Crime Special-ਕਰੋੜਾਂ ਦੀ ਠੱਗੀ-ਅਦਾਲਤੀ ਝਟਕਾ : ਵਾਦੜੀਆਂ ਸਜਾਦੜੀਆਂ ਚੱਲਣ ‘ਜੇਲ੍ਹ ਕੋਠੜੀ’ ਨਾਲ
ਅਸ਼ੋਕ ਵਰਮਾ
ਬਠਿੰਡਾ , 30 ਅਕਤੂਬਰ 2026 : ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਾ ਡੀਜੀਐਮ ਬਣਕੇ ਮਨੁੱਖੀ ਮਨੋਵਿਗਿਆਨ ਦੀ ਖਤਰਨਾਕ ਵਰਤੋਂ ਰਾਹੀਂ ਕਰੋੜਾਂ ਰੁਪਏ ਹੜੱਪਣ ਵਾਲੇ ਬਰਖਾਸਤ ਚਪੜਾਸੀ ਰਾਕੇਸ਼ ਗੋਇਲ ਦੀ ਜਮਾਨਤ ਅਰਜੀ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਬਠਿੰਡਾ ਗਗਨਦੀਪ ਸਿੰਘ ਗਰਗ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਹਾਲਾਂਕਿ ਮੁਲਜ਼ਮ ਦੇ ਵਕੀਲ ਪ੍ਰਦੀਪ ਕੁਮਾਰ ਸ਼ਰਮਾ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਦੀਵਾਨੀ ਅਤੇ ਵਪਾਰਕ ਲੈਣ-ਦੇਣ ਨਾਲ ਸਬੰਧਤ ਵਿਵਾਦ ਹੈ ਜਿਸ ਦਾ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਸ਼ਿਕਾਇਤਕਰਤਾ ਨੂੰ ਤਿੰਨ ਕਰੋੜ ਰੁਪਏ ਤੋਂ ਵੱਧ ਰਾਸ਼ੀ ਵਾਪਸ ਕੀਤੀ ਜਾ ਚੁੱਕੀ ਹੈ । ਅਦਾਲਤ ਨੇ ਕਿਹਾ ਕਿ ਮਾਮਲੇ ਵਿੱਚ ਅਜੇ ਮੁੱਖ ਗਵਾਹਾਂ ਦੀ ਗਵਾਹੀ ਹੋਣੀ ਬਾਕੀ ਹੈ। ਅਜਿਹੀ ਸਥਿਤੀ ਵਿੱਚ ਮੁਲਜ਼ਮ ਨੂੰ ਰਿਹਾਅ ਕਰਨ ਨਾਲ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਅਹਿਮ ਸਬੂਤਾਂ ਨਾਲ ਛੇੜਛਾੜ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਅਦਾਲਤ ਨੇ ਕਿਹਾ ਕਿ ਇਸ ਲਈ ਸਿਰਫ਼ ਹਿਰਾਸਤ ਵਿੱਚ ਬਿਤਾਇਆ ਸਮਾਂ ਜ਼ਮਾਨਤ ਦੇਣ ਦਾ ਆਧਾਰ ਨਹੀਂ ਬਣ ਸਕਦਾ ਹੈ। ਐਡੀਸ਼ਨਲ ਪਬਲਿਕ ਪ੍ਰਾਸੀਕਿਊਟਰ ਅਮਨਦੀਪ ਕੌਰ ਅਤੇ ਸ਼ਿਕਾਇਤਕਰਤਾ ਦੇ ਵਕੀਲ ਜੇ.