ਅੰਕੁਰ ਅਤੇ ਮਨਰਾਜ ਨੇ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਆਪਣੇ ਪਿਤਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ
ਲੁਧਿਆਣਾ 2 ਸਤੰਬਰ, 2026- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਡਾ ਸੁਰਜੀਤ ਪਾਤਰ ਚੇਅਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਪ੍ਰੋਗਰਾਮ ‘ਪਾਤਰ ਦੇ ਪੁੱਤਰ ਹੋਣ ਦਾ ਅਹਿਸਾਸ’ ਦੌਰਾਨ ਅੰਕੁਰ ਪਾਤਰ ਅਤੇ ਮਨਰਾਜ ਪਾਤਰ ਵੱਲੋਂ ਆਪਣੇ ਪਿਤਾ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ| ਪਾਤਰ ਸੁਨੇਹੀਆਂ ਨਾਲ ਗੱਲ ਕਰਦਿਆਂ ਉਹ ਦੋਵੇਂ ਕਈ ਬਾਰ ਭਾਵੁਕ ਹੋਏ| ਇਸ ਰੂ-ਬਰੂ ਦੌਰਾਨ ਕਿਸੇ ਮੋੜ ’ਤੇ ਸਮਾਂ ਗਮਗੀਨ ਵੀ ਬਣਦਾ ਰਿਹਾ ਪਰ ਸੁਰਜੀਤ ਪਾਤਰ ਦੀਆਂ ਉਤਸ਼ਾਹੀ ਗੱਲਾਂ ਨੂੰ ਯਾਦ ਕਰਦਿਆਂ ਮਹੌਲ ਖੁਸ਼ਗਵਾਰ ਵੀ ਰਿਹਾ| ਇਸ ਵੇਲੇ ਪਰਿਵਾਰ ਸਮੇਤ ਆਸਟ੍ਰੇਲੀਆ ਰਹਿ ਰਹੇ ਅੰਕੁਰ ਪਾਤਰ ਨੇ ਕਿਹਾ ਉਹ ਦੁਨੀਆਂ ਦੇ ਕਿਸੇ ਕੋਨੇ ਵੀ ਹੋਵੇ ਪਿਤਾ ਦਾ ਆਸ਼ੀਰਵਾਦ ਹਮੇਸ਼ਾ ਨਾਲ ਰਹਿੰਦਾ ਹੈ| ਉਸਨੇ ਕਿਹਾ ਵਿਦੇਸ਼ ਦੀਆਂ ਵੱਡੀਆਂ ਸਭਾਵਾਂ ਵਿੱਚ ਵੀ ਜਦੋਂ ਪਾਤਰ ਸਾਹਿਬ ਦੀ ਗੱਲ ਚਲਦੀ ਹੈ ਤਾਂ ਉਹਨਾਂ ਦਾ ਪੁੱਤਰ ਹੋਣ ’ਤੇ ਮਾਣ ਮਹਿਸੂਸ ਕਰਦਾਂ ਹਾਂ| ਮਨਰਾਜ ਪਾਤਰ ਨੇ ਕਿਹਾ ਮੈਨੂੰ ਪਿਤਾ ਵੱਲੋਂ ਮਿਲਿਆ ਸੁਰ-ਸਬਕ ਮੇਰੇ ਲਈ ਅਮੁੱਲ ਹੈ ਕਿਉਂਕਿ ਉਹਨਾਂ ਮੈਨੂੰ ਸ਼ਬਦ ਅਤੇ ਸੁਰ ਨਾਲ ਜੋੜਿਆ| ਮੈਂ ਅੱਖਾਂ ਬੰਦ ਕਰਕੇ ਸੁਰ ਲਾਉਂਦਾ ਹਾਂ ਉਹ ਮੇਰੇ ਸਾਹਮਣੇ ਆ ਖੜ੍ਹਦੇ ਨੇ|
