ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ: ਸਿਵਲ ਸਰਜਨ
ਸਿਹਤ ਵਿਭਾਗ ਬਠਿੰਡਾ ਵਲੋਂ 24 ਤੋਂ 30 ਅਪ੍ਰੈਲ 2025 ਤੱਕ ਮਨਾਇਆ ਜਾਵੇਗਾ ਵਿਸ਼ਵ ਟੀਕਾਕਰਨ ਹਫਤਾ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2026 :ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੀ ਦੇਖ ਰੇਖ ਹੇਠ ਵਿਚ ਸਿਹਤ ਵਿਭਾਗ ਬਠਿੰਡਾ ਵਲੋਂ ਮਿਤੀ 24 ਅਪ੍ਰੈਲ 2026 ਤੋਂ 30 ਅਪ੍ਰੈਲ 2026 ਤੱਕ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ । ਹਫ਼ਤੇ ਭਰ ਲਈ ਚੱਲਣ ਵਾਲੀ ਇਸ ਵਿਸ਼ਵ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹੇ ਭਰ ਵਿਚ ਹੋ ਚੁੱਕੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਾਉਣਾ ਵੀ ਮੁੱਢਲੇ ਫ਼ਰਜਾਂ ਵਿੱਚੋਂ ਇੱਕ ਹੈ । ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਇਕ ਰੂਟੀਨ ਟੀਕਾਕਰਨ ਮੁਹਿੰਮ ਚੱਲਦੀ ਹੈ ਪਰ ਇਸ ਰੂਟੀਨ ਟੀਕਾਕਰਨ ਦੌਰਾਨ ਕਿਸੇ ਕਾਰਨ ਵਾਂਝੇ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾਂਦਾ ਹੈ । ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਏਰੀਏ ਮੁਤਾਬਕ ਇਸ ਹਫਤੇ ਦੌਰਾਨ ਸਪੈਸ਼ਲ ਟੀਕਾਕਰਨ ਸੈਸ਼ਨ ਪਲਾਨ ਕੀਤੇ ਗਏ ਹਨ।
ਇਸ ਹਫ਼ਤੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਅਪ੍ਰੈਲ ਦਾ ਆਖਰੀ ਹਫਤਾ ਹਰ ਸਾਲ ਵਿਸ਼ਵ ਟੀਕਾਕਰਨ ਹਫਤੇ ਵਜੋਂ ਮਨਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਵਿਭਾਗ ਵੱਲੋਂ ਟੀਕਾਕਰਨ ਕੀਤਾ ਜਾਂਦਾ ਹੈ। ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਾਉਣ ਵਿੱਚ ਮਾਪਿਆਂ ਦੇ ਪੂਰਨ ਸਹਿਯੋਗ ਦੀ ਲੋੜ ਪੈਂਦੀ ਹੈ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ, ਪੰਜਾਬ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਪੈਂਦੇ ਖ਼ਾਸ ਤੌਰ ਪ੍ਰਵਾਸੀ ਵਸੋਂ ਵਾਲੇ ਹੋਰ ਇਲਾਕੇ ਜਿਵੇਂ ਸਲੱਮ ਏਰੀਆ, ਝੁੱਗੀਆਂ, ਝੌਂਪੜੀਆਂ, ਭੱਠਿਆਂ, ਪਥੇਰਾ, ਗੁਜਰਾਂ ਦੇ ਡੇਰੇ ਤੇ ਹੋਰ ਆਪਹੁੰਚ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਅਤੇ ਜ਼ੀਰੋ ਤੋਂ ਪੰਜ ਸਾਲ ਤਕ ਦੇ ਸਾਰੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਆਊਟਰੀਚ ਕੈਂਪ ਲਾਏ ਜਾਣਗੇ।