ਬਠਿੰਡਾ ਸ਼ਹਿਰੀ ਕਾਂਗਰਸ ਵੱਲੋਂ ਭਾਰਤ ਅਮਰੀਕਾ ਵਪਾਰਕ ਸਮਝੌਤੇ ਖਿਲਾਫ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ 19 ਫਰਵਰੀ 2026 : ਕੇਂਦਰ ਸਰਕਾਰ ਵੱਲੋਂ ਭਾਰਤ ਅਮਰੀਕਾ ਵਪਾਰਕ ਕੀਤੇ ਜਾ ਰਹੇ ਸਮਝੌਤੇ ਖਿਲਾਫ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਅਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੀਤਮ ਸਿੰਘ ਕੋਟਭਾਈ ਅਤੇ ਰਾਜਨ ਗਰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਭਾਰਤ ਅਮਰੀਕਾ ਵਪਾਰਕ ਸਮਝੌਤਾ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਕਰੇਗਾ ਉਥੇ ਹੀ ਮਜ਼ਦੂਰਾਂ ਦੇ ਨਾਲ ਛੋਟੇ ਕਾਰੋਬਾਰੀਆਂ ਦੁਕਾਨਦਾਰਾਂ ਅਤੇ ਵੱਖ ਵੱਖ ਸੂਬਿਆਂ ਦੀ ਆਰਥਿਕਤਾ ਦਾ ਵੀ ਨੁਕਸਾਨ ਕਰੇਗਾ ਜੋ ਬਰਦਾਸ਼ਤ ਯੋਗ ਨਹੀਂ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਇਸਦਾ ਡਟ ਕੇ ਵਿਰੋਧ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਕਾਂਗਰਸੀ ਆਗੂਆਂ ਨੇ ਇਸ ਮੌਕੇ ਭਾਰਤ ਅਮਰੀਕਾ ਸਮਝੌਤਾ ਰੱਦ ਕਰਨ ਦੀ ਮੰਗ ਕੀਤੀ ਜਿਸ ਲਈ ਅੱਜ ਗਵਰਨਰ ਪੰਜਾਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੱਕ ਭੇਜਣ ਲਈ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਮਨਰੇਗਾ ਦਾ ਨਾਮ ਬਦਲ ਕੇ ਨਵੀਂ ਲਿਆਂਦੀ ਸਕੀਮ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ । ਆਗੂਆਂ ਨੇ ਦੋਸ਼ ਲਾਏ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਜ਼ਦੂਰ ਛੋਟੇ ਕਾਰੋਬਾਰੀ ਦੇ ਹੱਕ ਕੁਚਲਣ ਨੂੰ ਪਹਿਲ ਦੇ ਰਹੀ ਹੈ ਜਿਸ ਦਾ ਕਾਂਗਰਸ ਡੱਟ ਕੇ ਵਿਰੋਧ ਕਰੇਗੀ। ਕਾਂਗਰਸੀ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਭਾਰਤ ਅਮਰੀਕਾ ਸਮਝੌਤੇ ਸਮੇਤ ਮੋਦੀ ਸਰਕਾਰ ਦੀਆਂ ਅਵਾਮ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।