ਸਰੀ ਵਿੱਚ ਨਰਿੰਦਰ ਸਿੰਘ ਰੰਧਾਵਾ ਦੇ ਘਰ ਬਾਹਰ ਹੋਏ ਹਮਲੇ ਦੀ ਅਮਰੀਕਾ ਭਰ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ
ਡਾਇਸਪੋਰਾ ਸੰਘਰਸ਼ੀ ਸਿੱਖਾਂ ਉੱਪਰ ਹੋ ਰਹੇ ਹਮਲਿਆਂ ਦੇ ਪਿੱਛੇ ਭਾਰਤੀ ਸਾਜ਼ਿਸ਼ ਹੋਣ ਦਾ ਸ਼ੱਕ
ਜਲਦ ਤੋਂ ਜਲਦ ਸੱਚ ਸਾਹਮਣੇ ਲਿਆਂਦਾ ਜਾਵੇ
ਬਾਬੂਸ਼ਾਹੀ ਬਿਊਰੋ
ਨਿਊਯਾਰਕ 30 ਅਕਤੂਬਰਃ ਸਿੱਖ ਕੋਆਰਡੀਨੇਸ਼ਨ ਕਮੇਟੀ ਯੂਐਸਏ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਾ ਭਰ ਦੀਆਂ ਸਮੂਹ ਪੰਥਕ ਜਥੇਬੰਦੀਆਂ ਸਰੀ, ਕੈਨੇਡਾ ਵਿੱਚ ਸ. ਨਰਿੰਦਰ ਸਿੰਘ ਰੰਧਾਵਾ ਦੇ ਘਰ ਬਾਹਰ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 28 ਅਕਤੂਬਰ ਦੀ ਰਾਤ 11:50 ਵਜੇ ਉਨ੍ਹਾਂ ਦੇ ਘਰ ਬਾਹਰ ਖੜ੍ਹੀ ਟੀਮ ਸ਼ਹੀਦ ਨਿੱਝਰ ਦੀ ਬੱਸ ਉੱਤੇ ਸਪਰੇਅ ਪੇਂਟ ਕੀਤਾ ਗਿਆ ਅਤੇ ਉਨ੍ਹਾਂ ਦੀ ਨਿੱਜੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਅਸੀਂ ਕੈਨੇਡੀਅਨ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਇਸ ਹਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਬਣਾਇਆ ਜਾਵੇ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿੱਖ ਕਾਰਕੁਨਾਂ ਨਾਲ ਵਾਪਰੀਆਂ ਘਟਨਾਵਾਂ ਨੇ ਡਾਇਸਪੋਰਾ ਸਿੱਖਾਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ—ਯੂਕੇ ਵਿੱਚ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਭੇਦਭਰੀ ਮੌਤ, ਅਤੇ ਪਾਕਿਸਤਾਨ ਵਿੱਚ ਹਮਲਾਵਰਾਂ ਵੱਲੋਂ ਸ਼ਹੀਦ ਪਰਮਜੀਤ ਸਿੰਘ ਪੰਜਵੜ ਦਾ ਕਤਲ, ਇਨਾਂ ਦੋਵਾਂ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੇ ਦੋਸ਼ ਲੱਗੇ ਹਨ। ਅਤੇ ਕੈਨੇਡਾ ਵਿੱਚ ਸ਼ਹੀਦ ਹਰਦੀਪ ਸਿੰਘ ਨਿੱਝਰ ਦਾ ਭਾਰਤੀ ਏਜੰਸੀਆਂ ਵੱਲੋਂ ਕਰਵਾਇਆ ਗਿਆ ਕਤਲ। ਇਨ੍ਹਾਂ ਮਾਮਲਿਆਂ ਦੇ ਤੱਥ ਅਤੇ ਜਾਂਚਾਂ ਵੱਖ-ਵੱਖ ਹਨ। ਕੈਨੇਡਾ ਦੀ ਸਰਕਾਰ ਨੇ ਨਿੱਝਰ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਨਾਲ ਸਬੰਧਾਂ ਬਾਰੇ ਗੰਭੀਰ ਦੋਸ਼ ਜਨਤਕ ਕੀਤੇ ਹਨ। ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਸਮੇਤ ਕਈ ਸੀਨੀਅਰ ਖਾਲਿਸਤਾਨੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸਬੰਧੀ ਨਿਖਿਲ ਗੁਪਤਾ ਨੇ ਫਰਵਰੀ 2026 ਵਿੱਚ ਦੋਸ਼ ਕਬੂਲੇ; ਅਮਰੀਕੀ ਨਿਆਂ ਵਿਭਾਗ ਨੇ ਇਸ ਸਾਜ਼ਿਸ਼ ਨੂੰ ਭਾਰਤੀ ਸਰਕਾਰੀ ਕਰਮਚਾਰੀ ਦੇ ਨਿਰਦੇਸ਼ ਨਾਲ ਜੋੜਿਆ ਹੈ ਅਤੇ ਉਸ ਕਰਮਚਾਰੀ ਵਿਰੁੱਧ ਵੀ ਦੋਸ਼ ਦਰਜ ਕੀਤੇ ਗਏ ਹਨ। ਸਾਡਾ ਮੰਨਣਾ ਹੈ ਕਿ ਅਜਿਹੀਆਂ ਧਮਕੀਆਂ ਅਤੇ ਹਮਲਿਆਂ ਰਾਹੀਂ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਵਾਉਣ ਅਤੇ ਸਵੈ-ਨਿਰਣੇ ਦੇ ਹੱਕ ਲਈ ਉੱਠ ਰਹੀ ਸਿੱਖ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਅਸੀਂ ਸ. ਨਰਿੰਦਰ ਸਿੰਘ ਰੰਧਾਵਾ ਅਤੇ ਦੁਨੀਆ ਭਰ ਵਿੱਚ ਇਸ ਸੰਘਰਸ਼ ਨਾਲ ਜੁੜੇ ਹਰ ਸਿੱਖ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਧਮਕੀਆਂ ਅਤੇ ਹਮਲਿਆਂ ਦਾ ਸਾਡਾ ਜਵਾਬ ਹਿੰਸਾ ਨਹੀਂ ਹੋਵੇਗਾ; ਅਸੀਂ ਲੋਕਾਂ ਦੀ ਇਕਜੁੱਟਤਾ, ਸ਼ਾਂਤਮਈ ਲੋਕ-ਸੰਘਰਸ਼ ਅਤੇ ਵੋਟ ਦੀ ਤਾਕਤ ਰਾਹੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਇਹ ਸੰਘਰਸ਼ ਰੁਕਣ ਵਾਲਾ ਨਹੀਂ, ਸਗੋਂ ਖਾਲਿਸਤਾਨ ਦੀ ਅਜ਼ਾਦੀ ਤੱਕ ਸਿੱਖ ਕੌਮ ਦਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਖਾਲਿਸਤਾਨ ਜ਼ਿੰਦਾਬਾਦ। ਸ. ਹਿੰਮਤ ਸਿੰਘ, ਕੋਆਰਡੀਨੇਟਰ (ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ), ਡਾ. ਪ੍ਰਿਤਪਾਲ ਸਿੰਘ ਕੋਆਰਡੀਨੇਟਰ (ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ (ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ)
- Download Babushahi App
-
-