Mann ਸਰਕਾਰ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਇਆ-ਹਰਪਾਲ ਸਿੰਘ ਚੀਮਾ
-ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਕਰਤਾਰ ਕੰਬਾਇਨ ਵੱਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਬਣਵਾਇਆ ਦੌਲਤ ਸਿੰਘ ਲੋਟੇ ਮੈਮੋਰੀਅਲ ਸਪੋਰਟਸ ਕੰਪਲੈਕਸ ਵਿਦਿਆਰਥੀਆਂ ਨੂੰ ਸਮਰਪਿਤ
-ਕਿਹਾ, ਕਰਤਾਰ ਐਗਰੋ ਇੰਡਸਟਰੀ ਦੀ ਤਰ੍ਹਾਂ ਬਾਕੀ ਉਦਮੀ ਵੀ ਸਮਾਜ ਸੇਵੀ ਕੰਮਾਂ ਲਈ ਅੱਗੇ ਆਉਣ
ਭਾਦਸੋਂ, 30 ਅਕਤੂਬਰ:
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਅੰਦਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਾਇਆ ਹੈ।
ਵਿੱਤ ਮੰਤਰੀ ਨੇ ਅੱਜ ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਕਰਤਾਰ ਕੰਬਾਇਨ ਤੇ ਟ੍ਰੈਕਟਰਜ ਇੰਡਸਟਰੀ ਵੱਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਸ. ਦੌਲਤ ਸਿੰਘ ਲੋਟੇ ਮੈਮੋਰੀਅਲ ਸਪੋਰਟਸ ਕੰਪਲੈਕਸ ਕਰਤਾਰ ਐਗਰੋ ਦੇ ਐਮਡੀ ਤੇ ਚੇਅਰਮੈਨ ਅਮਰਜੀਤ ਸਿੰਘ ਲੋਟੇ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਕਰਤਾਰ ਐਗਰੋ ਦੇ ਡਾਇਰੈਕਟਰਜ ਹਰਵਿੰਦਰ ਸਿੰਘ ਲੋਟੇ, ਹਰਮੀਤ ਸਿੰਘ ਲੋਟੇ, ਮਨਜੀਤ ਸਿੰਘ ਲੋਟੇ, ਮਨਪ੍ਰੀਤ ਸਿੰਘ ਲੋਟੇ, ਸੁਖਦੇਵ ਸਿੰਘ ਲੋਟੇ, ਇੰਦਰਜੀਤ ਸਿੰਘ ਲੋਟੇ ਤੇ ਪ੍ਰਧਾਨ ਫੀਕੋ ਗੁਰਮੀਤ ਸਿੰਘ ਕੁਲਾਰ ਵੀ ਮੌਜੂਦ ਸਨ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਤਾਰ ਐਗਰੋ ਦੀ ਸਮਾਜ ਸੇਵਾ, ਖਾਸ ਕਰਕੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਤਾਰ ਐਗਰੋ ਪ੍ਰਸਿੱਧ ਕੰਬਾਇਨ ਨਿਰਮਾਤਾ ਕੰਪਨੀ ਹੈ, ਪਰ ਇਸ ਨੇ ਖੇਤੀ ਖੇਤਰ ਦੇ ਨਾਲ-ਨਾਲ ਸਾਡੇ ਵਿਦਿਆਰਥੀਆਂ ਨੂੰ ਇੱਕ ਚੰਗਾ ਵਿੱਦਿਅਕ ਢਾਂਚਾ ਦੇਣ ਲਈ ਸਰਕਾਰ ਨਾਲ ਹੱਥ ਵਟਾਇਆ ਹੈ। ਚੀਮਾ ਨੇ ਕਿਹਾ ਕਿ ਬਾਕੀ ਉਦਯੋਗਿਕ ਘਰਾਣੇ ਵੀ ਕਰਤਾਰ ਐਗਰੋ ਦੀ ਤਰ੍ਹਾਂ ਸਮਾਜ ਸੇਵਾ ਲਈ ਆਪਣਾ ਹੱਥ ਅੱਗੇ ਵਧਾਉਣ ਤਾਂ ਸੋਨੇ ਉਪਰ ਸੁਹਾਗੇ ਵਰਗੀ ਗੱਲ ਬਣ ਜਾਂਦੀ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਅਤੇ ਸਿਹਤ ਨੂੰ ਆਪਣੀਆਂ ਮੋਹਰੀ ਤਰਜੀਹਾਂ ਵਿੱਚ ਸ਼ਾਮਲ ਕੀਤਾ ਤਾਂ ਅੱਜ ਸੂਬਾ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਗਿਆ ਅਤੇ ਸਾਰੇ ਪੰਜਾਬ ਵਿੱਚ ਬਣਾਏ ਗਏ ਸਕੂਲ ਆਫ਼ ਐਮੀਨੈਂਸ ਸਿੱਖਿਆ ਪ੍ਰਦਾਨ ਲਈ ਨਵੇਂ ਮੀਲ ਪੱਥਰ ਸਥਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਤੇ 361 ਵਿਦਿਆਰਥੀਆਂ ਨੇ ਜੇਈਈ ਮੇਨਜ ਤੇ 64 ਨੇ ਜੇਈਈ ਐਡਵਾਂਸ ਦਾ ਇਮਿਤਹਾਨ ਪਾਸ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿਸ ਨੇ ਪਹਿਲੀ ਤੋਂ 12ਵੀਂ ਜਮਾਤ ਤੱਕ 'ਆਰਟੀਫੀਸ਼ੀਅਲ ਇੰਟੈਲੀਜੈਂਸ' (ਏਆਈ) ਨੂੰ ਇੱਕ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਹੈ। ਇਸ ਤੋਂ ਬਿਨ੍ਹਾਂ ਨੀਤੀ ਆਯੋਗ ਦੀ 'ਸਿੱਖਿਆ ਗੁਣਵੱਤਾ ਰਿਪੋਰਟ 2026' ਵਿੱਚ ਪੰਜਾਬ ਨੂੰ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਸ਼ਾਮਲ ਕੀਤਾ ਸੀ। ਜਦਕਿ, ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ (ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ) ਦੁਆਰਾ ਜਾਰੀ 'ਪਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0' (ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ, 2024-25) ਵਿੱਚ ਵੀ ਪੰਜਾਬ ਦੇਸ਼ ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ।
ਹਰਪਾਲ ਸਿੰਘ ਚੀਮਾ ਨੇ ਉਮੀਦ ਪ੍ਰਗਟਾਈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਰਾਜ ਅੰਦਰ 3000 ਤੋਂ ਵਧੇਰੇ ਖੇਡ ਦੇ ਮੈਦਾਨ ਬਣਾਕੇ ਸੂਬੇ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਯਤਨ ਕੀਤੇ ਉਸੇ ਤਰ੍ਹਾਂ ਹੀ ਭਾਦਸੋਂ ਵਿਖੇ ਬਣਾਇਆ ਗਿਆ ਸ. ਦੌਲਤ ਸਿੰਘ ਲੋਟੇ ਮੈਮੋਰੀਅਲ ਸਪੋਰਟਸ ਕੰਪਲੈਕਸ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰਨ ਲਈ ਇੱਕ ਬਿਹਤਰੀਨ ਸੁਵਿਧਾ ਤੇ ਮਾਹੌਲ ਪ੍ਰਦਾਨ ਕਰੇਗਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਸੇਵਕ ਸਿੰਘ ਅਤੇ ਸਕੂਲ ਪ੍ਰਿੰਸੀਪਲ ਪ੍ਰੀਤਿੰਦਰ ਘਈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਵੱਲੋਂ ਅਮਰਜੀਤ ਸਿੰਘ ਲੋਟੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਅਧਿਆਪਕ, ਮਾਪੇ ਤੇ ਵਿਦਿਆਰਥੀਆਂ ਸਮੇਤ ਲੋਟੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।
- Download Babushahi App
-
-