'ਲੋਕ-ਰਾਜ' ਪਾਰਟੀ ਪੰਜਾਬ ਵੀ '27 ਚੋਣ ਲੜੇਗੀ'
ਫ਼ਤੇਹਗੜ੍ਹ ਚੂੜੀਆਂ/ਅੰਮ੍ਰਿਤਸਰ, ਮਿਤੀੈ: 2 ਨਵੰਬਰ 2026
"ਤਕਸੀਮ-ਪੰਜਾਬ-ਦਿਨ" ਤੇ ਬੀਤੇ ਕੱਲ੍ਹ, ਬਿਨਾ ਕਿਸੇ ਸ਼ੋਰਗੁਲ ਤੋਂ ਵਾਪਰੀ ਇੱਕ ਦਿਲਚਸਪ ਘਟਨਾ ਵਿੱਚ ਪੰਜਾਬ ਦੇ ਸਿਆਸੀ ਅਖਾੜੇ ਵਿੱਚ ਇੱਕ ਹੋਰ ਭਲਵਾਨ ਨਿੱਤਰ ਆਇਆ ਹੈ। ਜੋ ਚੁਫ਼ੇਰੇ ਸਿਆਸਤ ਦੇ ਝੂਠ ਦੇ ਅਖਾੜੇ ਵਿੱਚ "ਸੱਚ ਦਾ ਪਿੜ" ਕਹਾ ਰਿਹਾ ਹੈ। ਆਏ ਦਿਨ ਮਾਰੂ ਹੜ੍ਹਾਂ ਦੀ ਮਾਰ ਝੱਲਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਤੋਂ ਇਕੱਠੇ ਹੋਏ ਸਿਰ ਕੱਢ ਮਝੈਲਾਂ ਨੇ, "ਡੈਮਾਂ ਨੂੰ ਜਲ ਤੋਪਾਂ ਵਾਂਗ ਵਰਤਣ" ਦੇ ਮੁੱਦੇ ਨੂੰ ਸਿਆਣਪ, ਦਲੇਰੀ ਅਤੇ ਦ੍ਰਿੜ੍ਹਤਾ ਨਾਲ ਕੌਮਾਂਤਰੀ ਪੱਧਰ ਤੱਕ ਉਭਾਰ ਕੇ, ਐਤਕੀਂ ਪੰਜਾਬ ਨੂੰ "ਗੈਰਕੁਦਰਤੀ-ਹੜ੍ਹਾਂ" ਦੀ ਮਾਰ ਤੋਂ ਬਚਾ ਸਕਣ ਵਾਲੀ ਸੰਸਥਾ 'ਲੋਕ-ਰਾਜ' ਪੰਜਾਬ ਨੂੰ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਵਾ ਕੇ ਚੋਣਵੇਂ ਵਿਧਾਨਸਭਾ ਹਲਕਿਆਂ ਤੋਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਚੋਣਾਂ ਲੜਾਉਣ ਦਾ ਫੈਸਲਾ ਕਰ ਲਿਆ ਹੈ।
ਇਹ ਵੀ ਫੈਸਲਾ ਹੋਇਆ ਕਿ, 'ਲੋਕ-ਰਾਜ' ਪੰਜਾਬ, ਫ਼ਿਲਹਾਲ ਸਿਰਫ ਜਿੱਤਣ ਵਾਲੀਆਂ ਸੀਮਤ ਸੀਟਾਂ ਤੇ ਹੀ ਉਮੀਦਵਾਰ ਦੇਵੇਗੀ, ਤਾਂ ਜੁ ਪੰਜਾਬੀ ਏਕੇ ਦੀ ਵੋਟ ਵੰਡੀ ਨਾ ਜਾਵੇ।
'ਲੋਕ-ਰਾਜ' ਪਾਰਟੀ ਦੀ ਲੀਡਰਸ਼ਿਪ, ਕਰਮਚਾਰੀ ਅਤੇ ਜਨਤਕ ਮੁੱਦਿਆਂ ਤੇ ਸੂਬਾ ਪੱਧਰੀ ਘੋਲਾਂ ਦੀ ਲੰਮਾ ਸਮਾਂ ਸੁਯੋਗ ਅਗਵਾਈ ਕਰਨ ਲਈ ਜਾਣੀ ਜਾਂਦੀ ਹੈ। ਬੁੱਧੀਜੀਵੀ ਵਰਗ, ਕਿਰਸਾਨੀ, ਸਾਬਕਾ ਫ਼ੌਜੀਆਂ, ਕਰਮਚਾਰੀਆਂ, ਵਕੀਲਾਂ, ਨੌਜਵਾਨਾਂ ਅਤੇ ਇਸਤਰੀਆਂ ਵਿੱਚ "ਸੱਚ ਅਤੇ ਅਸੂਲਾਂ ਦੀ ਧਾਰਨੀ" ਮੰਨ ਕੇ ਸਤਿਕਾਰੀ ਵੀ ਜਾਂਦੀ ਹੈ।
