ਪੱਟੀ: ਭੰਗਾਲਾ ਦਾਣਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਤੇ ਆੜਤੀਆਂ ਦਾ ਰੋਸ
Baljit Singh
ਪੱਟੀ (ਤਰਨ ਤਾਰਨ), 21 ਅਪ੍ਰੈਲ, 2026
ਤਰਨ ਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਭੰਗਾਲਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਚੁਕਾਈ (ਲਿਫਟਿੰਗ) ਨਾ ਹੋਣ ਕਾਰਨ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਵਿੱਚ ਕਈ ਦਿਨਾਂ ਤੋਂ ਫ਼ਸਲ ਦੇ ਅੰਬਾਰ ਲੱਗਣ ਦੇ ਬਾਵਜੂਦ ਲਿਫਟਿੰਗ ਨਾ ਹੋਣ ਤੋਂ ਤੰਗ ਆ ਕੇ ਅੱਜ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਅਤੇ ਲਿਫਟਿੰਗ ਦਾ ਟੈਂਡਰ ਲੈਣ ਵਾਲੇ ਠੇਕੇਦਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਆੜਤੀਏ ਲੇਖ ਰਾਜ ਅਤੇ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ 15 ਅਪ੍ਰੈਲ ਤੋਂ ਹੁਣ ਤੱਕ ਮੰਡੀਆਂ ਵਿੱਚ ਲਗਭਗ ਇੱਕ ਲੱਖ ਗੱਟੇ ਕਣਕ ਦੀ ਖਰੀਦ ਹੋ ਚੁੱਕੀ ਹੈ, ਪਰ ਟੈਂਡਰ ਧਾਰਕ ਵੱਲੋਂ ਅਜੇ ਤੱਕ ਕਣਕ ਦਾ ਇੱਕ ਵੀ ਗੱਟਾ ਨਹੀਂ ਚੁੱਕਿਆ ਗਿਆ। ਇਸ ਲਾਪ੍ਰਵਾਹੀ ਕਾਰਨ ਦਾਣਾ ਮੰਡੀ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ ਅਤੇ ਨਵੀਂ ਫ਼ਸਲ ਰੱਖਣ ਲਈ ਥਾਂ ਨਹੀਂ ਬਚੀ। ਕਿਸਾਨਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਮੀਂਹ ਪੈਣ ਦਾ ਡਰ ਬਣਿਆ ਹੋਇਆ ਹੈ, ਜਿਸ ਨਾਲ ਫ਼ਸਲ ਖਰਾਬ ਹੋ ਸਕਦੀ ਹੈ, ਉੱਥੇ ਹੀ ਅੱਗ ਲੱਗਣ ਦਾ ਖਤਰਾ ਵੀ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਅੱਧਿਓਂ ਜ਼ਿਆਦਾ ਫ਼ਸਲ ਅਜੇ ਵੀ ਖੇਤਾਂ ਵਿੱਚ ਖੜ੍ਹੀ ਹੈ, ਪਰ ਮੰਡੀ ਵਿੱਚ ਥਾਂ ਨਾ ਹੋਣ ਕਾਰਨ ਉਹ ਫ਼ਸਲ ਮੰਡੀ ਨਹੀਂ ਲਿਆ ਪਾ ਰਹੇ।
ਉਧਰ, ਪੱਲੇਦਾਰਾਂ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਉਨ੍ਹਾਂ ਨੂੰ ਨਾ ਤਾਂ ਆੜਤੀਆਂ ਵੱਲੋਂ ਮਜ਼ਦੂਰੀ ਮਿਲੀ ਹੈ ਅਤੇ ਨਾ ਹੀ ਲਿਫਟਿੰਗ ਦਾ ਕੰਮ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਸਖ਼ਤ ਮੰਗ ਕੀਤੀ ਕਿ ਇਸ ਲਿਫਟਿੰਗ ਟੈਂਡਰ ਧਾਰਕ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ ਅਤੇ ਕਿਸੇ ਹੋਰ ਨੂੰ ਕੰਮ ਸੌਂਪ ਕੇ ਮੰਡੀਆਂ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਖੇਤਾਂ ਵਿੱਚ ਪੱਕੀ ਫ਼ਸਲ ਨੂੰ ਮੰਡੀਆਂ ਵਿੱਚ ਲਿਆ ਸਕਣ। ਇਸ ਮੌਕੇ ਰਘਬੀਰ ਸਿੰਘ ਭੰਗਾਲਾ, ਲੇਖਰਾਜ, ਕਿਸਾਨ ਹਰਜਿੰਦਰ ਸਿੰਘ, ਗੁਰਦੇਵ ਸਿੰਘ ਅਤੇ ਸਮੂਹ ਪੱਲੇਦਾਰ ਹਾਜ਼ਰ ਸਨ।
Click to Follow Babushahi Facebook page →