ਗੰਨੇ ਦੀ ਫ਼ਸਲ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੀ ਜ਼ਰੂਰਤ- ਸਹਾਇਕ ਗੰਨਾ ਵਿਕਾਸ ਅਫਸਰ, ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਡਾ. ਅਮਰੀਕ ਸਿੰਘ, ਕੇਨ ਕਮਿਸ਼ਨਰ ਪੰਜਾਬ ਦੀ ਅਗਵਾਈ ਹੇਠ ਦਫਤਰ ਗੰਨਾ ਕਮਿਸ਼ਨਰ ਅਤੇ ਸਮੂਹ ਖੰਡ ਮਿੱਲਾਂ ਵੱਲੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜਿਲਾ ਗੁਰਦਾਸਪੁਰ ਅਧੀਨ 104 ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ।
ਡਾ. ਮਿੱਤਰਮਾਨ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਫ਼ਸਲ ਲੰਮੇ ਸਮੇਂ ਦੀ ਫ਼ਸਲ ਹੋਣ ਕਾਰਨ ਆਮ ਫ਼ਸਲਾਂ ਨਾਲੋਂ ਜ਼ਿਆਦਾ ਮਾਤਰਾ ਵਿੱਚ ਖੁਰਾਕੀ ਤੱਤਾਂ ਦੀ ਜ਼ਰੂਰਤ ਪੈਂਦੀ ਹੈ, ਪ੍ਰੰਤੂ ਗੰਨਾ ਕਾਸ਼ਤਕਾਰਾਂ ਵੱਲੋਂ ਸਿਫਾਰਸ਼ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸਤੰਬਰ ਮਹੀਨੇ ਦੌਰਾਨ, ਜਦੋਂ ਪੂਰੇ ਗੰਨੇ ਬਣ ਚੁੱਕੇ ਹੁੰਦੇ ਹਨ ਤਾਂ ਵੀ ਗੰਨਾ ਕਾਸ਼ਤਕਾਰਾਂ ਵਲੋਂ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਪੋਗੇ ਗੰਨੇ ਅਤੇ ਮੁੱਢ ਤੋਂ ਹੋਰ ਫੋਟ ਫੁੱਟਦੀ ਹੈ ਜੋ ਗੰਨਿਆਂ ਵਿਚ ਤਬਦੀਲ ਨਹੀਂ ਹੁੰਦੇ ਹਨ ਅਤੇ ਪਹਿਲਾਂ ਬਣੇ ਗੰਨਿਆਂ ਦਾ ਭਾਰ ਘਟਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਦੀ ਵਰਤੋਂ ਕਰਨ ਨਾਲ ਗੰਨੇ ਦੀ ਫਸਲ ਵਧੇਰੇ ਡਿੱਗਦੀ ਹੈ, ਕੀੜੇ ਮਕੌੜਿਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ ਅਤੇ ਖੰਡ ਦੀ ਰਿਕਵਰੀ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਖਾਦਾਂ ਦੀ ਵਰਤੋਂ ਸਿਫਾਰਿਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਤਕਰੀਬਨ ਖਤਮ ਹੋ ਚੁੱਕੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫਸਲ ਲਈ 130 ਕਿੱਲੋ ਅਤੇ ਮੂਢੀ ਫ਼ਸਲ ਲਈ 195 ਕਿੱਲੋ ਯੂਰੀਆ ਖਾਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਫਾਸਫੇਟਿਕ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਮਿੱਟੀ ਪਰਖ ਦੀ ਰਿਪੋਰਟ ਮੁਤਾਬਿਕ ਫਾਸਫੋਰਸ ਤੱਤ ਦੀ ਘਾਟ ਹੈ ਤਾਂ 75 ਕਿਲੋ ਸਿੰਗਲ ਸਪਰਫਾਸਫੇਟ ਖਾਦ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸਿਫਾਰਸ਼ਾਂ ਮੁਤਾਬਿਕ ਬਹਾਰ ਰੁੱਤ ਦੇ ਗੰਨੇ ਦੀ ਬੀਜੜ ਫ਼ਸਲ ਦੇ ਉੱਗਣ ਉਪਰੰਤ ਪਹਿਲੇ ਪਾਣੀ ਤੋਂ ਪਹਿਲਾਂ ਪਹਿਲੀ ਕਿਸ਼ਤ 65 ਕਿੱਲੋ ਯੂਰੀਆ ਫ਼ਸਲ ਦੀਆਂ ਲਾਈਨਾਂ ਦੇ ਨਾਲ ਨਾਲ ਪਾਉਣੀ ਚਾਹੀਦੀ ਹੈ ਅਤੇ ਬਾਕੀ ਦੀ 65 ਕਿੱਲੋ ਯੂਰੀਆ ਮਈ - ਜੂਨ ਵਿੱਚ ਪਾ ਦੇਣੀ ਚਾਹੀਦੀ ਹੈ। ਇਸੇ ਤਰਾਂ ਮੂਢੀ ਫ਼ਸਲ ਨੂੰ 195 ਕਿੱਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ, ਪਹਿਲੀ 65 ਕਿੱਲੋ ਯੂਰੀਆ ਦੀ ਕਿਸ਼ਤ ਗੋਡੀ ਜਾਂ ਵਾਹੀ ਸਮੇਂ ,ਦੂਜੀ ਕਿਸ਼ਤ ਅਪ੍ਰੈਲ ਅਤੇ ਤੀਜੀ ਕਿਸ਼ਤ ਮਈ ਵਿਚ ਪਾ ਦੇਣੀ ਚਾਹੀਦੀ ਹੈ। ਜੇਕਰ ਆਲੂਆਂ ਦੀ ਫ਼ਸਲ ਤੋਂ ਬਾਅਦ ਗੰਨੇ ਦੀ ਬਿਜਾਈ ਕੀਤੀ ਹੈ ਤਾਂ ਯੂਰੀਆ ਦੀ ਮਾਤਰਾ ਪ੍ਰਤੀ ਏਕੜ 45 ਕਿੱਲੋ ਘਟਾ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵੱਧ ਯੂਰੀਆ ਖਾਦ ਵਰਤਣ ਨਾਲ ਹਵਾ ਅਤੇ ਪਾਣੀ ਵੀ ਪ੍ਰਦੂਸ਼ਤ ਹੁੰਦਾ ਹੈ। ਵਾਧੂ ਨਾਈਟ੍ਰੋਜਨ ਜ਼ਮੀਨ ਹੇਠਲੇ ਪਾਣੀ ਵਿੱਚ ਜਾ ਕੇ ਪਾਣੀ ਪ੍ਰਦੂਸ਼ਤ ਕਰਦਾ ਹੈ। ਉਨ੍ਹਾਂ ਕਿਸਾਨਾਂ ਨੁੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਚੁਕਾਉਣ ਦੀ ਬਿਜਾਏ ਖੇਤਾਂ ਵਿਚ ਹੀ ਸਾਂਭਿਆ ਜਾਵੇ ਤਾਂ ਜੋਂ ਜ਼ਮੀਨ ਦੀ ਸਿਹਤ ਬਰਕਰਾਰ ਰੱਖੀ ਜਾ ਸਕੇ।