ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਜਖਵਾਲੀ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ
ਪੰਚਾਇਤੀ ਘਰ ਅਤੇ ਗੁੱਗਾ ਮਾੜੀ ਵਿਖੇ ਮਾਡਰਨ ਸੱਥ ਦਾ ਕੀਤਾ ਉਦਘਾਟਨ, ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ: ਵਿਧਾਇਕ ਰਾਏ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 17 ਅਕਤੂਬਰ 2026:-
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਅਧੀਨ ਪੈਂਦੇ ਪਿੰਡ ਜਖਵਾਲੀ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਗੁੱਗਾ ਮਾੜੀ ਵਿਖੇ ਬਣਾਈ ਗਈ ਮਾਡਰਨ ਸੱਥ ਅਤੇ ਪੰਚਾਇਤੀ ਘਰ ਵਿੱਚ ਤਿਆਰ ਕੀਤੇ ਗਏ ਵੱਡੇ ਹਾਲ ਸਮੇਤ ਬਿਜਲੀ ਦੀ ਫਿਟਿੰਗ, ਪੱਖਿਆਂ, ਦਰਵਾਜ਼ਿਆਂ ਅਤੇ ਖਿੜਕੀਆਂ ਆਦਿ ਦੇ ਕੰਮਾਂ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸਰਪੰਚ ਗੁਰਦੀਪ ਸਿੰਘ ਜਖਵਾਲੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਪਿੰਡ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਕੰਮ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਇਸ ਲਈ ਸਮੁੱਚਾ ਪਿੰਡ ਵਧਾਈ ਦਾ ਹੱਕਦਾਰ ਹੈ।
ਵਿਧਾਇਕ ਨੇ ਦੱਸਿਆ ਕਿ ਪਿੰਡ ਵਿੱਚ ਤਿਆਰ ਕੀਤਾ ਜਾ ਰਿਹਾ ਖੇਡ ਮੈਦਾਨ ਲਗਭਗ ਮੁਕੰਮਲ ਹੋ ਚੁੱਕਾ ਹੈ। ਖਿਡਾਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਵਾਲੀਬਾਲ, ਫੁੱਟਬਾਲ ਅਤੇ ਹੋਰ ਖੇਡਾਂ ਲਈ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਇਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਆਪਣੇ ਪਿੰਡ ਵਿੱਚ ਹੀ ਖੇਡਾਂ ਦਾ ਅਭਿਆਸ ਕਰਨ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਵਧੀਆ ਮੌਕੇ ਮਿਲਣਗੇ।
ਇਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜ ਸਰਕਾਰ ਅਤੇ ਵਿਧਾਇਕ ਦੇ ਸਹਿਯੋਗ ਸਦਕਾ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਪਿੰਡ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਬੱਸ ਅੱਡੇ ਵਿਖੇ ਸ਼ਾਨਦਾਰ ਬੱਸ ਸਟੈਂਡ ਅਤੇ ਜਨਤਕ ਪਖਾਨੇ ਬਣਾਉਣ ਦੀ ਯੋਜਨਾ ਹੈ, ਜਿਨ੍ਹਾਂ ਨਾਲ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਸਹੂਲਤ ਮਿਲੇਗੀ। ਸਰਪੰਚ ਨੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਸਮੇਤ ਸਮੁੱਚੀ ਗ੍ਰਾਮ ਪੰਚਾਇਤ, ਹਰਮੇਸ਼ ਸਿੰਘ ਛੰਨਾ, ਮਨਦੀਪ ਸਿੰਘ ਪੋਲਾ, ਕੁਲਵਿੰਦਰ ਕਿੰਦਾ, ਪ੍ਰੇਮ ਸਿੰਘ, ਰਣਜੀਤ ਸਿੰਘ, ਮੇਹਰ ਸਿੰਘ, ਸਕਿੰਦਰ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਕਾਲਾ ਬਾਬਾ, ਹਰਿੰਦਰ ਸਿੰਘ ਛੰਨਾ, ਤੀਰਥ ਗੁਣੀਆ ਮਾਜਰਾ, ਜੱਸੀ ਪਟਿਆਲਾ, ਨਰੰਗ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਸੈਕਟਰੀ, ਹਰਿੰਦਰ ਸਿੰਘ, ਰਿੰਕਾ ਬਾਵਾ, ਪਰਮਜੀਤ ਸਿੰਘ, ਮੇਘ ਨਾਥ, ਘੋਲਾ ਲੰਬੜਦਾਰ, ਸੁੱਚਾ ਸਿੰਘ, ਪ੍ਰਭੂ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
- Download Babushahi App
-
-