'ਲੋਕ-ਰਾਜ' ਪੰਜਾਬ ਨੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗ੍ਰਾਮ-ਸਭਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ "ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ॥" ਸ੍ਰੀ ਗੁਰੂ ਗ੍ਰੰਥ ਸਾਹਿਬ ਦੇ "ਤਿਆਰ ਬਰ ਤਿਆਰ ਪਹਿਰੇ ਲਾਉਣ" ਲਈ ਸੁਰਖਿਆ ਦਸਤੇ ਬਣਾਉਣ ਦਾ ਉੱਦਮ ਤੁਰਤ ਅਰੰਭਣ, ਤਾਂ ਜੋ ਪੰਜਾਬ ਨੂੰ ਤਰਸਯੋਗ ਬੇਚਾਰਗੀ ਚੋਂ ਕਢਿਆ ਜਾ ਸਕੇ। ਪੰਜਾਬ ਉੱਪਰ ਸਾਜਸ਼ੀ ਹਮਲਿਆਂ, ਬੇਅਦਬੀਆਂ, ਬੇਪਤੀਆਂ ਅਤੇ ਨਸ਼ਿਆਂ ਦਾ ਦੌਰ ਖ਼ਤਮ ਹੋ ਸਕੇ। ਇਸ ਸਹਿਜ ਉੱਦਮ ਨਾਲ ਹੀ ਪੰਜਾਬ, "ਗੁਰ-ਅਦਬ" ਰੱਖਣ ਦੇ ਨਾਲ ਨਾਲ ਨਗਰ ਦੀ ਇੱਜਤ-ਆਬਰੂ ਅਤੇ ਜਾਨ-ਮਾਲ ਦੀ ਰਾਖੀ ਦੇ ਪੰਜਾਬੀ ਸੁਨਿਹਰੀ ਪਾਤਸ਼ਾਹੀ ਵਿਰਸਾ ਮੁੜ ਬਹਾਲ ਕਰਨ ਦੇ ਗਾਡੀਰਾਹ ਪੈੇ ਜਾਵੇਗਾ।
ਪਾਰਟੀ ਦੇ ਪ੍ਰਧਾਨ ਡਾ ਮਨਜੀਤ ਸਿੰਘ ਰੰਧਾਵਾ ਨੇ ਜਨਤਕ ਐਲਾਨ ਕੀਤਾ ਕਿ ਪੰਜਾਬ ਦੀ "ਲੋਕ-ਰਾਜ" ਪਾਰਟੀ ਨਿਰੋਲ ਸੱਚ ਅਤੇ ਇਨਸਾਫ਼ ਦਾ "ਸੇਵਾਕਾਰ" ਪਰਉਪਕਾਰੀ ਰਾਜ-ਪ੍ਰਬੰਧ ਲਿਆਉਣ ਲਈ ਦ੍ਰਿੜ੍ਹ ਸੰਕਲਪ ਅਤੇ ਵਚਨਬੱਧ ਹੈ, ਜਿਸਤੇ ਉਹ ਹਮੇਸ਼ਾ ਅਡੋਲ ਰਹੇਗੀ।
ਉਹਨਾਂ ਕਿਹਾ ਕਿ ਸੱਚ-ਦਇਆ, ਬਰਾਬਰੀ, ਇਨਸਾਫ਼ ਅਤੇ ਪ੍ਰੇਮ ਦੇ "ਸੇਵਾਕਾਰ" ਰਾਜਪ੍ਰਬੰਧ ਵਿੱਚ ਬੇਇਸਨਸਾਫ਼ੀ, ਜਾਤਪਾਤ, ਊਚ-ਨੀਚ, ਨਫ਼ਰਤ ਦੀ ਸਿਆਸਤ ਲਈ ਰਾਈ ਭਰ ਵੀ ਗੁੰਜਾਇਸ਼ ਨਹੀਂ ਹੋਵੇਗੀ।
