ਕੇ.ਵੀ.ਕੇ. ਲੰਗੜੋਆ ਵੱਲੋਂ ਪਿੰਡ ਬੀਕਾ (ਬਲਾਕ ਬੰਗਾ) ਵਿਖੇ ਕੁਦਰਤੀ ਖੇਤੀ ਸਬੰਧੀ ਪਿੰਡ ਪੱਧਰੀ ਕੈਂਪ
ਪ੍ਰਮੋਦ ਭਾਰਤੀ
ਨਵਾਂਸ਼ਹਿਰ 01ਸਤੰਬਰ, 2026
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਅਤੇ ਆਈ.ਸੀ.ਏ.ਆਰ.-ਅਟਾਰੀ ਜ਼ੋਨ-1 ਦੀ ਸਰਪ੍ਰਸਤੀ ਹੇਠ, ਡਾ. ਪ੍ਰਦੀਪ ਕੁਮਾਰ (ਐਸੋਸੀਏਟ ਡਾਇਰੈਕਟਰ) ਦੀ ਅਗਵਾਈ ਵਿੱਚ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਲੰਗੜੋਆ ਵੱਲੋਂ ਪਿੰਡ ਬੀਕਾ (ਬਲਾਕ ਬੰਗਾ) ਵਿਖੇ ਕਿਸਾਨਾਂ ਲਈ ਇੱਕ ਰੋਜ਼ਾ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕੁਦਰਤੀ ਖੇਤੀ, ਫ਼ਸਲਾਂ ਦੀ ਸੁਰੱਖਿਆ ਅਤੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ।
ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਡਾ. ਬਲਜੀਤ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਧਿਆਨ ਦੇਣ ਲਈ ਪ੍ਰੇਰਿਆ ਅਤੇ ਬੀਜ ਅੰਮ੍ਰਿਤ ਅਤੇ ਜੀਵ ਅੰਮ੍ਰਿਤ ਬਣਾਉਣ ਅਤੇ ਇਹਨਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਉਹਨਾਂ ਨੇ ਫ਼ਸਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਰੋਕਥਾਮ ਦੇ ਕੁਦਰਤੀ ਤਰੀਕਿਆਂ ਜਿਵੇਂ ਕਿ ਬ੍ਰਹਮ ਅਸਤਰ ਅਤੇ ਅਗਨੀ ਅਸਤਰ ਬਣਾਉਣ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ।
ਡਾ. ਤੇਜਬੀਰ ਸਿੰਘ ਨੇ ਕੁਦਰਤੀ ਖੇਤੀ ਫਾਰਮ 'ਤੇ ਦੇਸੀ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹੇ ਵਿੱਚ ਲੰਪੀ ਸਕਿਨ ਬਿਮਾਰੀ ਦੇ ਸਾਹਮਣੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ, ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਹਦਾਇਤ ਕੀਤੀ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤਮੰਦ ਪਸ਼ੂਆਂ ਦਾ ਤੁਰੰਤ ਟੀਕਾਕਰਨ ਕਰਵਾਇਆ ਜਾਵੇ।
ਪੂਰੇ ਸੈਸ਼ਨ ਦੌਰਾਨ ਮਾਹਿਰਾਂ ਨੇ ਕਿਸਾਨਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ। ਉਹਨਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ, ਸੁਰੱਖਿਅਤ ਖੇਤੀ ਅਭਿਆਸਾਂ ਅਤੇ ਪਸ਼ੂ ਪਾਲਣ ਬਾਰੇ ਵਿਹਾਰਕ ਤੇ ਮਹੱਤਵਪੂਰਨ ਸੇਧ ਪ੍ਰਦਾਨ ਕਰਦਿਆਂ ਕੈਂਪ ਨੂੰ ਸਫਲਤਾਪੂਰਵਕ ਸੰਪੰਨ ਕੀਤਾ।