ਆਸ਼ੀਰਵਾਦ ਮੁਹਿੰਮ : ਡੇਰਾ ਸਿਰਸਾ ਪੈਰੋਕਾਰਾਂ ਨੇ ਬਿਨ ਬਾਪ ਦੀ ਬੱਚੀ ਦੇ ਸਿਰ ’ਤੇ ਧਰਿਆ ਹੱਥ
ਅਸ਼ੋਕ ਵਰਮਾ
ਬਠਿੰਡਾ , 26 ਨਵੰਬਰ 2026: ਡੇਰਾ ਸੱਚਾ ਸੌਦਾ ਸਿਰਸਾ ਦੀ ਆਸ਼ੀਰਵਾਦ ਮੁਹਿੰਮ ਤਹਿਤ ਮਹਿਲਾ ਸ਼ਰਧਾਲੂਆਂ ਨੇ ਇੱਕ ਬਿਨ ਬਾਪ ਦੀ ਬੱਚੀ ਨੂੰ ਉਸ ਦੇ ਵਿਆਹ ਮੌਕੇ ਘਰ ਵਰਤੋਂ ਦਾ ਜਰੂਰੀ ਸਮਾਨ ਅਤੇ 1100 ਰੁਪਿਆ ਸ਼ਗਨ ਦੇਕੇ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ। ਇਸ ਲੜਕੀ ਦੀ ਵਿਧਵਾ ਮਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਾਂ ਖੇਤਾਂ ਵਿੱਚ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ ਅਤੇ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਉਸ ਦੇ ਸਿਰ ਸੀ। ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਪਰਿਵਾਰ ਸਾਹਮਣੇ ਵਿਆਹ ਦਾ ਖਰਚਾ ਇਕੱਠਾ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਸੀ। ਅਜਿਹੇ ਸਮੇਂ ਡੇਰਾ ਸੱਚਾ ਸੌਦਾ ਦੀ ਆਸ਼ੀਰਵਾਦ ਮੁਹਿੰਮ ਤਹਿਤ ਸਰਸਾ ਬਲਾਕ ਦੀਆਂ ਸੇਵਾਦਾਰ ਭੈਣਾਂ ਪਿੰਡ ਕੇਲਨੀਆਂ ਦੀ ਰਹਿਣ ਵਾਲੀ ਕੋਮਲ ਦੇ ਵਿਆਹ ਵਿੱਚ ਪਰਿਵਾਰ ਦਾ ਸਹਾਰਾ ਬਣੀਆਂ।
ਸੇਵਾਦਾਰ ਭੈਣਾਂ ਨੇ ਵਿਆਹ ਦਾ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ ਦੇ ਨਾਲ-ਨਾਲ 1100 ਰੁਪਏ ਸ਼ਗਨ ਦੇ ਕੇ ਧੀ ਨੂੰ ਆਸ਼ੀਰਵਾਦ ਦਿੱਤਾ। ਪਿੰਡ ਕੇਲਨੀਆਂ ਵਾਸੀ ਸਵਰਗੀ ਸ਼ੇਰ ਸਿੰਘ ਦੀ ਧੀ ਕੋਮਲ ਦਾ ਵਿਆਹ 27 ਨਵੰਬਰ ਨੂੰ ਹੋਣਾ ਹੈ। ਉਸ ਦੀ ਮਾਂ ਮੀਨਾ ਰਾਣੀ ਖੇਤਾਂ ਵਿੱਚ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ, ਜਦਕਿ ਲੜਕੀ ਦੇ ਭਰਾ ਅਜੇ ਛੋਟੇ ਹਨ। ਵਿਆਹ ਲਈ ਆਰਥਿਕ ਮਦਦ ਦੀ ਲੋੜ ਨੂੰ ਦੇਖਦਿਆਂ ਸਰਸਾ ਬਲਾਕ ਦੀ ਡੇਰਾ ਆਗੂ ਵੀਨਾ ਕੱਕੜ ਇੰਸਾਂ, ਨੀਲਮ ਇੰਸਾਂ ਸਮੇਤ ਹੋਰ ਸੇਵਾਦਾਰ ਭੈਣਾਂ ਪਿੰਡ ਕੇਲਨੀਆਂ ਪਹੁੰਚੀਆਂ। ਉਨ੍ਹਾਂ ਨੇ ਪਰਿਵਾਰ ਦੀ ਲੋੜ ਅਨੁਸਾਰ ਵਿਆਹ ਦਾ ਸਾਮਾਨ ਮੁਹੱਈਆ ਕਰਵਾਇਆ। ਇਸ ਸਾਮਾਨ ਵਿੱਚ ਬੈੱਡ, ਗੱਦੇ, ਅਲਮਾਰੀ, ਸਿਰਹਾਣੇ, ਗਰਮੀਆਂ ਅਤੇ ਸਰਦੀਆਂ ਦੇ ਬਿਸਤਰੇ, ਗਰਮੀਆਂ ਅਤੇ ਸਰਦੀਆਂ ਦੀਆਂ ਬੈੱਡਸ਼ੀਟਾਂ, ਪ੍ਰੈੱਸ, ਲੜਕੀ ਲਈ 13 ਸੂਟ, ਲੜਕੇ ਲਈ ਦੋ ਸੂਟ, ਦੋ ਤੋਹਫ਼ੇ ਅਤੇ ਜਰਸੀ ਸਮੇਤ ਹੋਰ ਜ਼ਰੂਰੀ ਸਾਮਾਨ ਸ਼ਾਮਲ ਸੀ।
ਇਸ ਤੋਂ ਇਲਾਵਾ 1100 ਰੁਪਏ ਸ਼ਗਨ ਦੇ ਕੇ ਧੀ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਡੇਰਾ ਸੱਚਾ ਸੌਦਾ ਅਤੇ ਸੇਵਾਦਾਰ ਭੈਣਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਲੋੜ ਦੇ ਸਮੇਂ ਕਿਸੇ ਪਰਿਵਾਰ ਦੀ ਮਦਦ ਕਰਨਾ ਸਮਾਜਿਕ ਜ਼ਿੰਮੇਵਾਰੀ ਦੀ ਮਿਸਾਲ ਹੈ। ਉਨ੍ਹਾਂ ਨੇ ਲੋੜਵੰਦ ਪਰਿਵਾਰ ਦੀ ਸਹਾਇਤਾ ਕਰਨ ਵਾਲੀਆਂ ਸੇਵਾਦਾਰ ਭੈਣਾਂ ਅਤੇ ਸਮਾਜ ਸੇਵਾ ਦੇ ਕੰਮਾਂ ਲਈ ਸਾਧ-ਸੰਗਤ ਨੂੰ ਪ੍ਰੇਰਿਤ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਗੁਰੂ ਜੀ ( ਡੇਰਾ ਮੁਖੀ ) ਦਾ ਧੰਨਵਾਦ ਵੀ ਕੀਤਾ।
- Download Babushahi App
-
-