ਐੱਨ. ਸ਼ਰਮਾ ਨੇ ਦਲੀਲਾਂ ਦਿੱਤੀਆਂ ਕਿ ਮੁਲਜ਼ਮ ’ਤੇ ਜਾਅਲੀ ਅਧਿਕਾਰੀ ਬਣਕੇ ਕਰੋੜਾਂ ਰੁਪਏ ਹੜੱਪਣ ਦੇ ਗੰਭੀਰ ਦੋਸ਼ ਹਨ। ਇਸ ਤੋਂ ਇਲਾਵਾ ਮੁਲਜ਼ਮ ਵਿਰੁੱਧ ਦਰਜ ਐੱਫਆਈਆਰ ਸਬੰਧੀ ਅਜੇ ਕੁੱਝ ਬਰਾਮਦਗੀਆਂ ਕੀਤੀਆਂ ਜਾਣੀਆਂ ਬਾਕੀ ਹਨ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਨੂੰ ਮੁਲਜਮ ਰਕੇਸ਼ ਗੋਇਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਵਾਪਸ ਕੀਤੀ ਗਈ ਰਕਮ ਸਬੰਧੀ ਦਾਅਵਿਆਂ ਅਤੇ ਹੋਰ ਦੋਸ਼ਾਂ ਦਾ ਅੰਤਿਮ ਨਿਪਟਾਰਾ ਮੁਕੱਦਮੇ ਦੀ ਸੁਣਵਾਈ ਅਤੇ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ। ਇਹ ਮਾਮਲਾ ਥਾਣਾ ਥਰਮਲ ਵਿੱਚ 25 ਜੁਲਾਈ 2026 ਨੂੰ ਦਰਜ ਐੱਫਆਈਆਰ ਨੰਬਰ 97 ਨਾਲ ਸਬੰਧਤ ਹੈ।
ਬਠਿੰਡਾ ਵਾਸੀ ਸ਼ਿਕਾਇਤਕਰਤਾ ਰਾਮ ਸਰੂਪ ਸਿੰਗਲਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮਹੇਸ਼ਵਰੀ ਕਲੋਨੀ ਦੇ ਵਸਨੀਕ ਰਾਕੇਸ਼ ਗੋਇਲ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 318(4) ਅਤੇ 61(2) ਤਹਿਤ ਕੇਸ ਦਰਜ ਕੀਤਾ ਸੀ। ਬਠਿੰਡਾ ਵਾਸੀ ਰਾਮ ਸਰੂਪ ਸਿੰਗਲਾ ਤੋਂ ਟੋਲ ਪਲਾਜ਼ੇ ਦਾ ਲਾਇਸੈਂਸ ਅਤੇ ਟੈਂਡਰ ਦਿਵਾਉਣ ਦੇ ਨਾਂ ’ਤੇ ਕਰੀਬ 2.40 ਕਰੋੜ ਰੁਪਏ ਠੱਗੇ ਗਏ ਸਨ। ਏਦਾਂ ਹੀ ਦਿੱਲੀ ਵਾਸੀ ਮਨੀਸ਼ ਗੁਪਤਾ ਨਾਲ ਫਰਜ਼ੀ ਟੋਲ ਟੈਂਡਰਾਂ ਵਿੱਚ ਨਿਵੇਸ਼ ਕਰਵਾਉਣ ਦੇ ਨਾਂ ’ਤੇ 7.40 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਮੁਲਜ਼ਮ ਰਾਕੇਸ਼ ਗੋਇਲ ਨੇ ਠੱਗੀ ਨੂੰ ਅੰਜਾਮ ਦੇਣ ਲਈ ਧਾਰਮਿਕ ਆਸਥਾ ਅਤੇ ਮਨੋਵਿਗਿਆਨ ਦਾ ਸਹਾਰਾ ਲਿਆ ਸੀ। ਉਹ ਖ਼ੁਦ ਨੂੰ ਖਾਟੂ ਸ਼ਿਆਮ ਦਾ ਵੱਡਾ ਭਗਤ ਦੱਸਦਾ ਸੀ। ਸ਼ਰਧਾਲੂਆਂ ਨੂੰ ਡੀਲਕਸ ਬੱਸਾਂ ਰਾਹੀਂ ਖਾਟੂ ਸ਼ਿਆਮ ਦੀ ਯਾਤਰਾ ਕਰਵਾਉਂਦਾ ਅਤੇ ਰਸੂਖ ਦਿਖਾਉਣ ਲਈ ਸੋਸ਼ਲ ਮੀਡੀਆ ’ਤੇ ਨਾਮੀ ਭਜਨ ਗਾਇਕਾਂ ਤੇ ਕਥਾਵਾਚਕਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਸੀ।
ਮਾਮਲਾ ਸਾਹਮਣੇ ਆਉਣ ਤੋਂ ਕੱੁਝ ਮਹੀਨੇ ਪਹਿਲਾਂ ਰਕੇਸ਼ ਗੋਇਲ ਨੇ ਬਰਨਾਲਾ ਬਾਈਪਾਸ ਸਥਿਤ ਇਕ ਪੈਲੇਸ ਵਿੱਚ 30 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਵਿਸ਼ਾਲ ਜਾਗਰਣ ਵੀ ਕਰਵਾਇਆ ਸੀ, ਜਿੱਥੇ ਉਸ ਦੀ ਕਈ ਕਾਰੋਬਾਰੀਆਂ ਨਾਲ ਜਾਣ-ਪਛਾਣ ਹੋਈ ਸੀ। ਲੋਕਾਂ ਦਾ ਭਰੋਸਾ ਜਿੱਤਣ ਲਈ ਉਹ ਉਨ੍ਹਾਂ ਦੀਆਂ ਗੱਡੀਆਂ ’ਤੇ ‘ਜ਼ੀਰੋ ਬੈਲੇਂਸ’ ਫਾਸਟੈਗ ਲਗਵਾ ਦਿੰਦਾ ਸੀ। ਅਸਲ ਵਿੱਚ ਉਹ ਆਪਣੇ ਮੋਬਾਈਲ ਤੋਂ ਖ਼ੁਦ ਪੈਸੇ ਖਰਚ ਕੇ ਫਾਸਟੈਗ ਰੀਚਾਰਜ ਕਰਦਾ ਸੀ, ਤਾਂ ਜੋ ਲੋਕਾਂ ਨੂੰ ਇਹ ਵਿਸ਼ਵਾਸ ਹੋ ਸਕੇ ਕਿ ਐੱਨਐੱਚਏਆਈ ਵਿੱਚ ਉਸ ਦੀ ਸਿੱਧੀ ਪਹੁੰਚ ਹੈ ਅਤੇ ਉਨ੍ਹਾਂ ਦੀਆਂ ਗੱਡੀਆਂ ਟੋਲ ਪਲਾਜ਼ਿਆਂ ਤੋਂ ਬਿਨਾਂ ਟੋਲ ਫੀਸ ਦਿੱਤੇ ਲੰਘ ਰਹੀਆਂ ਹਨ। ਮੁਲਜ਼ਮ ਨੇ ਐੱਨਐੱਚਏਆਈ ਦੇ ਨਾਂ ’ਤੇ ਜਾਅਲੀ ਬੈਂਕ ਖਾਤਾ , ਫਰਜ਼ੀ ਯੂਟੀਆਈ ਨੰਬਰ ਅਤੇ ਲੈਟਰਹੈੱਡ ਤਿਆਰ ਕੀਤੇ ਹੋਏ ਸਨ। ਲੋਕਾਂ ’ਤੇ ਆਪਣਾ ਰੋਹਬ ਪਾਉਣ ਲਈ ਮੁਲਜਮ ਰਕੇਸ਼ ਗੋਇਲ ਅਕਸਰ ਸਰਕਾਰੀ ਪਛਾਣ ਦਰਸਾਉਣ ਵਾਲੇ ਲੇਬਲ ਲੱਗੀਆਂ ਗੱਡੀਆਂ ਵਰਤਦਾ ਸੀ।
