ਐੱਨ.ਸੀ.ਸੀ. ਦੇ ਦਸ ਰੋਜ਼ਾ ਸਿਖਲਾਈ ਕੈਂਪ (CATC-106) ਦੇ ਦੂਜੇ ਦਿਨ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ
ਮਨਪ੍ਰੀਤ ਸਿੰਘ
ਰੂਪਨਗਰ, 25 ਨਵੰਬਰ
1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਵੱਲੋਂ ਐੱਨ.ਸੀ.ਸੀ. ਅਕੈਡਮੀ ਰੋਪੜ ਵਿਖੇ 24 ਨਵੰਬਰ ਤੋਂ 03 ਦਸੰਬਰ 2026 ਤੱਕ ਆਯੋਜਿਤ ਦਸ ਰੋਜ਼ਾ ਸੀਨੀਅਰ ਡਿਵੀਜ਼ਨ ਸਾਂਝੇ ਸਾਲਾਨਾ ਸਿਖਲਾਈ ਕੈਂਪ (CATC-106) ਦੇ ਦੂਜੇ ਦਿਨ ਮਾਣਯੋਗ ਸੰਸਦ ਮੈਂਬਰ ਸ੍ਰ. ਮਾਲਵਿੰਦਰ ਸਿੰਘ ਕੰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਮੁੱਚੇ ਕੈਂਪ ਦਾ ਦੌਰਾ ਕੀਤਾ ਅਤੇ ਕੈਂਪ ਦੌਰਾਨ ਚੱਲ ਰਹੀਆਂ ਵੱਖ-ਵੱਖ ਸਿਖਲਾਈ ਗਤੀਵਿਧੀਆਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ. ਕਮਿੱਕਰ ਸਿੰਘ ਡਾਢੀ, ਮੈਂਬਰ ਐੱਸ.ਸੀ. ਕਮਿਸ਼ਨ ਪੰਜਾਬ, ਸ੍ਰ. ਕੇਸਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ, ਸ੍ਰ. ਅਮਨਦੀਪ ਸਿੰਘ, ਚੇਅਰਮੈਨ ਟਰੇਡ ਕਮਿਸ਼ਨ ਰੋਪੜ ਅਤੇ ਸ੍ਰ. ਗੁਰਪ੍ਰੀਤ ਸਿੰਘ ਅਰੋੜਾ, ਟਰੇਡ ਕਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਕੈਂਪ ਵਿਖੇ ਪਹੁੰਚਣ ’ਤੇ ਸੰਸਦ ਮੈਂਬਰ ਸ੍ਰ. ਮਾਲਵਿੰਦਰ ਸਿੰਘ ਕੰਗ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਐੱਨ.ਸੀ.ਸੀ. ਪਟਿਆਲਾ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚ.ਐੱਸ. ਸੰਧੂ, 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਐੱਚ.ਐੱਸ. ਦਿਓਲ ਅਤੇ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਕਮਾਂਡਰ ਸ਼ਿਵਮ ਅਗਰਵਾਲ ਵੱਲੋਂ ਕੀਤਾ ਗਿਆ। ਇਸ ਦੌਰਾਨ ਪਤਵੰਤੇ ਸੱਜਣਾਂ ਨੂੰ ਕੈਂਪ ਦੇ ਮੁੱਖ ਉਦੇਸ਼ਾਂ, ਸਿਖਲਾਈ ਪ੍ਰੋਗਰਾਮਾਂ ਅਤੇ ਕੈਡਿਟਾਂ ਦੇ ਸਰਵਪੱਖੀ ਵਿਕਾਸ ਲਈ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ।
