ਕਿਸਾਨਾਂ ਦੀਆਂ ਕਰਜ਼ਾ ਸਬੰਧੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ DC ਨੂੰ ਸੌਂਪਿਆ ਮੰਗ ਪੱਤਰ
ਜ਼ਮੀਨ ਰਹਿਣ ਰੱਖਣ ਦੀ ਸ਼ਰਤ ਖ਼ਤਮ ਕਰਨ, ਪੁਰਾਣੀਆਂ ਵਿਆਜ ਦਰਾਂ ਲਾਗੂ ਕਰਨ ਅਤੇ ਚੱਕਰਵਰਤੀ ਵਿਆਜ ਤੋਂ ਛੋਟ ਦੇਣ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਨਵੰਬਰ ,2026
ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਰਾਹਤ ਦਿਵਾਉਣ ਅਤੇ ਸਹਿਕਾਰੀ ਕਰਜ਼ਾ ਪ੍ਰਣਾਲੀ ਵਿੱਚ ਕਿਸਾਨ ਪੱਖੀ ਨੀਤੀਆਂ ਲਾਗੂ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਰਾਹੀਂ ਕਿਸਾਨਾਂ ਦੇ ਹੱਦ ਕਰਜ਼ਿਆਂ ਲਈ ਜ਼ਮੀਨ ਰਹਿਣ ਰੱਖਣ ਦੀ ਸ਼ਰਤ ਖ਼ਤਮ ਕਰਨ, ਪਹਿਲਾਂ ਲਾਗੂ ਵਿਆਜ ਦਰਾਂ ਅਨੁਸਾਰ ਕਰਜ਼ਿਆਂ ਦੀ ਐਡਵਾਂਸਮੈਂਟ ਕਰਨ ਅਤੇ ਕਿਸਾਨਾਂ ਉੱਤੇ ਚੱਕਰਵਰਤੀ ਵਿਆਜ ਲਗਾਉਣ ਦੀ ਪ੍ਰਥਾ ਬੰਦ ਕਰਨ ਦੀ ਮੰਗ ਉਠਾਈ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਰਜ਼ਾ ਪ੍ਰਣਾਲੀ ਨੂੰ ਕਿਸਾਨਾਂ ਦੀ ਆਰਥਿਕ ਸਥਿਤੀ ਅਤੇ ਖੇਤੀਬਾੜੀ ਦੀਆਂ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਰਾਹਤਮੁਖੀ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦੀਆਂ ਲਗਭਗ 80 ਫ਼ੀਸਦੀ ਮੰਗਾਂ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਜਾਡਲੀ ਨੇ ਕਿਸਾਨਾਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਾਕੀ ਰਹਿੰਦੀਆਂ ਮੰਗਾਂ ਵੀ ਜਲਦ ਪੂਰੀਆਂ ਕਰਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਨਿਰਮਲ ਸਿੰਘ, ਰਾਮਜੀ ਦਾਸ, ਤਾਰਾ ਸਿੰਘ, ਕੁਲਬੀਰ ਸਿੰਘ, ਗੁਰਿੰਦਰ ਲਾਲ, ਜਸਵਿੰਦਰ ਲਾਲ, ਗੁਰਮੁਖ ਸਿੰਘ, ਪਰਮਜੀਤ ਸਿੰਘ, ਸ਼ਿੰਗਾਰਾ ਸਿੰਘ ਲੰਗੇਰੀ, ਪਰਮਿੰਦਰ ਸਿੰਘ ਕਲੇਰਾਂ, ਗੁਰਮੀਤ ਸਿੰਘ ਘਟਾਰੋਂ, ਤਰਵਿੰਦਰ ਸਿੰਘ ਕਰਿਆਮ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬਰਥਲਾ ਅਤੇ ਸਕੱਤਰ ਗੁਰਮੇਲ ਸਿੰਘ ਸਮੇਤ ਹੋਰ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
- Download Babushahi App
-
-