ਗੁਜਰਾਤ ਵਿੱਚ ਗਊ ਹੱਤਿਆ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ, ਅਦਾਲਤ ਨੇ ਮਨੁਸਮ੍ਰਿਤੀ ਅਤੇ ਹਿੰਦੂ ਗ੍ਰੰਥਾਂ ਦਾ ਦਿੱਤਾ ਹਵਾਲਾ
ਬਾਬੂਸ਼ਾਹੀ ਬਿਊਰੋ
ਗਾਂਧੀਨਗਰ, 29 ਅਕਤੂਬਰ, 2026: ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ 277 ਕਿਲੋਗ੍ਰਾਮ ਬੀਫ ਰੱਖਣ ਅਤੇ ਗਊ ਹੱਤਿਆ ਦੇ ਮਾਮਲੇ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਤਿੰਨ ਵਿਅਕਤੀਆਂ—ਵਸੀਮ ਕੁਰੈਸ਼ੀ, ਮੁਹੰਮਦ ਰਫ਼ੀਕ ਕੁਰੈਸ਼ੀ ਅਤੇ ਅਸਫ਼ਾਕ ਬਹਿਲਿਮ—ਨੂੰ ਉਮਰ ਕੈਦ ਦੀ ਸਜ਼ਾ ਅਤੇ ਹਰੇਕ ਨੂੰ 3 ਲੱਖ ਰੁਪਏ ਜੁਰਮਾਨਾ ਕੀਤਾ ਹੈ। ਵਧੀਕ ਸੈਸ਼ਨ ਜੱਜ ਬੀ.ਆਰ. ਰਾਜਪੂਤ ਨੇ ਆਪਣੇ ਫ਼ੈਸਲੇ ਵਿੱਚ ਪ੍ਰਾਚੀਨ ਸੰਸਕ੍ਰਿਤ ਗ੍ਰੰਥ ਮਨੁਸਮ੍ਰਿਤੀ, ਵੇਦਾਂ ਅਤੇ ਹੋਰ ਹਿੰਦੂ ਗ੍ਰੰਥਾਂ ਦਾ ਹਵਾਲਾ ਦਿੰਦਿਆਂ ਗਾਂ ਦੇ ਧਾਰਮਿਕ ਮਹੱਤਵ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਗਾਂ ਨੂੰ 'ਸੰਸਾਰ ਦੀ ਮਾਤਾ' ਅਤੇ ਧਰਮ ਦਾ ਥੰਮ੍ਹ ਮੰਨਿਆ ਜਾਂਦਾ ਹੈ।
ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਰਾਜ ਵਿੱਚ ਗਊ ਹੱਤਿਆ ਕਰਨ ਵਾਲਿਆਂ ਲਈ ਇੱਕ ਸਪੱਸ਼ਟ ਸੰਦੇਸ਼ ਹੈ ਕਿ ਕਾਨੂੰਨ ਅਜਿਹੇ ਅਪਰਾਧਾਂ ਨੂੰ ਕਦੇ ਨਹੀਂ ਬਖਸ਼ੇਗਾ। ਜ਼ਿਕਰਯੋਗ ਹੈ ਕਿ ਗੁਜਰਾਤ ਪਸ਼ੂ ਸੰਭਾਲ ਐਕਟ, 1954 ਵਿੱਚ 2017 ਦੀ ਸੋਧ ਤਹਿਤ ਗੁਜਰਾਤ ਸਰਕਾਰ ਨੇ ਗਊ ਹੱਤਿਆ ਦੇ ਦੋਸ਼ੀਆਂ ਲਈ ਸਜ਼ਾ ਵਧਾ ਕੇ ਉਮਰ ਕੈਦ ਕੀਤੀ ਸੀ, ਜਿਸ ਨਾਲ ਇਹ ਅਜਿਹੀ ਸਜ਼ਾ ਦੇਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਸੀ।
- Download Babushahi App
-
-