ਕੈਂਪ ਦੇ ਦੌਰੇ ਉਪਰੰਤ ਸੰਸਦ ਮੈਂਬਰ ਸ੍ਰ. ਮਾਲਵਿੰਦਰ ਸਿੰਘ ਕੰਗ ਨੇ ਸਮੂਹ ਐੱਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕੀਤਾ। ਅਜਿਹੇ ਸਿਖਲਾਈ ਕੈਂਪ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਅਗਵਾਈ ਕਰਨ ਦੀ ਸਮਰੱਥਾ, ਦੇਸ਼ ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਵਿਸ਼ੇਸ਼ ਮੌਕੇ ਕੈਂਪ ਵਿੱਚ ਪਹੁੰਚੇ ਮਾਣਯੋਗ ਸੰਸਦ ਮੈਂਬਰ ਸ੍ਰ. ਮਾਲਵਿੰਦਰ ਸਿੰਘ ਕੰਗ ਅਤੇ ਸਮੂਹ ਪਤਵੰਤੇ ਸੱਜਣਾਂ ਨੂੰ ਐੱਨ.ਸੀ.ਸੀ. ਪਟਿਆਲਾ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐੱਚ.ਐੱਸ. ਸੰਧੂ ਅਤੇ 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਨਯਾ ਨੰਗਲ ਦੇ ਕਮਾਂਡਿੰਗ ਅਫ਼ਸਰ ਕੈਪਟਨ ਐੱਚ.ਐੱਸ. ਦਿਓਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਐਸੋਸੀਏਟ ਐੱਨ.ਸੀ.ਸੀ. ਅਫ਼ਸਰ (ਏ.ਐੱਨ.ਓ.) ਪ੍ਰੋ. ਜਗਪਾਲ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸੀ.ਟੀ.ਓ. ਪ੍ਰਦੀਪ ਸਿੰਘ, ਸੀ.ਟੀ.ਓ. ਗਗਨਦੀਪ ਸਿੰਘ, ਜੀ.ਸੀ.ਆਈ. ਸੁਕਲੀਨ ਕੌਰ, ਸੀ.ਟੀ.ਓ. ਦਵਿੰਦਰ ਕੌਰ, ਪੀ.ਆਈ. ਸਟਾਫ਼ ਦੇ ਪੈਟੀ ਅਫ਼ਸਰ ਵਿਸ਼ਾਲ ਜਰਿਆਲ, ਪੈਟੀ ਅਫ਼ਸਰ ਅਨੁਪਮ ਅਤੇ ਯੂਨਿਟ ਦੇ ਹੋਰ ਪੀ.ਆਈ. ਸਟਾਫ਼ ਮੈਂਬਰਾਂ ਸਮੇਤ ਸਮੂਹ ਐੱਨ.ਸੀ.ਸੀ. ਕੈਡਿਟ ਵੀ ਹਾਜ਼ਰ ਸਨ।
ਐੱਨ.ਸੀ.ਸੀ. ਦੇ ਮੂਲ ਮੰਤਰ ‘ਏਕਤਾ ਅਤੇ ਅਨੁਸ਼ਾਸਨ’ (Unity and Discipline) ਨੂੰ ਸਮਰਪਿਤ ਇਸ ਦਸ ਰੋਜ਼ਾ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ ਵਿੱਚ ਅਗਵਾਈ ਕਰਨ ਦੀ ਸਮਰੱਥਾ, ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਆਤਮ-ਨਿਰਭਰਤਾ, ਆਪਸੀ ਭਾਈਚਾਰਕ ਸਾਂਝ, ਰਾਸ਼ਟਰੀ ਏਕਤਾ ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ। ਇਹ ਕੈਂਪ 03 ਦਸੰਬਰ 2026 ਤੱਕ ਜਾਰੀ ਰਹੇਗਾ, ਜਿਸ ਦੌਰਾਨ ਕੈਡਿਟਾਂ ਨੂੰ ਵੱਖ-ਵੱਖ ਸਿਖਲਾਈ ਗਤੀਵਿਧੀਆਂ ਰਾਹੀਂ ਆਪਣੀ ਸ਼ਖ਼ਸੀਅਤ, ਗਿਆਨ ਅਤੇ ਯੋਗਤਾਵਾਂ ਨੂੰ ਨਿਖਾਰਨ ਦੇ ਵਡਮੁੱਲੇ ਮੌਕੇ ਪ੍ਰਾਪਤ ਹੋਣਗੇ।
- Download Babushahi App
-
-