ਜਾਣਕਾਰੀ ਅਨੁਸਾਰ ਮੁਲਜਮ ਸ਼ੁਰੂਆਤ ਵਿੱਚ ਨਿਵੇਸ਼ਕਾਂ ਨੂੰ 5 ਤੋਂ 10 ਫ਼ੀਸਦੀ ਤੱਕ ਮੁਨਾਫ਼ਾ ਦੇਕੇ ਉਨ੍ਹਾਂ ਦਾ ਭਰੋਸਾ ਜਿੱਤਦਾ ਸੀ। ਇਸ ਤੋਂ ਬਾਅਦ ਦੇਸ਼ ਭਰ ਦੇ 865 ਟੋਲ ਪਲਾਜ਼ਿਆਂ, ਖ਼ਾਸ ਕਰਕੇ ਹਿਮਾਚਲ, ਕੀਰਤਪੁਰ ਰੋਡ ਅਤੇ ਛੱਤੀਸਗੜ੍ਹ ਵਿੱਚ ਭਾਰੀ ਮੁਨਾਫ਼ੇ ਦਾ ਲਾਲਚ ਦੇਕੇ ਰਕਮ ਨਕਦ ਵਸੂਲੀ ਜਾਂਦੀ ਸੀ। ਜਦੋਂ ਪੀੜਤਾਂ ਨੇ ਆਪਣੀ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਮੁਲਜ਼ਮ ਨੇ ਵਟਸਐਪ ਰਾਹੀਂ ਖ਼ੁਦਕੁਸ਼ੀ ਕਰਨ ਦੀ ਧਮਕੀ ਵਾਲੀਆਂ ਕਥਿਤ ਫਰਜ਼ੀ ਵੀਡੀਓ ਭੇਜਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਡਰ ਦਿਖਾਇਆ। ਖ਼ੁਦ ’ਤੇ ਪੈਟਰੋਲ ਪਾਉਣ ਦਾ ਡਰਾਮਾ ਕਰਕੇ ਉਹ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋ ਜਾਂਦਾ ਸੀ। ਉਸ ਦੇ ਸਾਥੀ ਸ਼ਿਕਾਇਤਕਰਤਾਵਾਂ ਨੂੰ ਡਰਾਉਂਦੇ ਸਨ ਕਿ ਜੇਕਰ ਰਾਕੇਸ਼ ਨੂੰ ਕੁੱਝ ਹੋ ਗਿਆ ਤਾਂ ਉਹ ਕਾਨੂੰਨੀ ਝੰਜਟ ਵਿੱਚ ਫਸ ਜਾਣਗੇ। ਮੁਲਜ਼ਮ ’ਤੇ ਡਿਜੀਟਲ ਡਾਟਾ ਮਿਟਾਉਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾਉਣ ਦੀ ਸਾਜ਼ਿਸ਼ ਰਚਣ ਵਰਗੇ ਗੰਭੀਰ ਦੋਸ਼ ਵੀ ਹਨ।
ਪਤਨੀ , ਸਾਲੇ ਸਮੇਤ ਪੂਰਾ ਗਿਰੋਹ ਨਾਮਜ਼ਦ
ਪੁਲਿਸ ਮੁਤਾਬਕ ਇਸ ਪੂਰੇ ਗਿਰੋਹ ਵਿੱਚ ਮੁੱਖ ਮੁਲਜ਼ਮ ਰਕੇਸ਼ ਗੋਇਲ ਤੋਂ ਇਲਾਵਾ ਉਸ ਦੀ ਪਤਨੀ ਸ਼ੈਫਾਲੀ ਗੋਇਲ, ਸਾਲਾ ਦਵਿੰਦਰ ਗਰਗ, ਜੀਜਾ, ਡਰਾਈਵਰ ਗੁਰਦੀਪ ਅਤੇ ਸੈਲੂਨ ਚਲਾਉਣ ਵਾਲਾ ਇੱਕ ਦੋਸਤ ਵੀ ਸ਼ਾਮਲ ਸੀ। ਮੁੱਖ ਮੁਲਜ਼ਮ ਰਾਕੇਸ਼ ਗੋਇਲ ਅਗਸਤ 2026 ਤੋਂ ਜੇਲ੍ਹ ਵਿੱਚ ਬੰਦ ਹੈ, ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
- Download Babushahi App
-
-