ਲੋਕ ਪੱਖੀ ਕਾਰਗੁਜ਼ਾਰੀ ਤੇ ਜਵਾਬਦੇਹੀ ਤੋਂ ਭਗੌੜੇ ਹੋਣ ਦੀ ਗਵਾਹੀ ਦਿੰਦਾ ਮੋਦੀ ਦਾ ਨੀਰਸ ਭਾਸ਼ਣ : ਪਾਸਲਾ
ਸੰਘਰਸ਼ਸ਼ੀਲ ਲੋਕਾਂ ’ਤੇ ਕੀਤਾ ਜਾ ਰਿਹਾ ਜਬਰ ਭਗਵੰਤ ਮਾਨ ਦੀ ਸਰਕਾਰ ਨੂੰ ਮਹਿੰਗਾ ਪਵੇਗਾ : ਜਾਮਾਰਾਏ
ਅਸ਼ੋਕ ਵਰਮਾ
ਜਲੰਧਰ ,19 ਅਗਸਤ 2026:‘‘ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ ਦੀ ਫਸੀਲ ’ਤੋਂ ਦਿੱਤਾ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਵਿਕਾਸ ਦੇ ਫਰੇਬੀ ਦਾਅਵਿਆਂ ਤੇ ਝੂਠੇ ਤੱਥਾਂ ਦਾ ਮਿਲਗੋਭਾ ਸੀ। ਕੇਂਦਰੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਆਰਥਿਕ ਨੀਤੀਆਂ ਤੇ ਸੰਘ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਸੰਘਰਸ਼ਸ਼ੀਲ ਕਰੋੜਾਂ ਲੋਕਾਂ ਨੂੰ ‘ਦਿਮਾਗੀ ਨਕਸਲ' ਦੱਸਣਾ, ਅਸਲ ’ਚ ਮੋਦੀ ਸਰਕਾਰ ਦੇ ਫਿਰਕੂ-ਫਾਸ਼ੀ ਚਿਹਰੇ ਨੂੰ ਬੇਪਰਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਅਤੇ ਧਰਮ ਨਿਰਪੱਖ, ਲੋਕ ਰਾਜੀ, ਸੰਘਾਤਮਕ ਢਾਂਚੇ ਨੂੰ ਹਰ ਹੀਲੇ ਤਬਾਹ ਕਰਕੇ ਭਾਰਤ ਨੂੰ ਇਕ ਧਰਮ ਅਧਾਰਤ ਗੈਰ ਲੋਕ ਰਾਜੀ ਤੇ ਮਨੂੰਵਾਦੀ ਫਿਰਕੂ-ਫਾਸ਼ੀ ਰਾਸ਼ਟਰ ’ਚ ਤਬਦੀਲ ਕਰਕੇ ਹੀ ਦਮ ਲੈਣਗੇ।’’
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਸੂਬਾ ਕਮੇਟੀ ਦੀ ਮੀਟਿੰਗ ’ਚ ਬੋਲਦਿਆਂ ਕਿਹਾ ਕਿ ‘‘ਮੋਦੀ ਸਰਕਾਰ ਨੇ ਦੇਸ਼ ’ਚ ਦਿਨੋ-ਦਿਨ ਵੱਧ ਰਹੀ ਲੱਕ ਤੋੜ ਮਹਿੰਗਾਈ, ਬੇਰੁਜ਼ਗਾਰੀ ਤੇ ਲੋਕਾਂ ਦੇ ਭੱਖਦੇ ਮਸਲਿਆਂ ਨੂੰ ਹੱਲ ਕਰਨ ਬਾਰੇ ਕੋਈ ਯੋਜਨਾ ਦਾ ਖੁਲਾਸਾ ਕਰਨ ਦੀ ਥਾਂ ਸਾਰਾ ਜ਼ੋਰ ਆਪਣੀ ਸਰਕਾਰ ਦੀਆਂ ਫੋਕੀਆਂ ਸਿਫ਼ਤਾਂ ਕਰਨ ਤੇ ਵਿਰੋਧੀ ਧਿਰਾਂ ਨੂੰ ਨਿੰਦਣ ਲਈ ਲਾਇਆ। ਇਹ ਭਾਸ਼ਣ ਅਸਲ ’ਚ ਦੇਸ਼ ਦੇ ਕਰੋੜਾਂ ਲੋਕਾਂ ਪ੍ਰਤੀ ਦਿਖਾਏ ਗਏ ਹੰਕਾਰੀ ਵਤੀਰੇ ਤੇ ਦੇਸ਼ ਵਾਸੀਆਂ ਦਾ ਨਿਰਾਦਰ ਕਰਨ ਦਾ ਸੰਕੇਤ ਸੀ।’’ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ‘‘ਆਰ.ਐਸ.ਐਸ., ਭਾਜਪਾ ਤੇ ਮੋਦੀ ਸਰਕਾਰ ਪੰਜਾਬ ਦੇ ਨਰੋਏ ਵਿਰਸੇ, ਅਨਿਆਂ ਖਿਲਾਫ ਜੂਝ ਮਰਨ ਦੇ ਪੰਜਾਬੀਆਂ ਦੇ ਜੁਝਾਰੂ ਜਜ਼ਬੇ ਤੇ ਨਾਬਰੀ ਦੇ ਸੁਭਾਅ ਤੋਂ ਡਾਢੇ ਭੈਭੀਤ ਹਨ। ਸੰਘੀ ਬ੍ਰਿਗੇਡ ਪੰਜਾਬੀਆਂ ਦੀ ਇਨਕਲਾਬੀ ਸੋਚ ਨੂੰ ਤਾਨਾਸ਼ਾਹੀ ਤਰਜ਼ ਦਾ, ਧਰਮ ਅਧਾਰਤ, ਕੱਟੜ-ਪਿਛਾਖੜੀ ਰਾਸ਼ਟਰ ਕਾਇਮ ਕਰਨ ਦੀ ਆਪਣੀ ਕੋਝੀ ਯੋਜਨਾਬੰਦੀ ਦੇ ਰਾਹ ਦਾ ਸਭ ਤੋਂ ਵੱਡਾ ਵਿਚਾਰਧਾਰਕ ਅੜਿੱਕਾ ਸਮਝਦੀ ਹੈ।’’
