤ ਸਿੰਘ ਬੁੱਢੇਵਾਲ, ਜਸਮੇਲ ਸਿੰਘ ਨੋਕਵਾਲ,ਸਾਬੀ ਜਰਖੜ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। ਫਾਈਨਲ ਸਮਾਰੋਹ ਤੇ 15 ਫ਼ਰਵਰੀ ਨੂੰ ਦੁਪਹਿਰ 2 ਵਜੇ ਨਾਮੀ ਲੋਕ ਗਾਇਕਾ ਸਤਵਿੰਦਰ ਬਿੱਟੀ, ਜਸਵੰਤ ਸੰਦੀਲਾ,ਨੀਤੂ ਵਿਰਕ, ਗੁਰਜਾਨ ਆਦਿ ਹੋਰ ਗਾਇਕਾਂ ਦਾ ਖੁੱਲਾ ਅਖਾੜਾ ਵੀ ਲੱਗੇਗਾ।