ਉਹਨਾਂ ਇਹ ਵੀ ਖ਼ੁਲਾਸਾ ਕੀਤਾ ਕਿ, ਹਰ ਪੱਧਰ ਤੇ ਇਸ ਸੰਸਥਾ ਦੀ ਅਗਵਾਈ ਵੀ, ਮੁੱਢਲੀ ਸਮਾਜਿਕ ਇਕਾਈ ਤੋਂ ਉੱਪਰ ਤਕ, ਕੁਦਰਤ ਦੇ ਅਚੂਕ "ਪੰਚ ਪ੍ਰਵਾਨ ਪੰਚ ਪ੍ਰਧਾਨ" ਅਤੇ ਸਰਵ ਸਹਿਮਤੀ ਦੇ ਸੁਨਹਿਰੀ ਸਿਧਾਂਤ ਰਾਹੀਂ ਹੀ ਹੋਵੇਗੀ।
'ਲੋਕ-ਰਾਜ' ਪਾਰਟੀ ਦੇ ਜਰਨਲ ਸੱਕਤਰ, ਮਨੁੱਖੀ ਸਮਾਜਿਕ ਸਿਹਤ ਦੇ ਵਿਸ਼ੇ ਦੇ ਮਾਹਿਰ ਡਾ ਗੁਰਮੀਤ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਪੰਜਾਬ ਨੂੰ ਦਰਪੇਸ਼ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਤੁਰੰਤ ਅਤੇ ਸਮਾਂਬੱਧ ਸਾਰਥਕ ਹੱਲ ਡੂੰਘੀ ਅਤੇ ਵਿਆਪਕ ਵਿਚਾਰ ਰਾਹੀਂ ਖੋਜ ਲਏ ਗਏ ਹਨ। ਕਾਫ਼ੀ ਮਸਲੇ ਤਾਂ ਸੱਚ ਦਾ ਪਰਉਪਕਾਰੀ "ਸੇਵਾਕਾਰ" ਰਾਜ-ਪ੍ਰਬੰਧ ਬਣਨ ਤੋਂ ਤੁਰੰਤ ਅਤੇ ਤਿੰਨ ਤੋਂ ਛੇ ਮਹੀਨਿਆਂ ਦੇ ਅੰਦਰ ਹੀ ਯਕੀਨੀ ਤੌਰ ਤੇ ਹੱਲ ਕੀਤੇ ਜਾ ਸਕਣਗੇ। ਸੂਬੇ ਦੇ ਆਰਥਿਕ ਹਾਲਾਤ ਅਤੇ ਖੇਤੀ ਆਮਦਨ ਸੁਧਾਰਾਂ ਤੇ ਹੀ ਸਮਾਂ ਲੱਗੇਗਾ।
ਉਹਨਾਂ ਦੱਸਿਆ ਕਿ "ਮਿਲਾਵਟਖੋਰੀ-ਮੁਕਤ ਭ੍ਰਿਸ਼ਟਾਚਾਰ-ਮੁਕਤ ਅਤੇ ਨਸ਼ਾ-ਮੁਕਤ ਪੰਜਾਬ" ਤਾਂ ਪਹਿਲੇ ਮਹੀਨੇ 'ਚ ਹੀ ਹੋ ਜਾਵੇਗਾ। ਨਤੀਜਾ ਕਰਤਾਪੁਰਖੁ ਵਾਹਿਗੁਰੂ ਦੀ ਰਜ਼ਾ ਅਨੁਸਾਰ ਲੋਕ-ਹੁੰਗਾਰੇ ਤੇ ਮੁਨੱਸਰ ਹੈ। ਲੋਕ ਜਿੰਨੀ ਤਾਕਤ ਦੇਣਗੇ ਨਤੀਜੇ ਉਨੇ ਪ੍ਰਭਾਵੀ ਹੋ ਸਕਣਗੇ।
ਡਾ ਮਨਜੀਤ ਸਿੰਘ ਰੰਧਾਵਾ,
ਪ੍ਰਧਾਨ 'ਲੋਕ-ਰਾਜ' ਪਾਰਟੀ
ਮੋਬਾ:+91 98723 27993.
ਪ੍ਰੋਫ਼ੈਸਰ ਡਾ ਗੁਰਮੀਤ ਸਿੰਘ
ਜਰਨਲ ਸਕੱਤਰ,
ਮੋਬਾ:+91 94177 01909.
- Download Babushahi App
-
-