ਉਨ੍ਹਾਂ ਐਲਾਨ ਕੀਤਾ ਹੈ ਕਿ ‘‘ਰਾਜ ਕਮੇਟੀ ਮੋਦੀ ਸਰਕਾਰ ਦੇ ਲੋਕ-ਮਾਰੂ, ਦੇਸ਼-ਵਿਰੋਧੀ ਨੀਤੀ ਚੌਖ਼ਟੇ ਖਿਲਾਫ ਸੂਬੇ ਦੇ ਪਿੰਡਾਂ-ਸ਼ਹਿਰਾਂ ’ਚ ਸੰਘਣੀ ਸਿਆਸੀ-ਵਿਚਾਰਧਾਰਕ ਮੁਹਿੰਮ ਚਲਾਵੇਗੀ।’’ ਕਮੇਟੀ ਨੇ ਡੂੰਘੇ ਦੁੱਖ ਨਾਲ ਨੋਟ ਕੀਤਾ ਹੈ ਕਿ ਆਰ.ਐਸ.ਐਸ. ਦੀ ਪੰਜਾਬ ਦੋਖੀ, ਫਿਰਕੂ-ਫਾਸ਼ੀ ਵਿਚਾਰਧਾਰਾ ਤੋਂ ਭਲੀ-ਭਾਂਤ ਜਾਣੂੰ ਹੋਣ ਦੇ ਬਾਵਜੂਦ ਸਾਰੇ ਅਕਾਲੀ ਧੜੇ ਸੱਤਾ ਦਾ ਆਨੰਦ ਮਾਨਣ ਲਈ ਭਾਜਪਾ ਦੀ ਝੋਲੀ ਪੈਣ ਵਾਸਤੇ ਪੱਬਾਂ ਭਾਰ ਹੋਏ ਬੈਠੇ ਹਨ। ਕਾਂਗਰਸੀ ਆਗੂ ਸੰਘ ਦੀ ਫਿਰਕੂ ਵਿਚਾਰਧਾਰਾ ਵਿਰੁੱਧ ਸੰਘਰਸ਼ ਕਰਨ ਦੀ ਬਜਾਏ ਇਕ-ਦੂਜੇ ਦੀ ਕਿਰਦਾਰਕੁਸ਼ੀ ਅਤੇ ਧੜੇਬੰਦੀ ਕਰਨ ’ਚ ਰੁੱਝੇ ਹੋਏ ਹਨ। ਰਾਜ ਕਮੇਟੀ ਨੇ ਸੰਘਰਸ਼ੀ ਧਿਰਾਂ ’ਤੇ ਢਾਹੇ ਜਾ ਰਹੇ ਪੁਲਸ ਜਬਰ, ਹੱਥੋਂ ਬਾਹਰ ਨਿਕਲ ਚੁੱਕੀ ਅਮਨ-ਕਾਨੂੰਨ ਦੀ ਸਥਿਤੀ, ਸੱਤਾਧਾਰੀਆਂ ਦੇ ਥਾਪੜੇ ਨਾਲ ਨਸ਼ਿਆਂ ਤੇ ਅਪਰਾਧਕ ਵਾਰਦਾਤਾਂ ਦੇ ਖਤਰਨਾਕ ਵਾਧੇ ਲਈ ਜਿੰਮੇਵਾਰ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ ਹੈ। ਰਾਜ ਕਮੇਟੀ ਨੇ ਦੇਸ਼ ਪੱਧਰੀ ਸੰਗਠਨ ‘ਕੁਲ ਹਿੰਦ ਕਿਸਾਨ ਮਹਾਸਭਾ’ ਦਾ 5ਵਾਂ ਕੌਮੀ ਡੈਲੀਗੇਟ ਸਮਾਗਮ ਸੂਬੇ ਦੀਆਂ ਦੋ ਮਜ਼ਬੂਤ ਤੇ ਮਕਬੂਲ ਕਿਸਾਨ ਜਥੇਬੰਦੀਆਂ, ‘ਜਮਹੂਰੀ ਕਿਸਾਨ ਸਭਾ ਪੰਜਾਬ’ ਅਤੇ ‘ਪੰਜਾਬ ਕਿਸਾਨ ਯੂਨੀਅਨ’ ਦੀ ਸਾਂਝੀ ਮੇਜ਼ਬਾਨੀ ’ਚ ਜਲੰਧਰ ਵਿਖੇ ਕੀਤੇ ਜਾਣ ਦੇ ਸੁਵੱਲੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।
ਮੀਟਿੰਗ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਨੇ ਕੀਤੀ। ਸ਼ੁਰੂ ’ਚ ਸੁਤੰਤਰਤਾ ਸੰਗਰਾਮ ਦੇ ਮਹਾਨ ਜਰਨੈਲ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਿਜਦਾ ਕੀਤਾ ਗਿਆ। ਉੱਘੇ ਇਤਿਹਾਸਕਾਰ ਸੁਮਿਤ ਸਰਕਾਰ ਤੇ ਹੋਰ ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।