ਮਹਾਵੀਰ ਥੀਏਟ੍ਰੀਕਲ ਕਲੱਬ ਵੱਲੋਂ ਸਮਾਜ ਸੇਵੀ ਕੰਚਨ ਚੌਹਾਨ ਦਾ ਵਿਸ਼ੇਸ਼ ਸਨਮਾਨ
ਸ਼੍ਰੀ ਰਾਮ ਰਾਜ ਤਿਲਕ ਨਾਈਟ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਸ਼ਲਾਘਾਯੋਗ ਉਪਰਾਲਾ: ਕੰਚਨ ਚੌਹਾਨ
ਰੋਹਿਤ ਗੁਪਤਾ
ਬਟਾਲਾ 22 ਅਕਤੂਬਰ

ਮਹਾਵੀਰ ਥੀਏਟ੍ਰੀਕਲ ਕਲੱਬ, ਮੀਆਂ ਮੁਹੱਲਾ, ਬਟਾਲਾ ਵੱਲੋਂ ਸ਼੍ਰੀ ਰਾਮ ਰਾਜ ਤਿਲਕ ਨਾਈਟ ਦੇ ਮੌਕੇ ’ਤੇ ਕਰਵਾਏ ਗਏ ਇਨਾਮ ਵੰਡ ਸਮਾਰੋਹ ਦੌਰਾਨ ਉੱਘੀ ਸਮਾਜ ਸੇਵਿਕਾ, ਵੂਮੈਨ ਐਂਡ ਚਿਲਡਰਨ ਵੈਲਫੇਅਰ ਸੁਸਾਇਟੀ ਦੀ ਪੰਜਾਬ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਸਿਟੀ ਪ੍ਰਧਾਨ ਸ੍ਰੀਮਤੀ ਕੰਚਨ ਚੌਹਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਕੇ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਕੰਚਨ ਚੌਹਾਨ ਨੇ ਮਹਾਵੀਰ ਥੀਏਟ੍ਰੀਕਲ ਕਲੱਬ ਦੀ ਸਮੁੱਚੀ ਕਮੇਟੀ ਅਤੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਾਡੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜ ਵਿੱਚ ਧਾਰਮਿਕ ਆਸਥਾ, ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਉਨ੍ਹਾਂ ਨੇ ਕਲੱਬ ਦੇ ਸਮੂਹ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਕਲਾਕਾਰ ਆਪਣੀ ਕਲਾ ਅਤੇ ਮਿਹਨਤ ਰਾਹੀਂ ਸਮਾਜ ਨੂੰ ਚੰਗੀ ਸੇਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਾਮਲੀਲਾ ਵਰਗੇ ਧਾਰਮਿਕ ਮੰਚਾਂ ਰਾਹੀਂ ਭਗਵਾਨ ਸ਼੍ਰੀ ਰਾਮ ਜੀ ਦੇ ਆਦਰਸ਼ਾਂ, ਮਰਿਆਦਾ, ਸੱਚਾਈ ਅਤੇ ਨੇਕੀ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਅਜਿਹੇ ਉਪਰਾਲੇ ਕਰਨ ਵਾਲੀਆਂ ਸੰਸਥਾਵਾਂ ਅਤੇ ਕਲਾਕਾਰ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ।
ਕੰਚਨ ਚੌਹਾਨ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਾਮਨਾ ਕੀਤੀ ਕਿ ਮਹਾਵੀਰ ਥੀਏਟ੍ਰੀਕਲ ਕਲੱਬ ਵੱਲੋਂ ਹਰ ਸਾਲ ਇਸੇ ਤਰ੍ਹਾਂ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਰਹਿਣ ਅਤੇ ਕਲੱਬ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਭਗਵਾਨ ਦੀ ਕਿਰਪਾ ਸਦਕਾ ਇਹ ਨੇਕ ਕਾਰਜ ਨਿਰੰਤਰ ਜਾਰੀ ਰਹਿਣ ਅਤੇ ਸਾਰੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਹੋਰ ਵਧੀਆ ਮੌਕੇ ਮਿਲਦੇ ਰਹਿਣ।
ਅੰਤ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਧਾਰਮਿਕ ਚੇਤਨਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਜੀਵੰਤ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।