ਬਠਿੰਡਾ 'ਚ ਸਜਿਆ ਕਥਕ ਤੇ ਭਾਰਤੀ ਸ਼ਾਸਤਰੀ ਨਾਚ ਦਾ ਰੰਗਮੰਚ, ‘ਨ੍ਰਿਤ ਅਰਪਣ’ ਦਾ ਸ਼ਾਨਦਾਰ ਸਮਾਗਮ
ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2026: ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਐਤਵਾਰ ਸ਼ਾਮ ਕਲਾ, ਸਭਿਆਚਾਰ ਅਤੇ ਆਧਿਆਤਮਿਕ ਭਾਵਨਾਵਾਂ ਨਾਲ ਭਰਪੂਰ ‘ਨ੍ਰਿਤ ਅਰਪਣ – ਏ ਕਥਕ ਆਫਰਿੰਗ ਟੂ ਦ ਡਿਵਾਈਨ’ ਨਾਮਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਪ੍ਰੇਰਣਾ ਕਥਕ ਨ੍ਰਿਤਿਆਲਯ ਵੱਲੋਂ ਕਰਵਾਏ ਇਸ ਪ੍ਰੋਗਰਾਮ ਨੇ ਭਾਰਤੀ ਸ਼ਾਸਤਰੀ ਨਾਚ ਦੀ ਸੁੰਦਰਤਾ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਸਮਾਗਮ ਦੀ ਸ਼ੁਰੂਆਤ ਮੰਗਲਾਚਰਨ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕਥਕ ਦੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਗੁਰੂ-ਸ਼ਿਸ਼ ਪਰੰਪਰਾ, ਭਾਰਤੀ ਸਭਿਆਚਾਰ ਅਤੇ ਸ਼ਾਸਤਰੀ ਨਾਚ ਦੀ ਮਹਿਮਾ ਨੂੰ ਮੰਚ ’ਤੇ ਜੀਵੰਤ ਕਰ ਦਿੱਤਾ। ਹਰ ਪੇਸ਼ਕਾਰੀ ਵਿੱਚ ਭਾਵਨਾ, ਤਾਲ ਅਤੇ ਲਯ ਦਾ ਸੁੰਦਰ ਮੇਲ ਦੇਖਣ ਨੂੰ ਮਿਲਿਆ, ਜਿਸ ਦੀ ਦਰਸ਼ਕਾਂ ਨੇ ਖੂਬ ਪ੍ਰਸ਼ੰਸਾ ਕੀਤੀ।
ਇਸ ਮੌਕੇ ਅਸਾਮ ਤੋਂ ਪਹੁੰਚੇ ਪ੍ਰਸਿੱਧ ਕਲਾਕਾਰ ਕੌਸ਼ਿਕ ਦੱਤਾ (ਕਥਕ) ਅਤੇ ਲਖਿਆਜੀਤ ਬਰੂਆ (ਕਥਕ ਅਤੇ ਸੱਤਰੀਆ) ਦੀਆਂ ਪੇਸ਼ਕਾਰੀਆਂ ਖਾਸ ਆਕਰਸ਼ਣ ਰਹੀਆਂ। ਦੋਹਾਂ ਕਲਾਕਾਰਾਂ ਨੇ ਆਪਣੀ ਮਨਮੋਹਕ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਭਾਰਤੀ ਸ਼ਾਸਤਰੀ ਨਾਚ ਦੀ ਅਨਮੋਲ ਵਿਰਾਸਤ ਨਾਲ ਜਾਣੂ ਕਰਵਾਇਆ।ਪ੍ਰੇਰਣਾ ਵਾਲਿਵਡੇਕਰ ਦੇ ਵਿਦਿਆਰਥੀਆਂ ਵੱਲੋਂ ਸਮੂਹ ਅਤੇ ਇਕਲ ਨਾਚ ਪੇਸ਼ਕਾਰੀਆਂ ਨੇ ਸਭ ਨੂੰ ਭਾਵੁਕ ਕਰ ਦਿੱਤਾ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਭਗਤੀ, ਸੁੰਦਰਤਾ ਅਤੇ ਸਾਡੀਆਂ ਸੱਭਿਆਚਾਰਕ ਕਦਰਾਂ ਨੂੰ ਸੋਹਣੇ ਢੰਗ ਨਾਲ ਦਰਸਾਇਆ ਗਿਆ।
ਇਸ ਮੌਕੇ ਕਥਕ ਗੁਰੂ ਪ੍ਰੇਰਣਾ ਵਾਲਿਵਡੇਕਰ ਨੇ ਕਿਹਾ, “ਨ੍ਰਿਤ ਅਰਪਣ ਮੇਰੇ ਲਈ ਸਿਰਫ਼ ਇਕ ਮੰਚੀ ਪੇਸ਼ਕਾਰੀ ਨਹੀਂ, ਸਗੋਂ ਨਾਚ ਰਾਹੀਂ ਰੱਬ ਨੂੰ ਸਮਰਪਿਤ ਇਕ ਰੂਹਾਨੀ ਯਾਤਰਾ ਹੈ। ਸਾਡਾ ਯਤਨ ਹੈ ਕਿ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜੇ ਅਤੇ ਕਥਕ ਵਰਗੀ ਮਹਾਨ ਕਲਾ ਨੂੰ ਅੱਗੇ ਵਧਾਏ। ਬਠਿੰਡਾ ਵਿੱਚ ਸ਼ਾਸਤਰੀ ਕਲਾ ਲਈ ਇੰਨਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ।”
ਉਨ੍ਹਾਂ ਕਿਹਾ ਕਿ ਇਹ ਸਮਾਗਮ ਕਲਾ ਸਾਧਨਾ, ਅਨੁਸ਼ਾਸਨ ਅਤੇ ਗੁਰੂ-ਸ਼ਿਸ਼ ਪਰੰਪਰਾ ਨੂੰ ਸਮਰਪਿਤ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਜਾਰੀ ਰਹਿਣਗੇ।
‘ਨ੍ਰਿਤ ਅਰਪਣ’ ਸਿਰਫ਼ ਇਕ ਸੱਭਿਆਚਾਰਕ ਪ੍ਰੋਗਰਾਮ ਨਹੀਂ, ਸਗੋਂ ਰੂਹਾਨੀ ਅਨੁਭਵ ਵਜੋਂ ਸਾਹਮਣੇ ਆਇਆ। ਪੂਰੇ ਪ੍ਰੋਗਰਾਮ ਦੌਰਾਨ ਤਾਲ, ਲਯ ਅਤੇ ਭਾਵਨਾ ਦਾ ਸੁੰਦਰ ਮੇਲ ਦੇਖਣ ਨੂੰ ਮਿਲਿਆ, ਜਿਸ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਵਿੱਚ ਸ਼ਹਿਰ ਦੇ ਗਣਮਾਨਯ ਵਿਅਕਤੀ, ਕਲਾ ਪ੍ਰੇਮੀ, ਮਾਪੇ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਰਹੇ। ਹਾਜ਼ਰ ਲੋਕਾਂ ਨੇ ਇਸ ਸ਼ਾਨਦਾਰ ਸਮਾਗਮ ਦੀ ਭਰਪੂਰ ਸਰਾਹਨਾ ਕਰਦਿਆਂ ਇਸਨੂੰ ਬਠਿੰਡਾ ਦੀ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨ ਵਾਲਾ ਉਪਰਾਲਾ ਦੱਸਿਆ।
Click to Follow Babushahi Facebook page →