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ ਰਿਸ਼ੀ ਪਾਲ ਸਿੰਘ, ਆਈ ਏ ਐੱਸ ਨੇ ਕਿਹਾ ਸੁਰਜੀਤ ਪਾਤਰ ਮਹਿਕਦਾ ਟਹਿਕਦਾ ਹਰਿਆ ਭਰਿਆ ਬਾਗ ਹੈ ਜੋ ਹਮੇਸ਼ਾ ਸੁਗੰਧੀਆਂ ਦਿੰਦਾ ਰਹੇਗਾ| ਡਾ ਰਿਸ਼ੀ ਪਾਲ ਨੇ ਕਿਹਾ ਅੱਜ ਪਾਤਰ ਦੇ ਪੁੱਤਰਾਂ ਨਾਲ ਗੱਲ ਬਾਤ ਕਰਨ ਨਾਲ ਪਾਤਰ ਦੀ ਇੱਕ ਪਿਤਾ ਵਜੋਂ ਤਸਵੀਰ ਸਾਡੇ ਸਾਹਮਣੇ ਬਣੀ ਹੈ ਜੋ ਸਾਡੇ ਚੇਤਿਆਂ ਵਿੱਚ ਰਹੇਗੀ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ ਪਾਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਜੋ ਪੈੜ੍ਹਾਂ ਪਾਈਆਂ ਹਨ ਉਹ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ| ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੰਕੁਰ ਅਤੇ ਮਨਰਾਜ ਤੋਂ ਪਾਤਰ ਸਾਹਿਬ ਅਤੇ ਪਰਿਵਾਰ ਬਾਰੇ ਗੱਲਾਂ ਬਾਤਾਂ ਕੀਤੀਆਂ| ਖੁੱਲੀ ਵਿਚਾਰ ਚਰਚਾ ਦੌਰਾਨ ਪੱਤਰਕਾਰ ਵਿਭਾਗ ਦੀ ਮੁਖੀ ਡਾ ਸ਼ੀਤਲ ਥਾਪਰ, ਡਾ ਹਰਮੀਤ ਸਿੰਘ ਕਿੰਗਰਾ, ਪ੍ਰਿੰਸੀਪਲ ਕੁਲਦੀਪ ਸਿੰਘ, ਡਾ ਧਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਤੂਰ, ਤੇਜ ਪ੍ਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ,ਚਰਨਜੀਤ ਸਿੰਘ, ਪ੍ਰੋ ਕਰਨਵੀਰ ਸਿੰਘ ਗਿੱਲ, ਡਾ ਸੁਖਦੇਵ ਸਿੰਘ, ਭੂਸ਼ਨ ਗੋਇਲ, ਸੁਰਿੰਦਰ ਕੈਲੇ, ਜਸਵਿੰਦਰ ਵਿਰਕ ਅਤੇ ਗਜ਼ਲਗੋ ਗੁਰਚਰਨ ਕੌਰ ਕੋਚਰ ਨੇ ਆਪਣੇ-ਆਪਣੇ ਵਿਚਾਰਾਂ ਦੀ ਸਾਂਝ ਪਾਈ| ਅੰਤ ਵਿੱਚ ਮਨਰਾਜ ਪਾਤਰ ਵੱਲੋਂ ਡਾ ਸੁਰਜੀਤ ਪਾਤਰ ਦੀਆਂ ਰਚਨਾਵਾਂ ਪੇਸ਼ ਕਰਕੇ ਸਮੇਂ ਨੂੰ ਸੰਗੀਤਕ ਰੰਗਤ ਦਿੱਤੀ| ਸਵਾਗਤ ਡਾ ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ ਨਿਰਮਲ ਜੌੜਾ ਨੇ ਕੀਤਾ| ਮੰਚ ਦਾ ਸੰਚਾਲਨ ਡਾ. ਦਿਵਿਆ ਉਤਰੇਜਾ ਨੇ ਕੀਤਾ| ਅੰਤ ਵਿਚ ਧੰਨਵਾਦ ਡਾ. ਰੁਪਿੰਦਰ ਤੂਰ ਨੇ ਕੀਤਾ|
- Download Babushahi App
-
-